ਲੁਧਿਆਣਾ ਜ਼ਿਲ੍ਹੇ ''ਚ ਲਗਾਤਾਰ ਦੂਜੇ ਦਿਨ ਕੋਰੋਨਾ ਨਾਲ 5 ਮਰੀਜ਼ਾਂ ਦੀ ਮੌਤ, 47 ਪਾਜ਼ੇਟਿਵ
Tuesday, Feb 23, 2021 - 12:32 AM (IST)
ਲੁਧਿਆਣਾ, (ਸਹਿਗਲ)- ਜ਼ਿਲ੍ਹੇ ਵਿਚ ਅੱਜ ਦੂਜੇ ਦਿਨ ਵੀ 5 ਕੋਰੋਨਾ ਵਾਇਰਸ ਮਰੀਜ਼ਾਂ ਦੀ ਮੌਤ ਹੋ ਗਈ, ਜਦੋਂਕਿ 47 ਨਵੇਂ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਸਿਹਤ ਅਧਿਕਾਰੀ ਅਨੁਸਾਰ ਇਨ੍ਹਾਂ ਮਰੀਜ਼ਾਂ ’ਚ 37 ਮਰੀਜ਼ ਜ਼ਿਲ੍ਹੇ ਦੇ ਰਹਿਣ ਵਾਲੇ ਹਨ, ਜਦੋਂਕਿ 10 ਮਰੀਜ਼ ਦੂਜੇ ਜ਼ਿਲ੍ਹਿਆਂ ਨਾਲ ਸਬੰਧਤ ਹਨ।
ਇਸੇ ਤਰ੍ਹਾਂ ਜਿਨ੍ਹਾਂ 5 ਮਰੀਜ਼ਾਂ ਦੀ ਮੌਤ ਹੋਈ ਹੈ, ਉਨ੍ਹਾਂ ਵਿਚ 3 ਜ਼ਿਲ੍ਹੇ ਦੇ ਰਹਿਣ ਵਾਲੇ ਸਨ, ਜਦੋਂਕਿ ਬਾਕੀ 2 ਵਿਚੋਂ ਇਕ ਜਲੰਧਰ ਅਤੇ ਇਕ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ। ਮਹਾਨਗਰ ਵਿਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 26701 ਹੋ ਗਈ ਹੈ। ਇਨ੍ਹਾਂ ’ਚੋਂ 1001 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਜ਼ਿਲ੍ਹੇ ਤੋਂ ਇਲਾਵਾ 4118 ਮਰੀਜ਼ ਦੂਜੇ ਜ਼ਿਲ੍ਹਿਆਂ ਜਾਂ ਰਾਜਾਂ ਨਾਲ ਸਬੰਧਤ ਹਨ। ਇਨ੍ਹਾਂ ’ਚੋਂ 499 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਜ਼ਿਲ੍ਹਾ ਐਪੀਡੇਮਿਓਲੋਜਿਸਟ ਡਾਕਟਰ ਰਮੇਸ਼ ਭਗਤ ਮੁਤਾਬਕ ਜ਼ਿਲ੍ਹੇ ’ਚ 421 ਐਕਟਿਵ ਮਰੀਜ਼ ਹਨ। ਜਿਨ੍ਹਾਂ ’ਚੋਂ ਜ਼ਿਲੇ ਦੇ ਹਸਪਤਾਲਾਂ ’ਚ 96 ਮਰੀਜ਼ ਜ਼ੇਰੇ ਇਲਾਜ ਹਨ।
90 ਸ਼ੱਕੀ ਮਰੀਜ਼ ਆਏ ਸਾਹਮਣੇ
ਜ਼ਿਲ੍ਹੇ ’ਚ ਅੱਜ 90 ਸ਼ੱਕੀ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਨੂੰ ਹੋਮ ਕੁਆਰੰਟਾਈਨ ’ਚ ਭੇਜ ਦਿੱਤਾ ਗਿਆ ਹੈ, ਜਿਸ ਨਾਲ ਹੋਮ ਕੁਆਰੰਟਾਈਨ ਵਿਚ ਰਹਿਣ ਵਾਲੇ ਮਰੀਜ਼ਾਂ ਦੀ ਗਿਣਤੀ 896 ਹੋ ਗਈ ਹੈ। ਜਦਕਿ 34 ਪਾਜ਼ੇਟਿਵ ਮਰੀਜ਼ ਹੋਮ ਆਈਸੋਲੇਸ਼ਨ ’ਚ ਭੇਜੇ। ਹੋਮ ਆਈਸੋਲੇਸ਼ਨ ’ਚ ਕੁੱਲ 418 ਮਰੀਜ਼ ਰਹਿ ਰਹੇ ਹਨ। ਜ਼ਿਲ੍ਹੇ ’ਚ 27 ਮਰੀਜ਼ਾਂ ਨੂੰ ਅੱਜ ਠੀਕ ਹੋਣ ਤੋਂ ਬਾਅਦ ਡਿਸਚਾਰਜ ਕਰ ਦਿੱਤਾ ਗਿਆ ਹੈ।
1730 ਵਿਅਕਤੀਆਂ ਦੇ ਸੈਂਪਲ ਜਾਂਚ ਲਈ ਭੇਜੇ
ਅੱਜ 1730 ਵਿਅਕਤੀਆਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ। ਇਨ੍ਹਾਂ ’ਚੋਂ 1182 ਸੈਂਪਲ ਸਿਹਤ ਵਿਭਾਗ ਵੱਲੋਂ, ਜਦੋਂਕਿ 548 ਸੈਂਪਲ ਨਿੱਜੀ ਹਸਪਤਾਲਾਂ ਅਤੇ ਲੈਬਸ ਵੱਲੋਂ ਲਏ ਗਏ। ਸਿਹਤ ਅਧਿਕਾਰੀਆਂ ਮੁਤਾਬਕ 1858 ਸੈਂਪਲਾਂ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ।
ਮ੍ਰਿਤਕ ਮਰੀਜ਼ਾਂ ਦਾ ਬਿਊਰਾ
ਇਲਾਕਾ ਉਮਰ/ਲਿੰਗ ਹਸਪਤਾਲ
ਜਵੱਦੀ 68 ਮਹਿਲਾ ਡੀ. ਐੱਮ. ਸੀ.
ਪਿੰਡ ਮਿਲਕੇਵਾਲ 65 ਪੁਰਸ਼ ਡੀ. ਐੱਮ. ਸੀ.
ਦੀਪ ਨਗਰ 52 ਮਹਿਲਾ ਐੱਸ. ਪੀ. ਐੱਸ.
ਪੰਜਾਬ ’ਚ ਕੋਰੋਨਾ ਦੇ ਨਵੇਂ ਸਟ੍ਰੇਨ ਦਾ ਕੋਈ ਮਾਮਲਾ ਨਹੀਂ : ਡਾ. ਭਾਸਕਰ
ਪੰਜਾਬ ਵਿਚ ਕੋਰੋਨਾ ਦਾ ਨਵੇਂ ਸਟ੍ਰੇਨ ਦਾ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ ਪਰ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਨਿਰਧਾਰਤ ਮਾਪਦੰਡਾਂ ਦੀ ਪਾਲਣ ਕਰਨੀ ਅਤਿ-ਜ਼ਰੂਰੀ ਹੈ। ਜਾਣਕਾਰੀ ਦਿੰਦੇ ਹੋਏ ਰਾਜ ਦੇ ਨੋਡਲ ਅਫਸਰ ਡਾ. ਰਾਜੇਸ਼ ਭਾਸਕਰ ਨੇ ਦੱਸਿਆ ਕਿ ਸੂਬੇ ਵਿਚ ਅਜਿਹਾ ਇਕ ਵੀ ਕੇਸ ਸਾਹਮਣੇ ਨਹੀਂ ਆਇਆ ਜੋ ਨਵੇਂ ਸਟ੍ਰੇਨ ਨਾਲ ਸਬੰਧਤ ਹੋਵੇ ਪਰ ਲੋਕਾਂ ਨੂੰ ਨਿਯਮਾਂ ਦੀ ਪਾਲਣਾ ਤਾਂ ਕਰਨੀ ਹੀ ਪਵੇਗੀ। ਉਨ੍ਹਾਂ ਕਿਹਾ ਕਿ ਸੂਬੇ ਦੇ ਜ਼ਿਲਿਆਂ ਤੋਂ ਅਜਿਹੀਆਂ ਰਿਪੋਰਟਾਂ ਦੀ ਭਰਮਾਰ ਹੈ ਕਿ ਜ਼ਿਆਦਾਤਰ ਲੋਕ ਨਾ ਤਾਂ ਮਾਸਕ ਪਹਿਨ ਰਹੇ ਹਨ ਅਤੇ ਨਾ ਹੀ ਸੋਸ਼ਲ ਡਿਸਟੈਂਸਿੰਗ ਦੀ ਪਾਲਣ ਕਰ ਰਹੇ ਹਨ। ਸੂਬੇ ਵਿਚ ਹੋਣ ਵਾਲੇ ਵਿਆਹ-ਸ਼ਾਦੀਆਂ ਵਿਚ ਜ਼ਿਆਦਾਤਰ ਲੋਕ ਮਾਸਕ ਪਹਿਨਣ ਨੂੰ ਪਹਿਲ ਨਹੀਂ ਦਿੰਦੇ। ਅਜਿਹੇ ਵਿਚ ਕੋਰੋਨਾ ਦੇ ਕੇਸ ਵਧ ਸਕਦੇ ਹਨ।