ਕਿਸਾਨ ਤੇ ਆੜ੍ਹਤੀਏ ਦੇ ਰਿਸ਼ਤੇ ਨੂੰ ਬਰਕਰਾਰ ਰੱਖਣ ਲਈ ਮੁੱਖ ਮੰਤਰੀ ਖੁਦ ਨਜਰਸ਼ਾਨੀ ਕਰਨ: ਧਲੇਵਾਂ

01/20/2020 9:17:40 PM

ਬੁਢਲਾਡਾ,(ਮਨਜੀਤ)- ਪੰਜਾਬ ਵਿੱਚ ਕਿਸਾਨੀ ਅੱਜ ਮੰਦਹਾਲੀ ਵਿੱਚ ਹੈ ਪਰ ਇਸ ਹਾਲਤ ਵਿੱਚ ਕਿਸਾਨਾਂ ਤੇ ਆੜ੍ਹਤੀਆਂ, ਮਜਦੂਰਾਂ, ਮੁਨੀਮਾਂ ਦਾ ਆਪਸੀ ਰਿਸ਼ਤਾ ਮਜਬੂਤ ਦਿਖਾਈ ਦੇ ਰਿਹਾ ਹੈ। ਪਰ ਹੁਣ ਪੰਜਾਬ ਸਰਕਾਰ ਇਹ ਕਾਨੂੰਨ ਲਿਆ ਰਹੀ ਹੈ ਕਿ ਕਿਸਾਨਾਂ ਨੂੰ ਫਸਲੀ ਅਦਾਇਗੀ ਕਰਨ ਦੀ ਰਾਸ਼ੀ ਦਾ ਸਿੱਧਾ ਭੁਗਤਾਨ ਦਿੱਤਾ ਜਾਵੇਗਾ। ਜਿਸ ਵਿੱਚ ਆੜ੍ਹਤੀਆਂ ਦਾ ਕੋਈ ਰੋਲ ਅਦਾ ਨਹੀਂ ਹੋਵੇਗਾ। ਸਰਕਾਰ ਵੱਲੋਂ ਲਿਆਂਦੇ ਜਾ ਰਹੇ ਇਸ ਕਾਨੂੰਨ ਮੁਤਾਬਕ ਆੜ੍ਹਤੀਆਂ ਅਤੇ ਕਿਸਾਨ ਦਾ ਆਪਸ ਵਿੱਚ ਕੋਈ ਸਿੱਧਾ ਸੰਪਰਕ ਨਹੀਂ ਹੋਵੇਗਾ। ਕਿਸਾਨ ਸਰਕਾਰ ਨੂੰ ਫਸਲ ਵੇਚੇਗਾ। ਸਰਕਾਰ ਕਿਸਾਨ ਦੇ ਖਾਤੇ ਵਿੱਚ ਸਿੱਧੀ ਅਦਾਇਗੀ ਕਰੇਗੀ। ਪਰ ਦੂਜੇ ਪਾਸੇ ਸਰਕਾਰ ਦੇ ਇਸ ਨਿਯਮ ਦੇ ਕਾਰਨ ਆੜ੍ਹਤੀਆਂ, ਮਜਦੂਰ ਅਤੇ ਮੁਨੀਮ ਨਿਰਾਸ਼ਾ ਵਿੱਚ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਆੜ੍ਹਤੀਏ ਅਤੇ ਕਿਸਾਨ ਦਾ ਰਿਸ਼ਤਾ ਪੰਜਾਬ ਵਿੱਚ ਭਾਈਚਾਰਕ ਸਾਂਝ ਇੱਕ ਦੂਜੇ ਦੇ ਦੁੱਖ-ਸੁੱਖ ਦਾ ਸਾਥੀ ਬਣ ਕੇ ਵਪਾਰਕ ਰੂਪ ਵਿੱਚ ਚੱਲ ਰਿਹਾ ਹੈ। ਪਰ ਜੇਕਰ ਕੈਪਟਨ ਸਰਕਾਰ ਇਹ ਕਾਨੂੰਨ ਥੋਪਦੀ ਹੈ ਤਾਂ ਆੜ੍ਹਤੀਆਂ ਅਤੇ ਕਿਸਾਨ ਦਾ ਆਪਸੀ ਰਿਸ਼ਤਾ ਟੁੱਟ ਜਾਵੇਗਾ। ਇਸ ਸੰਬੰਧੀ ਆੜ੍ਹਤੀਆਂ ਅਤੇ ਰਾਈਸ ਮਿਲਰ ਦੇ ਆਗੂ ਸ਼ਾਮ ਲਾਲ ਧਲੇਵਾਂ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਨੂੰ ਇਹ ਕਾਨੂੰਨ ਲਾਗੂ ਨਹੀਂ ਹੋਣ ਦੇਣਾ ਚਾਹੀਦਾ, ਜਿਸ ਵਿੱਚ ਕਿਸਾਨ ਨੂੰ ਸਿੱਧੀ ਅਦਾਇਗੀ ਮਿਲੇਗੀ। ਉਨ੍ਹਾਂ ਕਿਹਾ ਕਿ ਜਿੱਥੇ ਇਸ ਤਰ੍ਹਾਂ ਕਰਨ ਨਾਲ ਲੱਖਾਂ ਪਰਿਵਾਰਾਂ ਦਾ ਕਾਰੋਬਾਰ ਖਤਮ ਹੋਵੇਗਾ। ਉੱਥੇ ਕਿਸਾਨ ਅਤੇ ਆੜ੍ਹਤੀਏ ਦਾ ਆਪਸੀ ਲੈਣ-ਦੇਣ, ਦੁੱਖ-ਸੁੱਖ ਦੇ ਸਾਥੀ ਹੋਣ ਵਿੱਚ ਵੀ ਦੂਰੀਆਂ ਪੈਦਾ ਹੋਣਗੀਆਂ। ਉਨਾਂ੍ਹ ਕਿਹਾ ਕਿ ਅੱਜ ਬਿਨ੍ਹਾਂ ਵੇਚ ਵੱਟੇ ਦੇ ਵੀ ਆੜ੍ਹਤੀਆਂ ਕਿਸਾਨ ਨੂੰ ਵਿਆਹ, ਸ਼ਾਦੀਆਂ ਅਤੇ ਖੁਸ਼ੀ ਅਤੇ ਗਮੀ ਮੌਕੇ ਆਰਥਿਕ ਤੌਰ ਤੇ ਮਦਦ ਕਰਦਾ ਹੈ। ਪਰ ਜਦੋਂ ਇਹ ਰਿਸ਼ਤਾ ਟੁੱਟ ਜਾਵੇਗਾ ਤਾਂ ਇਸ ਨਾਲ ਪੰਜਾਬ ਵਿੱਚ 50 ਹਜਾਰ ਦੇ ਕਰੀਬ ਲੇਵਰ ਪਰਿਵਾਰ, 40 ਹਜਾਰ ਦੇ ਕਰੀਬ ਮੁਲਾਜਮ, 20 ਹਜਾਰ ਦੇ ਕਰੀਬ ਆੜ੍ਹਤੀਆ ਪਰਿਵਾਰ ਅਤੇ 20 ਲੱਖ ਦੇ ਕਰੀਬ ਕਿਸਾਨ ਪ੍ਰਭਾਵਿਤ ਹੋਣਗੇ। ਉਨ੍ਹਾਂ ਮੁੱਖ ਮੰਤਰੀ ਤੋਂ ਪੰਜਾਬ ਤੋਂ ਮੰਗ ਕੀਤੀ ਕਿ ਆੜ੍ਹਤੀਆਂ ਅਤੇ ਕਿਸਾਨਾਂ ਦੇ ਰਿਸ਼ਤੇ ਨੂੰ ਦੇਖਦੇ ਹੋਏ, ਇਸ ਤੇ ਖੁਦ ਵਿਚਾਰ ਕਰੇ ਅਤੇ ਪਹਿਲਾਂ ਵਾਂਗ ਚੱਲਦੇ ਕਾਰੋਬਾਰ ਨੂੰ ਬਰਕਰਾਰ ਰੱਖੇ ਤਾਂ ਜੋ ਦੋਵੇਂ ਵਰਗ ਖੁਸ਼ਹਾਲੀ ਨਾਲ ਆਪਣਾ ਕਾਰੋਬਾਰ ਚਲਾ ਸਕਣ। ਸ਼੍ਰੀ ਧਲੇਵਾਂ ਨੇ ਕਿਹਾ ਕਿ ਕੁਝ ਅਫਸਰਸ਼ਾਹੀ ਅਤੇ ਆੜ੍ਹਤੀਏ ਕੇਂਦਰ ਅਤੇ ਸੂਬਾ ਸਰਕਾਰ ਨੂੰ ਗੁੰਮਰਾਹ ਕਰਕੇ ਕਾਲਾ ਕਾਨੂੰਨ ਥੋਪ ਰਹੇ ਹਨ । ਜਿਸ ਨੂੰ ਸਰਕਾਰ ਵੱਲੋਂ ਗੰਭੀਰਤਾ ਨਾਲ ਲੈਣ ਦੀ ਲੋੜ ਹੈ।  ਅਖੀਰ ਵਿੱਚ ਸ਼੍ਰੀ ਧਲੇਵਾਂ ਨੇ ਕਿਹਾ ਕਿ ਆੜ੍ਹਤੀਆਂ ਵੱਲੋਂ ਪੰਜਾਬ ਦੀਆਂ ਸਾਰੀਆਂ ਗਊਸ਼ਾਲਾਵਾਂ ਨੂੰ ਆਪਣੀ ਆੜ੍ਹਤ ਵਿੱਚੋਂ ਦਸਵੰਧ ਕੱਢ ਕੇ ਦਾਨ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਆੜ੍ਹਤੀਆਂ ਦੀ ਇਸ ਮੰਗ ਤੇ ਗੌਰ ਨਾ ਕੀਤੀ ਤਾਂ ਗਊਸ਼ਾਲਾਵਾਂ ਦਾ ਵੀ ਨੁਕਸਾਨ ਹੋਵੇਗਾ, ਜਿਸ ਦੀ ਜਿੰਮੇਵਾਰ ਸਰਕਾਰ ਹੋਵੇਗੀ।  ਇਸ ਮੌਕੇ ਜਸਵਿੰਦਰ ਸਿੰਘ ਵਿਰਕ, ਰਾਕੇਸ਼ ਕੁਮਾਰ ਭੀਖੀ ਵਾਲੇ, ਟੀਟੂ ਕੋਟਲੀ,  ਜੁਗਰਾਜ ਸਿੰਘ ਬੀਰੋਕੇ, ਰਾਜ ਕੁਮਾਰ ਭੱਠਲ, ਗੁਰਮੇਲ ਸਿੰਘ ਬੀਰੋਕੇ ਤੋਂ ਇਲਾਵਾ ਹੋਰ ਵੀ ਮੌਜੂਦ ਸਨ।


Bharat Thapa

Content Editor

Related News