ਰਾਜੋਆਣਾ ਦੀ ਫਾਂਸੀ ਮੁਆਫੀ ਦਾ ਵਿਰੋਧ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਤੀਕ : ਜਥੇ. ਗਿਆਨੀ ਹਰਪ੍ਰੀਤ ਸਿੰਘ
Wednesday, Oct 02, 2019 - 12:47 AM (IST)
ਤਲਵੰਡੀ ਸਾਬੋ, (ਮੁਨੀਸ਼)— ਕੇਂਦਰ ਸਰਕਾਰ ਵਲੋਂ ਲੰਬੇ ਸਮੇਂ ਤੋਂ ਜੇਲਾਂ 'ਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਦੇ ਨਾਲ-ਨਾਲ ਬੇਅੰਤ ਸਿੰਘ ਕਤਲਕਾਂਡ 'ਚ ਫਾਂਸੀ ਦੀ ਸਜ਼ਾ ਪ੍ਰਾਪਤ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ ਕਰਨ ਦੇ ਫੈਸਲੇ 'ਤੇ ਖੁਸ਼ੀ ਪ੍ਰਗਟ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਫਾਂਸੀ ਮੁਆਫੀ ਦੇ ਵਿਰੋਧ ਨੂੰ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਤੀਕ ਦੱਸਿਆ ਹੈ।
ਗੱਲਬਾਤ ਦੌਰਾਨ ਸਿੰਘ ਸਾਹਿਬ ਨੇ ਕਿਹਾ ਕਿ ਬੇਇਨਸਾਫੀ ਕਾਰਣ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕਣ ਦੇ ਬਾਵਜੂਦ ਜੇਲਾਂ 'ਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਸਮੁੱਚੀ ਕੌਮ ਲਈ ਖੁਸ਼ੀ ਵਾਲੀ ਗੱਲ ਹੈ ਤੇ ਹੁਣ ਸਿੱਖ ਬੰਦੀ ਵਰ੍ਹਿਆਂ ਪਿੱਛੋਂ ਆਪਣੇ ਪਰਿਵਾਰਾਂ 'ਚ ਪਰਤ ਸਕਣਗੇ। ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵੱਲੋਂ ਰਾਜੋਆਣਾ ਦੀ ਫਾਂਸੀ ਦਾ ਵਿਰੋਧ ਕਰਦਿਆਂ ਉਕਤ ਰਿਹਾਈ ਨਾਲ ਮਾਹੌਲ ਖਰਾਬ ਹੋਣ ਦੇ ਦਿੱਤੇ ਬਿਆਨ ਦੇ ਸਵਾਲ 'ਤੇ ਸਿੰਘ ਸਾਹਿਬ ਨੇ ਬਿਨਾਂ ਕਿਸੇ ਦਾ ਨਾਂ ਲਏ ਕਿਹਾ ਕਿ ਭਾਈ ਰਾਜੋਆਣਾ ਦੀ ਫਾਂਸੀ ਮੁਆਫੀ ਦਾ ਵਿਰੋਧ ਕਰਨਾ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਤੀਕ ਹੈ ਅਤੇ ਸਿੱਖ ਬੰਦੀਆਂ ਦੀ ਰਿਹਾਈ ਨਾਲ ਕਿਸੇ ਕਿਸਮ ਦਾ ਮਾਹੌਲ ਖਰਾਬ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।