ਬੁਢਲਾਡਾ 'ਚ ਮਾਸਕ ਨਾ ਪਾਉਣ ਵਾਲਿਆਂ ਦੇ ਪੁਲਸ ਨੇ ਕੱਟੇ ਚਾਲਾਨ
Monday, Jun 01, 2020 - 05:39 PM (IST)
ਬੁਢਲਾਡਾ (ਬਾਂਸਲ) : ਕੋਰੋਨਾ ਮਹਾਮਾਰੀ ਦੇ ਚੱਲਦਿਆਂ ਸਰਕਾਰ ਵੱਲੋਂ ਕੀਤੀ ਗਈ ਤਾਲਾਬੰਦੀ ਤੋਂ ਬਾਅਦ ਅਨਲਾਕ ਦੌਰਾਨ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਨਾ ਕਰਨ ਵਾਲਿਆਂ ਦੇ ਖ਼ਿਲਾਫ਼ ਪੁਲਸ ਪ੍ਰਸ਼ਾਸ਼ਨ ਪੂਰੀ ਤਰ੍ਹਾਂ ਸਖ਼ਤੀ ਵਰਤ ਰਿਹਾ ਹੈ, ਜਿਸ ਦੇ ਚੱਲਦਿਆਂ ਸਥਾਨਕ ਸ਼ਹਿਰ 'ਚ ਸਿਟੀ ਪੁਲਸ ਵੱਲੋਂ ਵੱਡੀ ਗਿਣਤੀ 'ਚ ਲੋਕਾਂ ਦੇ ਚਾਲਾਨ ਕੱਟੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਐਸ. ਐਚ. ਓ. ਨੇ ਦੱਸਿਆ ਕਿ ਮਾਸਕ ਨਾ ਲਾਉਣ, ਮੋਟਰਸਾਈਕਲ 'ਤੇ ਡਬਲ ਸਵਾਰੀ ਅਤੇ ਗੱਡੀਆਂ 'ਚ ਹਦਾਇਤਾਂ ਤੋਂ ਵੱਧ ਕੇ ਸਵਾਰੀ ਬਿਠਾਉਣ ਸਮੇਤ ਕਾਗਜ਼ ਪੱਤਰ ਪੂਰੇ ਨਾ ਹੋਣ ਅਤੇ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਦੇ ਚਾਲਾਨ ਕੱਟੇ ਜਾ ਰਹੇ ਹਨ।
ਉਨ੍ਹਾਂ ਲੋਕਾਂ ਨੂੰ ਹਦਾਇਤ ਕੀਤੀ ਕਿ ਅਨਲਾਕ ਦੇ ਚੱਲਦਿਆਂ ਅਤੇ ਇਸ ਭਿਆਨਕ ਮਹਾਮਾਰੀ ਦੌਰਾਨ ਬਿਨਾਂ ਕੰਮ ਤੋਂ ਘਰ ਤੋਂ ਬਾਹਰ ਨਾ ਆਉਣ ਅਤੇ ਸਰਕਾਰ ਵੱਲੋਂ ਦਿੱਤੀਆ ਹਦਾਇਤਾਂ ਦੀ ਪਾਲਣਾ ਕਰਨ। ਉਨ੍ਹਾਂ ਕਿਹਾ ਕਿ ਪੁਲਸ ਪ੍ਰਸ਼ਾਸਨ ਲੋਕਾਂ ਦੀ ਸੁਰੱਖਿਆ ਲਈ ਹੈ ਪਰ ਜੇਕਰ ਲੋਕ ਫਿਰ ਵੀ ਹਦਾਇਤਾਂ ਦੀ ਪਾਲਣਾ ਨਹੀਂ ਕਰਨਗੇ ਤਾਂ ਪੁਲਸ ਨੂੰ ਸਖ਼ਤੀ ਵਰਤਣੀ ਹੀ ਪਵੇਗੀ। ਇਸ ਮੌਕੇ ਏ. ਐੱਸ. ਆਈ. ਪਰਮਜੀਤ ਸਿੰਘ, ਲਵਦੀਪ ਸਿੰਘ, ਸੁਖਦੇਵ ਸਿੰਘ, ਜਗਸੀਰ ਸਿੰਘ ਸਮੇਤ ਪੁਲਸ ਪਾਰਟੀ ਹਾਜ਼ਰ ਸਨ।