ਡਾ. ਨਿਸ਼ਾਨ ਸਿੰਘ ਅਕਾਲੀ ਦਲ ''ਚੋਂ ਅਸਤੀਫ਼ਾ, ਮਗਰੋਂ ਅਕਾਲੀ ਆਗੂਆਂ ਨੇ ਕੀਤੀ ਵੱਡੀ ਪ੍ਰੈੱਸ ਕਾਨਫਰੰਸ

Thursday, Sep 17, 2026 - 05:52 PM (IST)

ਡਾ. ਨਿਸ਼ਾਨ ਸਿੰਘ ਅਕਾਲੀ ਦਲ ''ਚੋਂ ਅਸਤੀਫ਼ਾ, ਮਗਰੋਂ ਅਕਾਲੀ ਆਗੂਆਂ ਨੇ ਕੀਤੀ ਵੱਡੀ ਪ੍ਰੈੱਸ ਕਾਨਫਰੰਸ

ਬੁਢਲਾਡਾ (ਮਨਜੀਤ) : ਸ਼੍ਰੋਮਣੀ ਅਕਾਲੀ ਦਲ ਹਲਕਾ ਬੁਢਲਾਡਾ ਦੇ ਇੰਚਾਰਜ ਡਾ. ਨਿਸ਼ਾਨ ਸਿੰਘ ਹਾਕਮਵਾਲਾ ਵੱਲੋਂ ਵੀਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਅਤੇ ਪਾਰਟੀ ਦੇ ਅਹੁਦਿਆਂ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਬੁਢਲਾਡਾ ਦੀ ਸਿਆਸਤ ਵਿਚ ਚਰਚਾ ਤੇਜ਼ ਹੋ ਗਈ ਹੈ। ਡਾ. ਨਿਸ਼ਾਨ ਸਿੰਘ ਨੇ ਆਪਣੇ ਅਸਤੀਫ਼ੇ ਲਈ ਘਰੇਲੂ ਮਜਬੂਰੀਆਂ ਦਾ ਹਵਾਲਾ ਦਿੰਦਿਆਂ ਪੱਤਰਕਾਰਾਂ ਦੀ ਹਾਜ਼ਰੀ ਵਿਚ ਅਸਤੀਫ਼ੇ ਦੀਆਂ ਕਾਪੀਆਂ ਵੀ ਦਿਖਾਈਆਂ। ਅਸਤੀਫ਼ੇ ਤੋਂ ਕੁਝ ਹੀ ਘੰਟਿਆਂ ਬਾਅਦ ਸ਼੍ਰੋਮਣੀ ਅਕਾਲੀ ਦਲ ਰਾਜਸੀ ਮਾਮਲਿਆਂ ਬਾਰੇ ਕਮੇਟੀ (ਪੀ.ਏ.ਸੀ.) ਦੇ ਮੈਂਬਰ ਗੁਰਮੇਲ ਸਿੰਘ ਫਫੜੇ ਭਾਈਕੇ, ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਮਾਨਸਾ ਦਿਹਾਤੀ ਦੇ ਪ੍ਰਧਾਨ ਬਲਵੀਰ ਸਿੰਘ ਬੀਰੋਕੇ ਅਤੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਜਤਿੰਦਰ ਸਿੰਘ ਸੋਢੀ ਵੱਲੋਂ ਬੁਢਲਾਡਾ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਡਾ. ਨਿਸ਼ਾਨ ਸਿੰਘ ਦੇ ਅਸਤੀਫ਼ੇ ਸਬੰਧੀ ਪਾਰਟੀ ਦਾ ਪੱਖ ਰੱਖਿਆ। ਅਕਾਲੀ ਆਗੂਆਂ ਨੇ ਕਿਹਾ ਕਿ ਡਾ. ਨਿਸ਼ਾਨ ਸਿੰਘ ਵੱਲੋਂ ਅਸਤੀਫ਼ਾ ਦੇਣਾ ਪਾਰਟੀ ਜਥੇਬੰਦੀ ਲਈ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਡਾ. ਨਿਸ਼ਾਨ ਸਿੰਘ ਨੂੰ ਦੋ ਵਾਰ ਵਿਧਾਨ ਸਭਾ ਚੋਣਾਂ ਵਿਚ ਉਮੀਦਵਾਰ ਬਣਾਇਆ ਗਿਆ ਅਤੇ ਦੋਵੇਂ ਵਾਰ ਉਹ ਚੋਣ ਹਾਰ ਗਏ। ਇਸ ਦੇ ਬਾਵਜੂਦ ਪਾਰਟੀ ਵੱਲੋਂ ਉਨ੍ਹਾਂ ਨੂੰ ਤੀਜੀ ਵਾਰ ਵੀ ਵੱਡਾ ਸਤਿਕਾਰ ਅਤੇ ਜ਼ਿੰਮੇਵਾਰੀ ਦਿੱਤੀ।

ਆਗੂਆਂ ਨੇ ਕਿਹਾ ਕਿ ਪਿਛਲੇ ਕੁਝ ਹਫ਼ਤਿਆਂ ਤੋਂ ਡਾ. ਨਿਸ਼ਾਨ ਸਿੰਘ ਦੇ ਪਾਰਟੀ ਤੋਂ ਵੱਖ ਹੋਣ ਸਬੰਧੀ ਕਿਆਸਰਾਈਆਂ ਚੱਲ ਰਹੀਆਂ ਸਨ, ਜੋ ਅੱਜ ਅਸਤੀਫ਼ੇ ਨਾਲ ਸਪੱਸ਼ਟ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਨਾਲ ਸਮੁੱਚੀ ਜਥੇਬੰਦੀ ਨੂੰ ਦੁੱਖ ਪਹੁੰਚਿਆ ਹੈ, ਪਰ ਹਲਕਾ ਬੁਢਲਾਡਾ ਦੇ ਅਕਾਲੀ ਵਰਕਰ ਅਤੇ ਅਹੁਦੇਦਾਰ ਪਾਰਟੀ ਦੇ ਨਾਲ ਡਟ ਕੇ ਖੜ੍ਹੇ ਹਨ। ਉਨ੍ਹਾਂ ਦੱਸਿਆ ਕਿ ਪੀ.ਏ.ਸੀ. ਮੈਂਬਰਾਂ, ਜਨਰਲ ਕੌਂਸਲ ਮੈਂਬਰਾਂ, ਸਾਬਕਾ ਅਤੇ ਮੌਜੂਦਾ ਜ਼ਿਲ੍ਹਾ ਪ੍ਰਧਾਨਾਂ, ਸਰਕਲ ਪ੍ਰਧਾਨਾਂ, ਯੂਥ ਵਿੰਗ ਅਤੇ ਆਈ.ਟੀ. ਵਿੰਗ ਨਾਲ ਜੁੜੇ ਨੌਜਵਾਨਾਂ ਸਮੇਤ ਸਮੁੱਚੀ ਹਲਕਾ ਜਥੇਬੰਦੀ ਵੱਲੋਂ ਪਾਰਟੀ ਦੀਆਂ ਨੀਤੀਆਂ ਅਤੇ ਵਿਚਾਰਧਾਰਾ ਨਾਲ ਜੁੜੇ ਰਹਿਣ ਦਾ ਪ੍ਰਣ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਂਡ ਵੱਲੋਂ ਜਥੇਬੰਦੀ ਦੀ ਰਿਪੋਰਟ ਦੇ ਆਧਾਰ ’ਤੇ ਜੋ ਵੀ ਫ਼ੈਸਲਾ ਲਿਆ ਜਾਵੇਗਾ, ਉਸ ਨੂੰ ਸਿਰ ਮੱਥੇ ਪ੍ਰਵਾਨ ਕੀਤਾ ਜਾਵੇਗਾ।

ਆਗੂਆਂ  ਨੇ ਕਿਹਾ ਕਿ ਉਨ੍ਹਾਂ ਨੇ ਡਾ. ਨਿਸ਼ਾਨ ਸਿੰਘ ਨੂੰ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ “ਸਮੁੰਦਰ ਦੇ ਕੰਢੇ ’ਤੇ ਪਹੁੰਚ ਕੇ ਕਿਸ਼ਤੀ ਦੇ ਚੱਪੂ ਨਹੀਂ ਛੱਡਣੇ ਚਾਹੀਦੇ” ਪਰ ਉਨ੍ਹਾਂ ਨੇ ਇਸ ਗੱਲ ਨੂੰ ਨਹੀਂ ਸਮਝਿਆ। ਆਗੂਆਂ ਨੇ ਕਿਹਾ ਕਿ ਡਾ. ਨਿਸ਼ਾਨ ਸਿੰਘ ਦੀ ਪਰਿਵਾਰਕ ਜਾਂ ਰਾਜਨੀਤਿਕ ਮਜਬੂਰੀ ਜੋ ਵੀ ਹੋਵੇ, ਉਹ ਇਸ ਬਾਰੇ ਖ਼ੁਦ ਜਾਣਦੇ ਹਨ, ਪਰ ਪਾਰਟੀ ਵੱਲੋਂ ਲੰਬੇ ਸਮੇਂ ਤੋਂ ਦਿੱਤੇ ਸਤਿਕਾਰ ਦੇ ਮੱਦੇਨਜ਼ਰ ਉਨ੍ਹਾਂ ਨੂੰ ਅਜਿਹਾ ਫ਼ੈਸਲਾ ਨਹੀਂ ਲੈਣਾ ਚਾਹੀਦਾ ਸੀ। ਅਕਾਲੀ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਕੁਰਬਾਨੀਆਂ, ਸੰਘਰਸ਼ ਅਤੇ ਤਿਆਗ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਡਾ. ਨਿਸ਼ਾਨ ਸਿੰਘ ਦੇ ਅਸਤੀਫ਼ੇ ਨਾਲ ਬੁਢਲਾਡਾ ਵਿਧਾਨ ਸਭਾ ਹਲਕੇ ਦੀ ਪਾਰਟੀ ਜਥੇਬੰਦੀ ’ਤੇ ਕੋਈ ਵੱਡਾ ਪ੍ਰਭਾਵ ਨਹੀਂ ਪਵੇਗਾ ਅਤੇ ਵਰਕਰ ਪਹਿਲਾਂ ਦੀ ਤਰ੍ਹਾਂ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਦੇ ਰਹਿਣਗੇ।

ਇਸ ਮੌਕੇ ਜਥੇਦਾਰ ਅਮਰਜੀਤ ਸਿੰਘ, ਜਸਪਾਲ ਸਿੰਘ ਗੁੜੱਦੀ, ਰਾਜਿੰਦਰ ਸਿੰਘ ਝੰਡਾ, ਜਸਵੀਰ ਸਿੰਘ ਜੱਸੀ, ਮੇਵਾ ਸਿੰਘ ਦੋਦੜਾ, ਜਥੇਦਾਰ ਤਾਰਾ ਸਿੰਘ ਵਿਰਦੀ, ਹੰਸ ਰਾਜ ਅਹਿਮਦਪੁਰ, ਸੰਤੋਖ ਸਿੰਘ ਭੀਮੜਾ, ਗੁਰਦੀਪ ਸਿੰਘ ਬੋਹਾ, ਨਛੱਤਰ ਸਿਘ ਬੱਛਿਆਣਾ, ਬਲਵਿੰਦਰ, ਸਿਘ ਮੱਲ ਸਿਘ ਵਾਲਾ, ਨਿਰਮਲ ਪਿਛਲੀਆਂ, ਜਸਪਾਲ ਗੰਢੂਆ , ਕਰਮਜੀਤ ਸਿਘ ਮਾਘੀ  ਸਮੇਤ ਸ਼੍ਰੋਮਣੀ ਅਕਾਲੀ ਦਲ ਦੇ ਕਈ ਆਗੂ ਅਤੇ ਵਰਕਰ ਹਾਜ਼ਰ ਸਨ।


author

Gurminder Singh

Content Editor

Related News