ਲੁੱਟ-ਖੋਹ ਅਤੇ ਮੋਬਾਈਲ ਫੋਨ ਚੋਰੀ ਕਰਨ ਵਾਲੇ 2 ਕਾਬੂ

Thursday, May 14, 2026 - 06:04 PM (IST)

ਲੁੱਟ-ਖੋਹ ਅਤੇ ਮੋਬਾਈਲ ਫੋਨ ਚੋਰੀ ਕਰਨ ਵਾਲੇ 2 ਕਾਬੂ

ਮੋਗਾ (ਆਜ਼ਾਦ) : ਮੋਗਾ ਪੁਲਸ ਵੱਲੋਂ ਗਲਤ ਅਨਸਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਥਾਣਾ ਸਿਟੀ ਸਾਊਥ ਪੁਲਸ ਨੇ ਲੁੱਟ-ਖੋਹ ਅਤੇ ਮੋਬਾਈਲ ਫੋਨ ਚੋਰੀ ਅਤੇ ਖੋਹਣ ਦੀ ਯੋਜਨਾ ਬਣਾ ਰਹੇ 2 ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਮੋਗਾ ਦੇ ਇੰਚਾਰਜ ਇੰਸਪੈਕਟਰ ਵਰੁਣ ਕੁਮਾਰ ਨੇ ਦੱਸਿਆ ਕਿ ਜਦੋਂ ਮੋਗਾ ਪੁਲਸ ਦੇ ਹੌਲਦਾਰ ਨਰਿੰਦਰਜੀਤ ਸਿੰਘ ਦੇਰ ਰਾਤ ਪੁਲਸ ਪਾਰਟੀ ਸਮੇਤ ਜ਼ੀਰਾ ਰੋਡ ਮੋਗਾ ’ਤੇ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਵਾਹਿਗੁਰੂ ਪਾਲ ਸਿੰਘ ਉਰਫ ਪਾਲਾ ਅਤੇ ਸਤਨਾਮ ਸਿੰਘ ਉਰਫ ਸੱਤਾ, ਦੋਵੇਂ ਵਸਨੀਕ ਪਿੰਡ ਅਮਰਗੜ੍ਹ ਕਲੇਰ ਜਗਰਾਉਂ, ਜੋ ਨਸ਼ੇੜੀ ਕਿਸਮ ਦੇ ਵਿਅਕਤੀ ਹਨ ਅਤੇ ਚੋਰੀਆਂ ’ਤੇ ਲੁੱਟ-ਖੋਹ ਕਰਨ ਦੇ ਆਦੀ ਹਨ, ਅੱਜ ਵੀ ਮੋਗਾ ਵਿਚ ਕਿਸੇ ਲੁੱਟ-ਖੋਹ ਦੀ ਯੋਜਨਾ ਨੂੰ ਅੰਜਾਮ ਦੇਣ ਲਈ ਘੁੰਮ ਰਹੇ ਹਨ।

ਇਸ ’ਤੇ ਪੁਲਸ ਨੇ ਦੱਸੇ ਗਏ ਸਥਾਨ ’ਤੇ ਛਾਪੇਮਾਰੀ ਕਰਕੇ ਉਕਤ ਦੋਵਾਂ ਨੂੰ ਕਾਬੂ ਕਰ ਲਿਆ ਅਤੇ ਉਨ੍ਹਾਂ ਦੇ ਕਬਜ਼ੇ ’ਚੋਂ 3 ਮੋਬਾਈਲ ਫੋਨ ਅਤੇ ਇਕ ਤੇਜ਼ਧਾਰ ਗੰਡਾਸੀ ਵੀ ਬਰਾਮਦ ਕੀਤੀ। ਦੋਵਾਂ ਖ਼ਿਲਾਫ਼ ਥਾਣਾ ਸਿਟੀ ਪੁਲਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਪੁੱਛਗਿੱਛ ਤੋਂ ਬਾਅਦ ਉਨ੍ਹਾਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਨੇ ਉਨ੍ਹਾਂ ਨੂੰ ਜੁਡੀਸ਼ੀਅਲ ਹਿਰਾਸਤ ਵਿਚ ਭੇਜਣ ਦੇ ਹੁਕਮ ਜਾਰੀ ਕੀਤੇ।


author

Gurminder Singh

Content Editor

Related News