ਗਰਭਵਤੀ ਔਰਤਾਂ ਦੀ ਗਿਣਤੀ ਦੁੱਗਣੀ, ਡਾਕਟਰ ਸਿਰਫ ਇਕ

Saturday, Oct 13, 2018 - 12:33 AM (IST)

ਮੋਗਾ, (ਸੰਦੀਪ ਸ਼ਰਮਾ)- ਜ਼ਿਲਾ ਪੱਧਰੀ ਸਿਵਲ ਹਸਪਤਾਲ ਡਾਕਟਰਾਂ ਦੀ ਭਾਰੀ ਘਾਟ ਕਰ ਕੇ ਅਕਸਰ ਸੁਰਖੀਆਂ ਵਿਚ ਰਹਿੰਦਾ ਹੈ। ਇਸ ਹਸਪਤਾਲ ਦਾ 24 ਘੰਟੇ ਸਿਹਤ ਸਹੂਲਤਾਂ ਦੇਣ ਵਾਲਾ ਐਮਰਜੈਂਸੀ ਵਾਰਡ ਐੱਮ. ਡੀ. ਮੈਡੀਸਨ ਦੀ ਕਮੀ ਕਰ ਕੇ ਪਿਛਲੇ ਕਈ ਮਹੀਨਿਆਂ ਤੋਂ ਰੈਫਰਲ ਹਸਪਤਾਲ ਹੀ ਬਣ ਕੇ ਰਹਿ ਗਿਆ ਹੈ, ਜਿਸ ਕਰ ਕੇ ਜ਼ਿਲੇ ਦੇ ਜ਼ਰੂਰਤਮੰਦ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਜੇ ਹਸਪਤਾਲ ਦੇ ਗਾਇਨੀ ਵਾਰਡ ਦੀ ਗੱਲ ਕਰੀਏ ਤਾਂ ਇਸ ਵਾਰਡ ਦੇ ਹਾਲਾਤ ਵੀ ਅੱਜਕਲ ਐਮਰਜੈਂਸੀ ਵਾਰਡ ਵਰਗੇ ਹੀ ਜਾਪ ਰਹੇ ਹਨ ਕਿਉਂਕਿ ਇਸ ਵਾਰਡ ਵਿਚ ਦਾਖਲ ਗਰਭਵਤੀ ਅੌਰਤਾਂ ਦੀ ਗਿਣਤੀ ਤਾਂ ਇੱਥੇ ਦਿੱਤੀ ਗਈ ਬੈੱਡਾਂ ਦੀ ਸਹੂਲਤ ਤੋਂ ਦੁੱਗਣੀ ਹੈ ਪਰ ਜੇ ਇਨ੍ਹਾਂ ਦੇ ਇਲਾਜ ਅਤੇ ਡਲਿਵਰੀ ਦੀ ਗੱਲ ਕਰੀਏ ਤਾਂ ਇਹ ਇਕ ਹੀ ਗਾਇਨਾਕਾਲੋਜਿਸਟ ’ਤੇ ਹੀ ਨਿਰਭਰ ਹੈ। ਇਕ ਡਾਕਟਰ ਲਈ ਇੰਨੀ ਜ਼ਿੰਮੇਵਾਰੀ ਸੰਭਾਲਣੀ ਵੱਡੀ ਚੁਣੌਤੀ ਜਾਪਦੀ ਹੈ। ਇੱਥੇ ਦਾਖਲ ਗਰਭਵਤੀ ਅੌਰਤਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਡਾਕਟਰਾਂ ਦੀ ਘਾਟ ਕਰ ਕੇ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨ ਦੀ ਗੱਲ ਕਹੀ ਹੈ ਅਤੇ ਹਸਪਤਾਲ ਪ੍ਰਬੰਧਨ ਨੂੰ ਜਲਦੀ ਤੋਂ ਜਲਦੀ ਹੋਰ ਮਾਹਿਰ ਡਾਕਟਰਾਂ ਦਾ ਪ੍ਰਬੰਧ ਕਰਨ ਦੀ ਅਪੀਲ  ਵੀ  ਕੀਤੀ ਹੈ। ਉੱਥੇ ਹੀ ਦੂਜੇ ਪਾਸੇ ਡਾਕਟਰ ਘੱਟ ਹੋਣ ਕਰ ਕੇ ਇੱਥੇ ਡਿਊਟੀ ਕਰ ਰਹੀਆਂ ਸਟਾਫ ਨਰਸਾਂ ਨੂੰ ਮਰੀਜ਼ਾਂ ਦੇ ਰੋਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਵਾਰਡ ਵਿਚ ਇਕ ਹੀ ਬੈੱਡ ’ਤੇ ਦਾਖਲ ਹਨ ਦੋ-ਦੋ ਗਰਭਵਤੀ ਔਰਤਾਂ
ਜੱਚਾ-ਬੱਚਾ ਵਾਰਡ ਵਿਚ ਹਾਲਾਤ ਇਹ ਹਨ ਕਿ ਡਲਿਵਰੀ ਲਈ ਇਕ  ਹੀ ਬੈੱਡ ’ਤੇ ਦੋ-ਦੋ  ਗਰਭਵਤੀ ਔਰਤਾਂ ਦਾਖਲ ਕੀਤੀਆਂ ਗਈਆਂ ਹਨ  ਪਰ ਇਨ੍ਹਾਂ ਦੀ ਦੇਖਭਾਲ ਦਾ ਜ਼ਿੰਮਾ ਇਕ ਹੀ ਅੌਰਤਾਂ ਦੀ ਮਾਹਿਰ ਡਾ. ਮਨੀਸ਼ਾ ’ਤੇ ਹੈ ਅਤੇ ਇਸੇ ਹੀ ਡਾਕਟਰ ’ਤੇ ਜੱਚਾ-ਬੱਚਾ ਵਾਰਡ ਦੀ ਓ. ਪੀ. ਡੀ. ਵਿਚ ਆਉਣ ਵਾਲੇ ਮਰੀਜ਼ਾਂ ਦੀ ਜਾਂਚ ਕਰਨ ਦੀ ਜ਼ਿੰਮੇਵਾਰੀ ਹੈ, ਜਿਸ ਕਰ ਕੇ ਵਾਰਡ ਦੇ ਵੱਖ-ਵੱਖ ਕਮਰਿਆਂ ਵਿਚ ਦਾਖਲ ਅੌਰਤਾਂ ਦੀ ਦੇਖਭਾਲ ਦੀ ਡਿਊਟੀ ਜ਼ਿਆਦਾਤਰ ਨਰਸਿੰਗ ਸਟਾਫ ਨੂੰ ਹੀ ਨਿਭਾਉਣੀ ਪੈ ਰਹੀ ਹੈ।
ਜ਼ਿਲਾ ਪੱਧਰੀ ਹਸਪਤਾਲ ਹੋਣ ਕਰ ਕੇ ਓ. ਪੀ. ਡੀ. ’ਚ ਰੋਜ਼ਾਨਾ ਆਉਂਦੀਆਂ ਹਨ 170 ਤੋਂ 180 ਅੌਰਤਾਂ 
ਜ਼ਿਲਾ ਪੱਧਰੀ ਹਸਪਤਾਲ ਹੋਣ ਕਰ ਕੇ ਇਸ ਦੇ ਜੱਚਾ-ਬੱਚਾ ਵਾਰਡ ਵਿਚ 170 ਤੋਂ ਵੀ ਵੱਧ ਅੌਰਤਾਂ ਓ. ਪੀ. ਡੀ. ਵਿਚ ਜਾਂਚ ਕਰਨ ਵਾਲੀ ਅੌਰਤਾਂ ਦੀ ਮਾਹਿਰ ਡਾਕਟਰ ਪਾਸੋਂ ਅਾਪਣੀਆਂ ਵੱਖ-ਵੱਖ ਬੀਮਾਰੀਆਂ ਦਾ ਇਲਾਜ ਕਰਵਾਉਣ ਲਈ ਆਉਂਦੀਆਂ ਹਨ। ਇਕ ਡਾਕਟਰ ਲਈ ਓ. ਪੀ. ਡੀ., ਆਪ੍ਰੇਸ਼ਨ ਥੀਏਟਰ, ਵਾਰਡਾਂ ਵਿਚ ਦਾਖਲ ਅੌਰਤਾਂ ਦੀ ਦੇਖਭਾਲ ਅਤੇ ਲੇਬਰ ਰੂਮ ਵਿਚ ਐਮਰਜੈਂਸੀ ਹਾਲਾਤ ਵਿਚ ਸੇਵਾਵਾਂ  ਦੀ ਜ਼ਿੰਮੇਵਾਰੀ ਨਿਭਾਉਣੀ ਬਹੁਤ ਹੀ ਮੁਸ਼ਕਲ ਹੈ। ਵਾਰਡ ਵਿਚ ਦਾਖਲ ਇਕ ਹੀ ਬੈੱਡ ’ਤੇ ਦਾਖਲ ਦੋ ਅੌਰਤਾਂ ਵੀਰਪਾਲ ਕੌਰ ਪਤਨੀ ਦਵਿੰਦਰ ਸਿੰਘ ਵਾਸੀ ਡਰੋਲੀ ਭਾਈ ਅਤੇ ਰਮਨਦੀਪ ਕੌਰ ਪਤਨੀ ਸਤਨਾਮ ਸਿੰਘ ਵਾਸੀ ਨਾਥੇਵਾਲਾ ਨੇ ਦੱਸਿਆ ਕਿ ਵਾਰਡ ਵਿਚ ਅਲੱਗ ਬੈੱਡ ਨਾ ਹੋਣ ਕਰ ਕੇ ਸਟਾਫ ਵਲੋਂ ਉਨ੍ਹਾਂ ਨੂੰ ਇਕ ਹੀ ਬੈੱਡ ਦਿੱਤਾ ਗਿਆ ਹੈ। ਦਾਖਲ ਅੌਰਤਾਂ ਦੇ ਮੌਕੇ ’ਤੇ ਮੌਜੂਦ ਰਿਸ਼ਤੇਦਾਰਾਂ ਨੇ ‘ਜਗ ਬਾਣੀ’ ਦੇ ਪ੍ਰਤੀਨਿਧੀ ਨਾਲ ਰੋਸ ਜਤਾਉਂਦੇ ਹੋਏ ਕਿਹਾ ਕਿ ਵਿਭਾਗ ਅਤੇ ਇਸਦੇ ਅਧਿਕਾਰੀ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇ ਵੱਡੇ-ਵੱਡੇ ਦਾਅਵੇ ਤਾਂ ਬਹੁਤ ਕਰੇ ਹਨ ਪਰ ਜ਼ਮੀਨੀ ਹਕੀਕਤ ਸਰਕਾਰੀ ਹਸਪਤਾਲਾਂ ਵਿਚ ਪਹੁੰਚ ਕੇ ਹੀ ਸਾਹਮਣੇ ਆਉਂਦੀ ਹੈ। ਉਨ੍ਹਾਂ ਵਿਭਾਗੀ ਉੱਚ ਅਧਿਕਾਰੀਆਂ ਨੂੰ ਇਸ ਵਿਚ ਸੁਧਾਰ ਲਈ ਪ੍ਰਭਾਵਸ਼ਾਲੀ ਕਦਮ ਚੁੱਕਣ ਦੀ ਅਪੀਲ ਕੀਤੀ।
ਪਹਿਲਾਂ ਸੀ ਅੌਰਤਾਂ ਦੇ ਮਾਹਿਰ ਤਿੰਨ ਡਾਕਟਰਾਂ ਦੀ ਤਾਇਨਾਤੀ, ਹੁਣ ਹੈ ਸਿਰਫ ਇਕ ਮਾਹਿਰ ਡਾਕਟਰ
ਪਹਿਲਾਂ ਇਸ ਗਾਇਨੀ ਵਾਰਡ ਵਿਚ  ਤਿੰਨ ਮਾਹਿਰ ਡਾਕਟਰ ਇਸ ਵਾਰਡ ਦੀ ਓ. ਪੀ. ਡੀ. ਵਿਚ  ਅੌਰਤਾਂ ਦੀ ਜਾਂਚ ਅਤੇ ਇਲਾਜ ਕਰਦੇ ਸਨ ਪਰ ਹੁਣ ਇਕ ਹੀ ਡਾਕਟਰ ਮਨੀਸ਼ਾ ਹੀ ਤਾਇਨਾਤ ਹਨ ਕਿਉਂਕਿ ਬਾਕੀ ਦੋਵੇਂ ਡਾਕਟਰ ਡਾ. ਡਿੰਪਲ ਅਤੇ ਡਾ. ਸ਼ੀਨੂ ਗੋਇਲ ਵਲੋਂ ਅਾਪਣੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਹੁਣ ਤੱਕ ਕਿਸੇ ਵੀ ਨਵੇਂ ਡਾਕਟਰ ਦੀ ਤਾਇਨਾਤੀ ਨਹੀਂ ਕੀਤੀ ਗਈ ਹੈ।
PunjabKesari
 ਵਿਭਾਗ ਨੂੰ ਲਿਖਤੀ ਤੌਰ ’ਤੇ ਭੇਜੀ ਜਾ ਚੁੱਕੀ ਹੈ ਸੂਚਨਾ : ਸਿਵਲ ਸਰਜਨ
ਇਸ ਮਾਮਲੇ ਸਬੰਧੀ ਜਦੋਂ ਸਿਵਲ ਸਰਜਨ ਡਾ. ਸੁਸ਼ੀਲ ਜੈਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਹਸਪਤਾਲ ਦੇ ਐੱਸ. ਐੱਮ. ਓ. ਡਾ. ਰਾਜੇਸ਼ ਅੱਤਰੀ ਨੂੰ ਅੌਰਤਾਂ ਦੇ ਮਾਹਿਰ ਡਾਕਟਰਾਂ ਵਲੋਂ ਨੌਕਰੀ ਤੋਂ ਅਸਤੀਫਾ ਦੇਣ ਕਰ ਕੇ ਜੱਚਾ-ਬੱਚਾ ਵਾਰਡ ਵਿਚ ਪੇਸ਼ ਆਉਣ ਵਾਲੀਆਂ ਪ੍ਰੇਸ਼ਾਨੀਆਂ ਬਾਰੇ ਜਾਣੂ ਕਰਵਾਇਆ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਵਲੋਂ ਲਿਖਤੀ ਤੌਰ ’ਤੇ ਵਿਭਾਗੀ ਉੱਚ ਅਧਿਕਾਰੀਆਂ ਨੂੰ ਡਾਕਟਰਾਂ ਦੀ ਘਾਟ ਨੂੰ ਦੂਰ ਕਰਨ ਦੀ ਅਪੀਲ ਕੀਤੀ ਗਈ ਹੈ, ਤਾਂ ਕਿ ਲੋਕਾਂ ਨੂੰ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਦਾ ਠੋਸ ਹੱਲ ਹੋ ਸਕੇ।


Related News