‘ਆਪ’ ਨੇ ਗਲ਼ਤੀਆਂ ਤੋਂ ਨਹੀਂ ਲਈ ਸਿੱਖਿਆ, ਭੁਗਤਣੇ ਪੈਣਗੇ ਨਤੀਜੇ: ਨਵਜੋਤ ਕੌਰ ਲੰਬੀ

09/09/2021 10:30:26 AM

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ, ਪਵਨ): ਕਿਸੇ ਸਮੇਂ ਆਮ ਆਦਮੀ ਪਾਰਟੀ ਦੀ ਮੂਹਰਲੀ ਕਤਾਰ ਦੇ ਵਰਕਰਾਂ ’ਚ ਰਹੀ ਨਵਜੋਤ ਕੌਰ ਲੰਬੀ ਨੇ ਅੱਜ ਆਮ ਆਦਮੀ ਪਾਰਟੀ ਸਬੰਧੀ ਕਿਹਾ ਕਿ ਇਹ ਪਾਰਟੀ ਨੇ ਗਲਤੀਆਂ ਤੋਂ ਸਿੱਖਿਆ ਨਹੀਂ ਲਈ, ਜਿਸ ਦਾ ਖਮਿਆਜਾ ਇਸ ਪਾਰਟੀ ਨੂੰ ਭੁਗਤਣਾ ਪਵੇਗਾ। ਸ੍ਰੀ ਮੁਕਤਸਰ ਸਾਹਿਬ ਵਿਖੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਵੱਲੋਂ ਸ਼ੁਰੂ ਕੀਤੀ ਮਿਸ਼ਨ ਪੰਜਾਬ 2022 ਮੁਹਿੰਮ ਤਹਿਤ ਰੈਲੀ ਕੀਤੀ ਗਈ।

ਇਸ ਰੈਲੀ ਦੌਰਾਨ ਯੂਥ ਆਗੂ ਨਵਜੋਤ ਕੌਰ ਲੰਬੀ ਨੇ ਵੀ ਸੰਬੋਧਨ ਕੀਤਾ। ਰੈਲੀ ਉਪਰੰਤ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਤੀਜਾ ਬਦਲ ਚਾਹੁੰਦੇ ਹਨ। ਲੋਕਾਂ ਨੇ ਤੀਜੇ ਬਦਲ ਵਜੋਂ ਉੱਭਰ ਰਹੀਆਂ ਪਾਰਟੀਆਂ ਦਾ ਬਹੁਤ ਸਾਥ ਵੀ ਦਿੱਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੀ ਤੀਜੇ ਬਦਲ ਵਜੋਂ ਉੱਭਰੀ ਪਰ ਇਸ ਪਾਰਟੀ ਵੱਲੋਂ 2017 ਵਿਚ ਕੀਤੀਆਂ ਗਈਆਂ ਕਈ ਗਲਤੀਆਂ ਤੋਂ ਪਾਰਟੀ ਨੂੰ ਸਿੱਖਣ ਦੀ ਲੋੜ ਸੀ ਪਰ ਪਾਰਟੀ ਨੇ ਉਨ੍ਹਾਂ ਗਲਤੀਆਂ ਤੋਂ ਸਿੱਖਿਆ ਨਹੀਂ ਜਿਸ ਕਾਰਨ ਇਸ ਦੇ ਆਉਣ ਵਾਲੇ ਸਮੇਂ ਵਿਚ ਪਾਰਟੀ ਲਈ ਗਲਤ ਨਤੀਜੇ ਨਿਕਲਣਗੇ।ਉਨ੍ਹਾਂ ਕਿਹਾ ਕਿ ਕਾਲੇ ਕਾਨੂੰਨਾਂ ਵਿਰੁੱਧ ਚੱਲ ਰਹੇ ਅੰਦੋਲਨ ਵਿਚ ਕਿਸਾਨਾਂ ਦੀ ਜਿੱਤ ਹੋਵੇਗੀ ਅਤੇ ਹਰ ਵਰਗ ਇਸ ਅੰਦੋਲਨ ਨਾਲ ਜੁੜਿਆ ਹੋਇਆ ਹੈ। ਨਵਜੋਤ ਕੌਰ ਲੰਬੀ ਨੇ ਕਿਹਾ ਕਿ ਪਿੰਡਾਂ ਵਿਚ ਇਹ ਲੋਕਾਂ ਦੀ ਆਵਾਜ਼ ਹੈ ਕਿ ਕਿਸਾਨ ਯੂਨੀਅਨਾਂ ਹੁਣ ਰਾਜਨੀਤੀ ਵਿਚ ਬਦਲ ਦੇ ਰੂਪ ਵਿਚ ਸਾਹਮਣੇ ਆਉਣ। 


Shyna

Content Editor

Related News