ਵਧਦੇ ਪ੍ਰਦੂਸ਼ਣ ਨੂੰ ਰੋਕਣ ਲਈ ਨਾ ਤਾਂ ਸਰਕਾਰ ਅਤੇ ਨਾ ਹੀ ਪ੍ਰਸ਼ਾਸਨ ਗੰਭੀਰ

Monday, Dec 24, 2018 - 06:51 AM (IST)

ਵਧਦੇ ਪ੍ਰਦੂਸ਼ਣ ਨੂੰ ਰੋਕਣ ਲਈ ਨਾ ਤਾਂ ਸਰਕਾਰ ਅਤੇ ਨਾ ਹੀ ਪ੍ਰਸ਼ਾਸਨ ਗੰਭੀਰ

ਜਲਾਲਾਬਾਦ, (ਗੁਲਸ਼ਨ)– ਲਗਾਤਾਰ ਵਧ ਰਹੀ ਵਾਹਨਾਂ ਦੀ ਗਿਣਤੀ, ਕਾਰਖਾਨਿਆਂ  ’ਚੋਂ ਨਿਕਲਣ ਵਾਲਾ ਧੂੰਆਂ ਵਾਤਾਵਰਣ ਦੀ ਫਿਜ਼ਾ ’ਚ ਜ਼ਹਿਰ ਘੋਲ ਰਿਹਾ ਹੈ। ਲਗਾਤਾਰ ਵਧ ਰਹੇ ਪ੍ਰਦੂਸ਼ਣ ਕਾਰਨ ਹਵਾ ਦੀ ਗੁਣਵਤਾ ਮਾਡ਼ੀ ਹੁੰਦੀ ਜਾ ਰਹੀ ਹੈ ਅਤੇ ਇਸ ਮਾਡ਼ੀ ਹਵਾ ’ਚ ਸਾਹ ਲੈਣਾ ਵੀ ਮੁਸ਼ਕਲ ਹੁੰਦਾ ਜਾ ਰਿਹਾ ਹੈ। ਜ਼ਿਲੇ ’ਚ ਵੱਡਾ ਉਦਯੋਗ ਤਾਂ ਨਹੀਂ ਹੈ ਪਰ ਇਥੇ ਵਾਹਨਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਘੱਟਦੀ ਹਰਿਆਲੀ ਅਤੇ ਰੁੱਖਾਂ ਦੀ ਅੰਨ੍ਹੇਵਾਹ ਕਟਾਈ ਪ੍ਰਦੂਸ਼ਣ ਵਧਣ ਦਾ ਮੁੱਖ ਕਾਰਨ ਹੈ। ਪ੍ਰਦੂਸ਼ਣ ਲਈ ਜੋ ਮਾਪਦੰਡ ਨਿਰਧਾਰਤ ਕੀਤੇ ਗਏ ਹਨ, ਉਸ ਹਿਸਾਬ ਨਾਲ ਵਾਹਨਾਂ ਦੀ ਜਾਂਚ ਨਾ ਹੋਣਾ ਵੀ ਇਕ ਜ਼ਿੰਮੇਵਾਰ ਕਾਰਨ ਹੈ। ਵਾਹਨਾਂ ਨੂੰ ਪ੍ਰਦੂਸ਼ਣ ਕੰਟਰੋਲ ਸਰਟੀਫਿਕੇਟ ਜਾਰੀ ਕਰਦੇ ਸਮੇਂ ਸਹੀ ਢੰਗ ਨਾਲ ਪ੍ਰਦੂਸ਼ਣ ਦੀ ਜਾਂਚ ਨਹੀਂ ਕੀਤੀ ਜਾਂਦੀ। ਵਧਦੇ ਪ੍ਰਦੂਸ਼ਣ ਨੂੰ ਰੋਕਣ ਲਈ ਨਾ ਤਾਂ ਸਰਕਾਰ ਗੰਭੀਰ ਹੈ ਅਤੇ ਨਾ ਹੀ ਪ੍ਰਸ਼ਾਸਨ। ਲੋਕਾਂ ਦਾ ਵੀ ਵਾਤਾਵਰਣ ਬਚਾਉਣ ਵੱਲ ਪਾਸੇ ਕੋਈ ਖਾਸ ਧਿਆਨ ਨਹੀਂ ਹੈ। ਹਾਲਾਂਕਿ ਪ੍ਰਦੂਸ਼ਣ ਰੋਕਣ  ਅਤੇ ਵਾਤਾਵਰਣ ਬਚਾਉਣ ਲਈ ਕੁਝ ਸਮਾਜਕ ਸੰਸਥਾਵਾਂ ਲੋਕਾਂ ਨੂੰ ਜਾਗਰੂਕਤਾ ਦਾ ਸੰਦੇਸ਼ ਦੇ ਰਹੀਆਂ ਹਨ। ਇਨ੍ਹਾਂ ’ਚ ਬਹੁਤ ਸਾਰੀਆਂ ਸਮਾਜਕ ਸੰਸਥਾਵਾਂ ਅਜਿਹੀਆਂ ਹਨ, ਜੋ ਕਿ ਹਰਿਆਲੀ ਨੂੰ ਵਧਾਵਾ ਦੇਣ ਲਈ ਜ਼ਿਆਦਾ ਤੋਂ ਜ਼ਿਆਦਾ ਬੂਟੇ ਲਾ ਕੇ ਵਾਤਾਵਰਣ ਬਚਾਉਣ ਦਾ ਸੰਦੇਸ਼ ਦੇ ਰਹੀਆਂ ਹਨ। 
ਜੇਕਰ ਵਧਦੇ ਪ੍ਰਦੂਸ਼ਣ ਨੂੰ ਰੋਕਣ ਲਈ ਸਮਾਂ ਰਹਿੰਦੇ ਉਪਾਅ ਨਾ ਕੀਤੇ ਗਏ ਤਾਂ ਨੇਡ਼ਲੇ ਭਵਿੱਖ  ’ਚ ਸਮੁੱਚੀ ਮਨੁੱਖਤਾ ਨੂੰ ਇਸ ਦੇ ਗੰਭੀਰ ਸਿੱਟੇ ਭੁਗਤਣ ਲਈ ਤਿਆਰ ਰਹਿਣਾ ਪਵੇਗਾ। ਅੱਜ ਵੀ ਸਾਹ ਲੈਣ ਲਈ ਸ਼ੁੱਧ ਹਵਾ ਨਸੀਬ ਹੋਣਾ ਮੁਸ਼ਕਲ ਹੋ ਰਹੀ ਹੈ, ਜਿਸ ਕਾਰਨ ਲਗਾਤਾਰ ਸਾਹ ਅਤੇ ਦਮਾ ਰੋਗੀਆਂ ’ਚ ਵਾਧਾ ਹੋ ਰਿਹਾ ਹੈ। ਹਾਲਾਂਕਿ ਫਿਰੋਜ਼ਪੁਰ ਅਤੇ ਫਾਜ਼ਿਲਕਾ ਜ਼ਿਲੇ ’ਚ ਹਵਾ ਦੀ ਗੁਣਵਤਾ ਬਾਕੀ ਸ਼ਹਿਰਾਂ ਦੇ ਮੁਕਾਬਲੇ ਕਾਫੀ ਠੀਕ ਹੈ ਪਰ ਲਗਾਤਾਰ ਪ੍ਰਦੂਸ਼ਣ ਦਾ ਵਧਦਾ ਪੱਧਰ ਗੰਭੀਰ ਚਿੰਤਾ ਦਾ ਵਿਸ਼ਾ ਹੈ। ਵਧਦਾ ਪ੍ਰਦੂਸ਼ਣ ਜਿਥੇ ਸਾਹ ਦੇ ਮਰੀਜ਼ਾਂ ਲਈ ਪ੍ਰੇਸ਼ਾਨੀ ਵਧਾ ਰਿਹਾ ਹੈ, ਉਥੇ ਹੀ ਫੇਫਡ਼ਿਆਂ ਦੀ ਬੀਮਾਰੀ ਤੋਂ ਪੀਡ਼ਤ ਮਰੀਜ਼ਾਂ ਤੇ ਦਿਲ ਦੇ ਰੋਗੀਆਂ ਦੀ ਤਕਲੀਫ ’ਚ ਵਾਧਾ ਕਰ ਰਿਹਾ ਹੈ। ਪੰਜਾਬ ਦੇ ਜੇਕਰ ਪ੍ਰਮੁੱਖ ਸ਼ਹਿਰਾਂ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਸ਼ਹਿਰਾਂ ’ਚ ਮੰਡੀ ਗੋਬਿੰਦਗਡ਼੍ਹ ਪਹਿਲੇ ਸਥਾਨ ’ਤੇ ਹੈ, ਜਦਕਿ ਪਟਿਆਲਾ ਦੂਜੇ ਅਤੇ ਖੰਨਾ ਤੀਜੇ ਨੰਬਰ ’ਤੇ ਹੈ। ਰਾਹਤ ਦੀ ਗੱਲ ਹੈ ਕਿ ਬਠਿੰਡਾ ਪ੍ਰਦੂਸ਼ਣ ਦੇ ਮਾਮਲੇ ’ਚ ਠੀਕ- ਠਾਕ ਹਾਲਤ ’ਚ ਹੈ। ਫੈਕਟਰੀਆਂ ’ਚੋਂ ਨਿਕਲ ਰਿਹਾ ਦੂਸ਼ਿਤ ਪਾਣੀ ਵੀ ਧਰਤੀ ਹੇਠਲੇ ਪਾਣੀ ਨੂੰ ਜ਼ਹਿਰੀਲਾ ਬਣਾ ਰਿਹਾ ਹੈ। 
ਮਨੁੱਖਤਾ ਨੂੰ ਬਚਾਉਣ ਲਈ ਪ੍ਰਦੂਸ਼ਣ ਦਾਖਾਤਮਾ ਜ਼ਰੂਰੀ
 ਨੈਸ਼ਨਲ ਅੈਵਾਰਡੀ ਅਧਿਆਪਕ ਅਤੇ ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਕਾਮਰਾ ਨੇ ਕਿਹਾ ਕਿ ਪਹਿਲੀ ਪਾਤਸ਼ਾਹੀ ਦੇ ਅਨੁਸਾਰ ਪਵਨ ਗੁਰੂ, ਪਾਣੀ ਪਿਤਾ ਅਨੁਸਾਰ ਪਾਣੀ ਅਤੇ ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਹਰ ਵਿਅਕਤੀ ਦਾ ਸਹਿਯੋਗ ਜ਼ਰੂਰੀ ਹੈ। ਇਸ ਮੁਹਿੰਮ ’ਚ ਸਾਰਿਆਂ ਨੂੰ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ। ਘਰਾਂ ’ਚੋਂ ਨਿਕਲਣ ਵਾਲੇ ਕੂਡ਼ੇ ਨੂੰ ਅੱਗ ਨਹੀਂ ਲਾਉਣੀ ਚਾਹੀਦੀ ਅਤੇ ਨਾਲ ਹੀ ਵਾਹਨਾਂ ਦਾ ਇਸਤੇਮਾਲ ਘੱਟ ਤੋਂ ਘੱਟ ਕਰਨਾ ਚਾਹੀਦਾ ਹੈ। ਹਰੇਕ ਵਿਅਕਤੀ ਨੂੰ ਚਾਹੀਦਾ ਹੈ ਕਿ ਉਹ ਬੂਟੇ ਲਾਵੇ ਕਿਉਂਕਿ ਹਰਿਆਲੀ ਨਾਲ ਹੀ ਪ੍ਰਦੂਸ਼ਣ ਖਤਮ ਕੀਤਾ ਜਾ ਸਕਦਾ ਹੈ। ਪੰਜਾਬ ’ਚ ਪ੍ਰਦੂਸ਼ਿਤ ਹਵਾ ਅਤੇ ਪਾਣੀ ਨੂੰ ਬਚਾਉਣ ਲਈ ਆਮ ਜਨਤਾ ਦਾ ਸਹਿਯੋਗ ਜ਼ਰੂਰੀ ਹੈ। ਡਾ. ਕਾਮਰਾ ਨੇ ਕਿਹਾ ਕਿ ਮਨੁੱਖਤਾ ਨੂੰ ਬਚਾਉਣ ਲਈ ਪ੍ਰਦੂਸ਼ਣ ਦਾ ਖਾਤਮਾ ਜ਼ਰੂਰੀ ਹੈ। 


Related News