ਮਾਘੀ ਮੇਲੇ ਸਬੰਧੀ ਸ੍ਰੀ ਮੁਕਤਸਰ ਸਾਹਿਬ ਪਹੁੰਚਣ ਲੱਗੀ ਗੁਰੂ ਕੀ ਲਾਡਲੀ ਫੌਜ

01/12/2021 3:44:39 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) - ਸ੍ਰੀ ਮੁਕਤਸਰ ਸਾਹਿਬ ਵਿਖੇ ਦਸ਼ਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਾਲੀ ਮੁਕਤਿਆਂ ਦੀ ਯਾਦ ਵਿਚ ਮਾਘੀ ਮੇਲੇਨੂੰ ਲੈ ਕੇ ਗੁਰੂ ਕੀ ਲਾਡਲੀ ਫੌਜ ਵਜੋਂ ਜਾਣੇ ਜਾਂਦੇ ਨਿਹੰਗ ਸਿੰਘਾਂ ਵੱਲੋਂ ਹਾਥੀ-ਘੋੜਿਆਂ ਸਣੇ ਸ੍ਰੀ ਮੁਕਤਸਰ ਸਾਹਿਬ ਪਹੁੰਚਣਾ ਸ਼ੁਰੂ ਕਰ ਦਿੱਤਾ ਹੈ। ਸ਼ਹਿਰ ਵਿਚ ਵੱਖੋਂ-ਵੱਖ ਥਾਵਾਂ ’ਤੇ ਡੇਰੇ ਲਾਉਣੇ ਸ਼ੁਰੂ ਕਰ ਦਿੱਤੇ ਹਨ। ਸੋਮਵਾਰ ਨੂੰ ਟਿੱਬੀ ਸਾਹਿਬ ਰੋਡ ਰਜਬਾਹੇ ਕੋਲ ਅਤੇ ਗੁਰੂ ਨਾਨਕ ਕਾਲਜ ਨੇੜੇ ਆਪਣੇ ਘੋੜਿਆਂ ਸਮੇਤ ਨਿਹੰਗ ਸਿੰਘ ਆਉਂਦੇ ਨਜ਼ਰ ਆਉਣ ਲੱਗ ਪਏ ਹਨ। ਨਾਲ ਹੀ ਛਾਉਣੀ ਬਹਾਦਰ ਬਾਬਾ ਬਿਧੀ ਚੰਦ ਜੀ ਵਿਖੇ ਵੀ ਹਾਥੀ-ਘੋੜੇ ਲੈ ਕੇ ਪਹੁੰਚੇ ਨਿਹੰਗ ਸਿੰਘਾਂ ਵੱਲੋਂ ਡੇਰੇ ਲਾ ਲਏ ਗਏ ਹਨ। 

ਇਸ ਵਾਰ ਸ੍ਰੀ ਮੁਕਤਸਰ ਸਾਹਿਬ ਮਾਘੀ ਮੇਲੇ ਵਿਚ ਅੰਮ੍ਰਿਤਸਰ ਤੋਂ ਸੰਪਰਦਾਇ ਦਲ ਬਾਬਾ ਵਿਧੀ ਚੰਦ ਸਾਹਿਬ ਵੱਲੋਂ ਜੋਧਾ ਸਿੰਘ ਨਾਮਕ ਨਿਹੰਗ ਸਿੰਘ ਨੌਜਵਾਨ ਅਜਿਹਾ ਘੋੜਾ ਲੈ ਕੇ ਪਹੁੰਚਿਆ ਹੈ, ਜਿਸਦੇ ਗਲੇ ’ਤੇ ਭਾਰਤ ਦੇ ਨਕਸ਼ੇ ਦਾ ਨਿਸ਼ਾਨ ਬਣਿਆ ਹੈ। ਜੋਧਾ ਸਿੰਘ ਦਾ ਕਹਿਣਾ ਹੈ ਕਿ ਇਹ ਘੋੜਾ ਪੂਰੀ ਦੁਨੀਆਂ ਵਿਚ ਆਪਣੇ ਧੌਣ ’ਤੇ ਬਣੇ ਭਾਰਤ ਦੇ ਨਕਸ਼ੇ ਨੂੰ ਲੈ ਕੇ ਪ੍ਰਸਿੱਧ ਹੈ। ਜ਼ਿਕਰਯੋਗ ਹੈ ਕਿ ਮੇਲਾ ਮਾਘੀ ਮੌਕੇ ਗੁਰੂ ਕੀ ਲਾਡਲੀ ਫੌਜ ਨਿਹੰਗ ਸਿੰਘਾਂ ਵੱਲੋਂ ਮਹੱਲਾ ਕੱਢ ਕੇ ਆਪਣੀ ਤਾਕਤ ਅਤੇ ਕਲਾ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ।

ਚਾਲੀ ਸਿੰਘਾਂ ਨੂੰ ਨਮਨ ਕਰਨ ਪਹੁੰਚਣ ਲੱਗੀਆਂ ਸੰਗਤਾਂ
ਸ੍ਰੀ ਮੁਕਤਸਰ ਸਾਹਿਬ ਦੇ ਮੇਲਾ ਮਾਘੀ ਨੂੰ ਲੈ ਕੇ ਚਾਲੀ ਸਿੰਘਾਂ ਨੂੰ ਨਮਨ ਕਰਨ ਲਈ ਦੂਰ-ਦਰਾਡੇ ਪਿੰਡਾਂ ਤੋਂ ਸੰਗਤਾਂ ਦਾ ਸ਼ਹਿਰ ਵਿਚ ਆਗਮਨ ਸ਼ੁਰੂ ਹੋ ਗਿਆ ਹੈ। ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਸੰਗਤਾਂ ਦੀ ਭੀੜ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ, ਗੁਰਦੁਆਰਾ ਤੰਬੂ ਸਾਹਿਬ ਸਮੇਤ ਹੋਰ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਨ ਲਈ ਆਉਂਦੀ ਨਜ਼ਰ ਆਉਣ ਲਗ ਪਈ ਹੈ, ਜਿਸਦੇ ਚੱਲਦਿਆਂ ਸ਼ਹਿਰ ਵਿਚ ਰੌਣਕ ਸ਼ੁਰੂ ਹੋਣ ਲੱਗ ਪਈ ਹੈ। ਜ਼ਿਕਰਯੋਗ ਹੈ ਕਿ ਮੇਲਾ ਮਾਘੀ ਮੌਕੇ 14 ਜਨਵਰੀ ਨੂੰ ਹਰ ਸਾਲ ਚਾਲੀ ਸ਼ਹੀਦਾਂ ਦੀ ਯਾਦ ਵਿਚ ਲੱਖਾਂ ਦੀ ਤਦਾਤ ਵਿਚ ਸੰਗਤਾਂ ਸ੍ਰੀ ਮੁਕਤਸਰ ਸਾਹਿਬ ਪਹੁੰਚਦੀਆਂ ਹਨ। ਸੰਗਤਾਂ ਦਾ ਕਰੀਬ ਦੋ-ਤਿੰਨ ਦਿਨ ਪਹਿਲਾਂ ਹੀ ਹਰ ਵਾਰੀ ਸ਼ਹਿਰ ਵਿਚ ਪ੍ਰਵੇਸ਼ ਸ਼ੁਰੂ ਹੋ ਜਾਂਦਾ ਹੈ।

ਲੋਹੜੀ ਅਤੇ ਮਾਘੀ ਦੇ ਚੱਲਦਿਆਂ ਸ਼ਹਿਰ ਵਿਚ ਲੱਗੀਆਂ ਰੌਣਕਾਂ
ਸ੍ਰੀ ਮੁਕਤਸਰ ਸਾਹਿਬ ਦੇ ਵੱਖ-ਵੱਖ ਬਾਜ਼ਾਰਾਂ ਵਿਚ ਲੋਹੜੀ ਅਤੇ ਮਾਘੀ ਮੇਲੇ ਦੇ ਸਬੰਧ ਵਿਚ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਸੋਮਵਾਰ ਨੂੰ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਲੋਹੜੀ ਦੇ ਚੱਲਦਿਆਂ ਰੇਵੜੀਆਂ, ਮੂੰਗਫਲੀਆਂ ਅਤੇ ਫੁੱਲੇ ਵੇਚਣ ਵਾਲੀਆਂ ਸਟਾਲਾਂ ’ਤੇ ਲੋਕਾਂ ਦੀ ਭੀੜ ਖ਼ਰੀਦਦਾਰੀ ਕਰਦੀ ਨਜ਼ਰ ਆ ਰਹੀ ਸੀ। ਜਗ੍ਹਾ-ਜਗ੍ਹਾ ’ਤੇ ਮੂੰਗਫਲੀਆਂ-ਰੇਵੜੀਆਂ ਦੀ ਸਟਾਲਾਂ ਦੇ ਚਲਦਿਆਂ ਟ੍ਰੈਫਿਕ ਵਿਵਸਥਾ ਪ੍ਰਭਾਵਿਤ ਹੁੰਦੀ ਨਜ਼ਰ ਆ ਰਹੀ ਸੀ, ਕਿਉਂਕਿ ਬਾਜ਼ਾਰਾਂ ਵਿਚ ਖ਼ਰੀਦਦਾਰੀ ਦੇ ਚੱਲਦਿਆਂ ਭੀੜ ਉਮੜ ਰਹੀ ਹੈ ਅਤੇ ਲੋਕਾਂ ਦੇ ਰਸ ਕਾਰਣ ਟ੍ਰੈਫਿਕ ਸਮੱਸਿਆ ਪੈਦਾ ਹੋ ਰਹੀ ਹੈ। ਸ਼ਹਿਰ ਦੇ ਜਲਾਲਾਬਾਦ ਰੋਡ, ਟਿੱਬੀ ਸਾਹਿਬ ਰੋਡ, ਬਾਗਵਾਲੀ ਗਲੀ ਕੋਲ ਕਈ ਥਾਵਾਂ ’ਤੇ ਮੂੰਗਫਲੀਆਂ ਅਤੇ ਰੇਵੜੀਆਂ ਵਾਲਿਆਂ ਸਟਾਲਾਂ ’ਤੇ ਲੋਕਾਂ ਦੀ ਭੀੜ ਉਮੜੀ ਨਜ਼ਰ ਆ ਰਹੀ ਸੀ, ਜਿਸ ਨਾਲ ਦੁਕਾਨਦਾਰਾਂ ਦੇ ਚਿਹਰੇ ਖਿੜੇ ਹੋਏ ਨਜ਼ਰ ਆਏ।


rajwinder kaur

Content Editor

Related News