ਜਬਰ-ਜ਼ੁਲਮ ਵਿਰੋਧੀ ਫਰੰਟ ਨੇ ਲਾਇਆ ਥਾਣਾ ਸਦਰ ਦੇ ਬਾਹਰ ਧਰਨਾ

Tuesday, Sep 11, 2018 - 06:35 AM (IST)

ਜਬਰ-ਜ਼ੁਲਮ ਵਿਰੋਧੀ ਫਰੰਟ ਨੇ ਲਾਇਆ ਥਾਣਾ ਸਦਰ ਦੇ ਬਾਹਰ ਧਰਨਾ

ਨਾਭਾ,(ਜਗਨਾਰ, ਭੂਪਾ, ਪੁਰੀ, ਜੈਨ)- ਸਹੁਰਿਆਂ ਦੇ ਤਸ਼ੱਦਦ ਦੀ ਸ਼ਿਕਾਰ ਹੋਈ ਰਾਜਦੀਪ ਕੌਰ ਨੇ ਪਿਛਲੇ ਦਿਨੀਂ ਰੋਹਟੀ ਪੁਲ ਨੇਡ਼ੇ ਨਹਿਰ ਵਿਚ ਛਾਲ ਮਾਰ ਦਿੱਤੀ ਸੀ, ਜਿਸ ਨੂੰ ਰਾਹਗੀਰਾਂ ਵੱਲੋਂ ਬਚਾਅ ਲਿਆ ਗਿਆ ਸੀ। ਇਸ ’ਤੇ ਪੀਡ਼ਤ ਰਾਜਦੀਪ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਪੁਲਸ ਨੇ 1 ਸਤੰਬਰ ਨੂੰ ਮੁਕੱਦਮਾ ਉਸ ਦੇ ਸਹੁਰੇ ਪਰਿਵਾਰ ਖਿਲਾਫ ਦਰਜ ਕੀਤਾ ਸੀ। ਅੱਜ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ। ਇਸ ਨੂੰ ਲੈ ਕੇ ਜਬਰ-ਜ਼ੁਲਮ ਵਿਰੋਧੀ ਫਰੰਟ ਨੇ ਅੱਜ ਸਥਾਨਕ ਥਾਣਾ ਸਦਰ ਦੇ ਬਾਹਰ ਧਰਨਾ ਦਿੱਤਾ।  ਉਨ੍ਹਾਂ ਮੰਗ ਕੀਤੀ ਕਿ ਮੁਕੱਦਮੇ ਵਿਚ ਸ਼ਾਮਲ ਵਿਅਕਤੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ। ਪੀਡ਼ਤਾ ਨੂੰ ਇਨਸਾਫ ਦਿਵਾਇਆ ਜਾਵੇ।  
   ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਰਾਜ ਸਿੰਘ ਟੋਡਰਵਾਲ ਨੇ ਕਿਹਾ ਕਿ ਰਾਜਦੀਪ ਕੌਰ ਵਾਸੀ ਧੂਰੀ ਦਾ ਵਿਆਹ 12 ਫਰਵਰੀ 2018 ਨੂੰ ਭਾਦਸੋਂ ਵਿਖੇ ਹੋਇਆ ਸੀ। ਪਿਛਲੇ ਦਿਨੀਂ ਸਹੁਰਿਆਂ ਦੇ ਤਸ਼ੱਦਦ ਤੋਂ ਤੰਗ ਆ ਕੇ ਉਸ ਨੇ ਨਹਿਰ ਵਿਚ ਛਾਲ ਮਾਰ ਦਿੱਤੀ ਸੀ। ਪ੍ਰਸ਼ਾਸਨ ਵੱਲੋਂ ਅੱਜ ਤੱਕ ਪਰਚੇ ਵਿਚ ਦਰਜ ਵਿਅਕਤੀਆਂ ਦੀ ਗ੍ਰਿਫਤਾਰੀ ਨਹੀਂ ਕੀਤੀ ਗਈ। ਉਹ ਕਈ ਵਾਰ ਸਬੰਧਤ ਥਾਣਿਆਂ ਦੇ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ। ਉਨ੍ਹਾਂ ਮੰਗ ਕੀਤੀ ਕਿ ਰਾਜਦੀਪ ਕੌਰ ਨੂੰ ਇਨਸਾਫ ਦੇਣ ਲਈ ਪਰਚੇ ਵਿਚ ਦਰਜ ਵਿਅਕਤੀਆਂ ਨੂੰ   ਪੁਲਸ  ਜਲਦ ਗ੍ਰਿਫਤਾਰ ਕਰ ਕੇ ਬਣਦੀ ਕਾਰਵਾਈ ਕਰੇ। ਅੱਜ ਦੇ ਧਰਨੇ ਵਿਚ ਅੌਰਤਾਂ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ। ਧਰਨਾਕਾਰੀਆਂ ਨੂੰ ‘ਆਪ’ ਆਗੂ ਦੇਵ ਮਾਨ, ਜਗਤਾਰ ਸਿੰਘ ਟੋਡਰਵਾਲ, ਬਲਵਿੰਦਰ ਸਿੰਘ ਨੌਹਰਾ, ਜੀਤ ਸਿੰਘ ਅਮਰਗਡ਼੍ਹ, ਰਣਜੀਤ ਸਿੰਘ ਭੋਲਾ  ਅਤੇ ਮਨਪ੍ਰੀਤ ਸਿੰਘ ਆਦਿ ਨੇ ਸੰਬੋਧਨ ਕੀਤਾ।
ਇੰਸ. ਰੰਧਾਵਾ ਦੇ ਵਿਸ਼ਵਾਸ ਦਿਵਾਉਣ ’ਤੇ ਧਰਨਾ ਚੁੱਕਿਆ
 ਜਬਰ-ਜ਼ੁਲਮ ਵਿਰੋਧੀ ਫਰੰਟ ਵੱਲੋਂ ਰਾਜ ਸਿੰਘ ਟੋਡਰਵਾਲ ਦੀ ਅਗਵਾਈ ਹੇਠ ਕਰੀਬ 2 ਘੰਟੇ ਥਾਣਾ ਸਦਰ ਬਾਹਰ ਧਰਨਾ ਲਾਇਆ ਗਿਆ। ਇਸ ਨੂੰ ਇੰਸਪੈਕਟਰ ਜੈ ਇੰਦਰ ਸਿੰਘ ਰੰਧਾਵਾ ਵੱਲੋਂ ਇਹ ਵਿਸ਼ਵਾਸ ਦਿਵਾਉਣ ’ਤੇ ਖਤਮ ਕੀਤਾ ਗਿਆ ਕਿ ਮੁਕੱਦਮਾ ਨੰ. 135 ਵਿਚ ਦਰਜ ਵਿਅਕਤੀਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਮੌਕੇ ਥਾਣਾ ਕੋਤਵਾਲੀ ਦੇ ਇੰਚਾ. ਇੰਸ. ਸੁਖਰਾਜ ਸਿੰਘ, ਥਾਣੇਦਾਰ ਇੰਦਰਜੀਤ ਸਿੰਘ  ਅਤੇ ਹੌਲਦਾਰ ਸੁਰਾਜ ਅਲੀ ਆਦਿ ਮੌਜੂਦ ਸਨ।


Related News