ਵੱਖ-ਵੱਖ ਵਰਗਾਂ ਦੇ ਆਗੂਆਂ ਵਲੋਂ ਸੂਬਾ ਸਰਕਾਰ ਤੋਂ ਆਰਥਿਕ ਪੈਕੇਜ ਦੀ ਮੰਗ

03/29/2020 12:26:06 PM

ਮਾਨਸਾ (ਮਿੱਤਲ) - ਕੋਰੋਨਾ ਵਾਇਰਸ ਦੀ ਬਿਮਾਰੀ ਨੇ ਜਿੱਥੇ ਸਮੁੱਚਾ ਦੇਸ਼ ਆਪਣੀ ਲਪੇਟ ਵਿਚ ਲੈ ਲਿਆ, ਉੱਥੇ ਹੀ ਦੇਸ਼ ਦੀ ਕੇਂਦਰ ਸਰਕਾਰ ਸੂਬਾ ਸਰਕਾਰਾਂ, ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਸਮੁੱਚੀਆਂ ਧਾਰਮਿਕ ਸਮਾਜਿਕ ਜਥੇਬੰਦੀਆਂ ਲੋੜਵੰਦਾਂ ਅਤੇ ਗਰੀਬਾਂ ਦੀ ਸਹਾਇਤਾ ਲਈ ਅੱਗੇ ਆ ਰਹੀਆਂ ਹਨ। ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਵਲੋਂ ਵੱਖ-ਵੱਖ ਸਕੀਮਾਂ ਜਾਰੀ ਕਰਕੇ ਗਰੀਬ ਵਰਗ ਨੂੰ ਸਹੂਲਤਾਂ ਦੇਣ ਦੀ ਪ੍ਰਕਿਰਿਆ ਆਰੰਭੀ ਹੋਈ ਹੈ। ਇਸ ਦੇ ਬਾਵਜੂਦ ਕੰਮ ਕਾਰ ਠੱਪ ਹੋਣ ਕਾਰਨ ਸਮੁੱਚੇ ਵਰਗਾਂ ਨੂੰ ਆਰਥਿਕ ਤੰਗੀ ਦਾ ਬੋਝ ਸਤਾ ਰਿਹਾ ਹੈ, ਨਾਲ ਹੀ ਦੇਸ਼ ਦਾ ਢਿੱਡ ਭਰਨ ਵਾਲਾ ਕਿਸਾਨ ਵੀ ਇਸ ਕੁਦਰਤੀ ਆਫਤ ਤੋਂ ਬਚਦਾ ਨਜ਼ਰ ਨਹੀਂ ਆ ਰਿਹਾ। ਇਸ ਸੰਬੰਧੀ ਸ਼੍ਰੌੰਮਣੀ ਅਕਾਲੀ ਦਲ ਦੇ ਸੂਬਾ ਨੇਤਾ ਅਤੇ ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕੱਈ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦਾ ਕਿਸਾਨ ਪੂਰੇ ਦੇਸ਼ ਦਾ ਢਿੱਡ ਭਰਦਾ ਹੈ। ਹਾੜੀ ਦੀ ਫਸਲ 65 ਤੋਂ 75% ਪੱਕ ਕੇ ਤਿਆਰ ਹੋ ਚੁੱਕੀ ਹੈ। ਇਸ ਦੇ ਲਈ ਸੂਬਾ ਸਰਕਾਰ ਨੂੰ ਕਣਕ ਦੀ ਖਰੀਦੋ ਫਰੋਖਤ ਪਿੰਡਾਂ ਵਿਚ ਜਾ ਕੇ ਕਰਨ ਅਤੇ ਉੱਥੇ ਹੀ ਅਨਾਜ ਦੀ ਭਰਾਈ ਕਰਕੇ ਸਰਕਾਰੀ ਸਕੂਲਾਂ ਅਤੇ ਧਰਮਸ਼ਾਲਾਂ ਨੂੰ ਗੁਦਾਮ ਦੇ ਰੂਪ ਵਿਚ ਇਸਤੇਮਾਲ ਕਰਕੇ ਤੁਰੰਤ ਕਿਸਾਨਾਂ ਨੂੰ ਅਦਾਇਗੀ ਦੇਣ ਦੇ ਢੁੱਕਵੇਂ ਪ੍ਰਬੰਧ ਕੀਤੇ ਜਾਣ। 

ਅਜਿਹਾ ਕਰਨ ਨਾਲ ਜਿਥੇ ਦੇਸ਼ ਦਾ ਅੰਨ ਭੰਡਾਰ ਪ੍ਰਫੁਲਿੱਤ ਹੋਵੇਗਾ, ਉੱਥੇ ਹੀ ਕਿਸਾਨਾਂ, ਮਜਦੂਰਾਂ ਨੂੰ ਆਰਥਿਕ ਲਾਭ ਹੋਵੇਗਾ। ਨਾਲ ਹੀ ਵੱਡੀਆਂ ਅਨਾਜ ਮੰਡੀਆਂ ਵਿਚ ਜਨਤਕ ਇੱਕਠ ਨਾ ਹੋਣ ਕਾਰਨ ਕੋਰੋਨਾ ਦੀ ਫੈਲਣ ਵਾਲੀ ਭਿਆਨਕ ਬੀਮਾਰੀ ਨੂੰ ਰੋਕਥਾਮ ਲੱਗੇਗਾ। ਇਸ ਤੋਂ ਇਲਾਵਾ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਘੁਵੀਰ ਸਿੰਘ ਮਾਨਸਾ, ਯੂਥ ਆਗੂ ਗੁਰਪ੍ਰੀਤ ਸਿੰਘ ਚਹਿਲ ਨੇ ਕੇਂਦਰ ਅਤੇ ਸੂਬਾ ਸਰਕਾਰ ਵਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਂਘਾ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਵਲੋਂ ਦਿਹਾੜੀਦਾਰ ਕਾਮਿਆਂ ਦੇ ਖਾਤਿਆਂ ਵਿਚ 3 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਕੀਤਾ ਐਲਾਨ ਸ਼ਲਾਘਾਯੋਗ ਹੈ। ਇਸ ਸ਼੍ਰੇਣੀ ਵਿਚ ਨੀਲੇ ਰਾਸ਼ਨ ਕਾਰਡ ਵਾਲੇ ਪਰਿਵਾਰਾਂ ਨੂੰ ਵੀ ਸ਼ਾਮਲ ਕਰਕੇ 3 ਹਜ਼ਾਰ ਰੁਪਏ ਪ੍ਰਤੀ ਮਹੀਨਾ ਇਨ੍ਹਾਂ ਦੇ ਖਾਤਿਆਂ ਵਿਚ ਵੀ ਪਾ ਆਰਥਿਕ ਸਹਾਇਤਾ ਦਾ ਐਲਾਨ ਕੀਤਾ ਜਾਵੇ ਤਾਂ ਕਿ ਇਹ ਵੀ ਇਸ ਨਾਜੁਕ ਘੜੀ ਦੌਰਾਨ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਸਕਣ। ਉੱਘੇ ਵਪਾਰੀ ਆਗੂ ਤਰਸੇਮ ਚੰਦ ਮਿੱਢਾ ਅਤੇ ਵਪਾਰ ਮੰਡਲ ਦੇ ਪ੍ਰਧਾਨ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਸੂਬੇ ਦੇ ਸਮੁੱਚੇ ਵਰਗ ਲਈ ਘਰਾਂ ਵਿਚ ਵਰਤੀ ਜਾ ਰਹੀ ਬਿਜਲੀ ਦੇ ਬਿੱਲ 50 % ਮੁਆਫ ਕਰ ਦੇਣੇ ਚਾਹੀਦੇ ਹਨ। ਅੱਜ ਸਮੁੱਚੇ ਸੂਬੇ ਦੇ ਲੋਕ ਆਪੋ-ਆਪਣੇ ਕਾਰੋਬਾਰ ਬੰਦ ਕਰਕੇ ਘਰਾਂ ਵਿਚ ਬੇਰੁਜਗਾਰ ਹੋਏ ਬੈਠੈ ਹਨ। 


rajwinder kaur

Content Editor

Related News