ਮਾਨਸਾ ਜ਼ਿਲੇ ''ਚ ਕਰਫਿਊ ਦੌਰਾਨ ਹਾਲ ਦੀ ਘੜੀ ਕੋਈ ਛੋਟ ਨਹੀਂ: ਡਿਪਟੀ ਕਮਿਸ਼ਨਰ

Monday, Apr 20, 2020 - 12:32 AM (IST)

ਮਾਨਸਾ ਜ਼ਿਲੇ ''ਚ ਕਰਫਿਊ ਦੌਰਾਨ ਹਾਲ ਦੀ ਘੜੀ ਕੋਈ ਛੋਟ ਨਹੀਂ: ਡਿਪਟੀ ਕਮਿਸ਼ਨਰ

ਮਾਨਸਾ,(ਮਿੱਤਲ)- ਕੋਰੋਨਾ ਵਾਇਰਸ ਦੇ ਕਹਿਰ ਨੂੰ ਰੋਕਣ ਲਈ ਜ਼ਿਲੇ 'ਚ ਲਗਾਏ ਗਏ ਕਰਫਿਊ ਵਿਚ ਹਾਲ ਦੀ ਘੜੀ ਕਿਸੇ ਵੀ ਕਿਸਮ ਦੀ ਛੋਟ ਨਾ ਦੇਣ ਦਾ ਫੈਸਲਾ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਮਾਨਸਾ ਸ੍ਰੀ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਕੋਰੋਨਾ ਦੇ ਪ੍ਰਕੋਪ ਦੇ ਚਲਦਿਆਂ ਜ਼ਿਲੇ ਵਿਚ ਲਗਾਇਆ ਗਿਆ ਕਰਫਿਊ ਕੁਝ ਸਮੇਂ ਤੱਕ ਜਾਰੀ ਰਹੇਗਾ।
ਉਨ੍ਹਾਂ ਦੱਸਿਆ ਕਿ ਜ਼ਿਲਾ ਵਾਸੀਆਂ ਦੀ ਸਿਹਤ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਹੀ ਇਹ ਫੈਸਲਾ ਲਿਆ ਗਿਆ ਹੈ। ਉਨਾਂ ਜ਼ਿਲਾ ਵਾਸੀਆਂ ਨੂੰ ਪ੍ਰਸ਼ਾਸ਼ਨ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ ਅਤੇ ਆਪਣੇ ਘਰਾਂ ਵਿਚ ਹੀ ਰਹਿਣ ਲਈ ਕਿਹਾ। ਉਨਾਂ ਦੱਸਿਆ ਕਿ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਅਤੇ ਆਉਣ ਵਾਲੇ ਦਿਨਾਂ ਦੀ ਸਥਿਤੀ ਨੂੰ ਵੇਖਦਿਆਂ ਹੀ ਕਰਫਿਊ ਵਿਚ ਛੋਟ ਦੇਣ ਦਾ ਯੋਗ ਫੈਸਲਾ ਲਿਆ ਜਾਵੇਗਾ।
ਜ਼ਿਲਾ ਮੈਜਿਸਟਰੇਟ ਨੇ ਦੱਸਿਆ ਕਿ ਜ਼ਿਲੇ ਵਿਚ ਕੋਰੋਨਾ ਦੇ 11 ਪਾਜ਼ਿਟਿਵ ਕੇਸ ਪਾਏ ਗਏ ਸਨ ਅਤੇ ਉਨਾਂ ਦੇ ਸੰਪਰਕ ਵਿਚ ਆਏ ਹੋਏ ਲੋਕਾਂ ਦੇ ਸੈਂਪਲ ਲਏ ਜਾ ਰਹੇ ਹਨ। 
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ ਦੇ ਨਾਗਰਿਕਾਂ ਵੱਲੋਂ ਦਿੱਤੇ ਭਰਪੂਰ ਸਹਿਯੋਗ ਕਾਰਨ ਹੀ ਪ੍ਰਸ਼ਾਸ਼ਨ ਨੇ ਸਥਿਤੀ ਤੇ ਕਾਬੂ ਪਾਇਆ ਹੈ, ਜਿਸ ਕਾਰਨ ਜ਼ਿਲੇ ਵਿਚ ਕੋਰੋਨਾ ਨਾਲ ਪ੍ਰਭਾਵਿਤ ਮਰੀਜਾਂ ਦੀ ਗਿਣਤੀ ਸਥਿਰ ਹੈ। ਇਸ ਸਥਿਤੀ ਨੂੰ ਬਰਕਰਾਰ ਰੱਖਣ ਲਈ ਹੀ ਕਰਫਿਊ ਵਿਚ ਛੋਟ ਨਾ ਦੇਣ ਦਾ ਫੈਸਲਾ ਲਿਆ ਗਿਆ ਹੈ। ਉਨਾਂ ਕਿਹਾ ਕਿ ਇਹ ਸੁਰੱਖਿਆ ਤਾਂ ਹੀ ਬਰਕਰਾਰ ਰਹਿ ਸਕਦੀ ਹੈ ਜੇਕਰ ਅਸੀਂ ਆਉਣ ਵਾਲੇ ਕੁਝ ਹੋਰ ਦਿਨਾਂ ਤੱਕ ਇਸੇ ਤਰਾਂ ਸੰਜਮ ਬਣਾਈ ਰੱਖੀਏ ਅਤੇ ਆਪਣੇ ਘਰਾਂ ਵਿਚ ਰਹੀਏ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਵੇਰੇ ਸ਼ਾਮ ਆਪਣੇ ਆਂਢੀਆਂ ਗੁਆਂਢੀਆਂ ਨੂੰ ਵੀ ਨਾ ਮਿਲਣ ਕਿਉਂਕਿ ਅਜਿਹੀ ਗਤੀਵਿਧੀ ਨਾਲ ਵੀ ਬਿਮਾਰੀ ਦੇ ਫੈਲਣ ਦਾ ਖਤਰਾ ਵਧਦਾ ਹੈ। ਉਨ੍ਹਾਂ ਦੱਸਿਆ ਕਿ ਮਾਨਸਾ ਜ਼ਿਲੇ ਵਿਚ ਕਰਫਿਊ ਦੌਰਾਨ ਕੋਈ ਵੀ ਢਿੱਲ ਨਹੀਂ ਦਿੱਤੀ ਗਈ ਹੈ, ਜੇਕਰ ਅਜਿਹਾ ਕੋਈ ਛੋਟ ਦਿੱਤੀ ਜਾਂਦੀ ਹੈ ਤਾਂ ਇਸ ਸਬੰਧੀ ਮੀਡੀਆ ਰਾਹੀਂ ਲੋਕਾਂ ਨੂੰ ਸੂਚਿਤ ਕਰ ਦਿੱਤਾ ਜਾਵੇਗਾ।
ਜ਼ਿਲਾ ਮੈÎਜਸਟਰੇਟ ਨੇ ਸਮੂਹ ਜ਼ਿਲਾ ਵਾਸੀਆਂ ਅਤੇ ਡਿਊਟੀਆਂ ਤੇ ਤਾਇਨਾਤ ਸਮੂਹ ਵਿਭਾਗਾਂ ਦੇ ਅਮਲੇ ਦਾ ਧੰਨਵਾਦ ਕੀਤਾ ਜੋ ਇਸ ਮਹਾਂਮਾਰੀ ਨੂੰ ਰੋਕਣ ਵਿਚ ਤਨਦੇਹੀ ਨਾਲ ਕੰਮ ਕਰ ਰਹੇ ਹਨ।


author

Bharat Thapa

Content Editor

Related News