ਲੁੱਟਾਂ-ਖੋਹਾਂ ਕਰਨ ਵਾਲੇ 2 ਗਿਰੋਹਾਂ ਦੇ 6 ਮੈਂਬਰ ਗ੍ਰਿਫਤਾਰ
Thursday, Oct 18, 2018 - 07:10 PM (IST)
ਲੁਧਿਆਣਾ,(ਮਹੇਸ਼)— ਜ਼ਿਲਾ ਪੁਲਸ ਨੇ ਚੋਰੀਆਂ ਅਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 2 ਗਿਰੋਹਾਂ ਦੇ 6 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ 54 ਮੋਬਾਈਲ, ਚਾਂਦੀ ਦੇ ਗਹਿਣੇ, ਚੋਰੀਸ਼ੁਦਾ ਮੋਟਰਸਾਈਕਲ ਅਤੇ ਹੋਰ ਸਮਾਨ ਬਰਾਮਦ ਕੀਤਾ ਹੈ। ਬਰਾਮਦ ਕੀਤੇ ਗਏ ਮੋਬਾਇਲਾਂ ਦੀ ਕੀਮਤ 10 ਲੱਖ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ। ਫੜੇ ਗਏ ਦੋਸ਼ੀਆਂ 'ਚੋਂ 3 ਝਾਰਖੰਡ ਇਲਾਕੇ ਦੇ ਹਨ, ਜੋ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਨੀਅਤ ਤੋਂ ਤਿਉਹਾਰੀ ਸੀਜ਼ਨ 'ਚ ਵਿਸ਼ੇਸ਼ ਤੌਰ 'ਤੇ ਲੁਧਿਆਣਾ ਆਏ ਸਨ। ਫੜੇ ਗਏ ਦੋਸ਼ੀਆਂ ਦੀ ਪਛਾਣ ਸ਼ਿਮਲਾਪੁਰੀ ਦਸ਼ਮੇਸ਼ ਨਗਰ ਦੇ ਸੋਨੀ ਯਾਦਵ, ਸੰਜੂ ਸੋਨੀ, ਪਿੰਡ ਲੋਹਾਰਾ ਦੇ ਸ਼ੌਕੀ ਖਾਨ, ਝਾਰਖੰਡ ਦੇ ਜ਼ਿਲਾ ਸਾਹਿਬਗੰਜ ਦੇ ਸ਼ਿਵ ਕੁਮਾਰ ਮਹੰਤਾਂ, ਦੇਵ ਕੁਮਾਰ ਅਤੇ ਸ਼ਿਵਜੀ ਮਹੰਤੋ ਦੇ ਰੂਪ 'ਚ ਹੋਈ ਹੈ, ਜਦਕਿ ਇਨ੍ਹਾਂ ਦੇ 2 ਸਾਥੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ।
ਨਾਕਾਬੰਦੀ ਦੌਰਾਨ ਫੜੇ ਦੋਸ਼ੀ
ਐਡੀਸ਼ਨਲ ਡੀ. ਸੀ. ਪੀ. ਗੁਰਪ੍ਰੀਤ ਸਿੰਘ ਸਿਕੰਦ, ਅਸਿਸਟੈਂਟ ਸੀ. ਪੀ. ਲਖਵੀਰ ਸਿੰਘ ਟਿਵਾਣਾ ਨੇ ਪ੍ਰੈੱਸ ਕਾਨਫਰੰਸ 'ਚ ਦੱਸਿਆ ਕਿ ਫੈਸਟੀਵਲ ਸੀਜ਼ਨ 'ਚ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਝਾਰਖੰਡ ਤੋਂ ਲੁਧਿਆਣਾ ਆਏ 5 ਮੈਂਬਰ ਗਿਰੋਹ ਦੇ 3 ਮੈਂਬਰ ਨੂੰ ਸਲੇਮ ਟਾਬਰੀ ਥਾਣਾ ਇੰਚਾਰਜ ਵਿਜੇ ਸ਼ਰਮਾ ਦੀ ਟੀਮ ਨੇ ਮੈਟਰੋ ਸਟੋਰ ਨੇੜੇ ਨਾਕਾਬੰਦੀ ਦੌਰਾਨ ਕਾਬੂ ਕੀਤਾ।
