ਜਥੇਦਾਰ ਵੱਲੋਂ ‘ਅਕਾਲੀ’ ਹੋਣ ਦਾ ਥਾਪੜਾ ਮਿਲ ਗਿਆ, ਹੋਰ ਸਰਟੀਫ਼ਿਕੇਟ ਦੀ ਲੋੜ ਨਹੀਂ : ਜਗਮੀਤ ਬਰਾੜ

12/12/2022 6:53:03 PM

ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਤੋਂ ਲੰਘੇ ਦਿਨੀਂ ਬਰਖ਼ਾਸਤ ਕੀਤੇ ਸੀਨੀਅਰ ਅਕਾਲੀ ਨੇਤਾ ਜਗਮੀਤ ਸਿੰਘ ਬਰਾੜ ਸਾਬਕਾ ਐੱਮ. ਪੀ. ਨੇ ਅੱਜ 'ਜਗ ਬਾਣੀ' ਨਾਲ ਭਵਿੱਖ ਦੀ ਰਾਜਨੀਤੀ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਅਕਾਲੀ ਹੈ ਤੇ ਰਹੇਗਾ। ਬਾਕੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਉਨ੍ਹਾਂ ਨੂੰ ਮਿਲਣੀ ਦੌਰਾਨ ਜੋ ਥਾਪੜਾ ਦਿੱਤਾ ਹੈ ਅਤੇ ਸਾਫ਼ ਆਖਿਆ ਹੈ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਵਿਚ ਏਕਤਾ ਦੀ ਬਹਾਲੀ ਲਈ ਕੰਮ ਕਰੋ। ਤੁਸੀਂ ਅਕਾਲੀ ਹੋ ਤੇ ਹਮੇਸ਼ਾ ਰਹੋਗੇ। ਇਸ ਲਈ ਹੁਣ ਮੈਨੂੰ ਕਿਸੇ ਦੇ ਸਰਟੀਫ਼ਿਕੇਟ ਦੀ ਲੋੜ ਨਹੀਂ। ਇਹ ਲੋਕ ਪਾਰਟੀ ਵਿਚੋਂ ਤਾਂ ਆਪਣੀ ਕਾਰਵਾਈ ਕਰਕੇ ਮੈਨੂੰ ਕੱਢ ਸਕਦੇ ਸਨ ਪਰ ਲੋਕਾਂ ਦੇ ਦਿਲਾਂ ਵਿਚੋਂ ਨਹੀਂ।

ਇਹ ਵੀ ਪੜ੍ਹੋ :  ਪੰਜਾਬ ਸਰਕਾਰ ਵੱਲੋਂ ਐੱਨ. ਆਰ. ਆਈਜ਼. ਨਾਲ ਮਿਲਣੀ ਦੇ ਪ੍ਰੋਗਰਾਮ ਤੋਂ ਪਹਿਲਾਂ ਜਾਖੜ ਨੇ ਚੁੱਕੇ ਵੱਡੇ ਸਵਾਲ

ਬਰਾੜ ਨੇ ਕਿਹਾ ਕਿ ਜਿਸ ਦਿਨ ਤੋਂ ਮੈਨੂੰ ਇਨ੍ਹਾਂ ਨੇ ਪਾਰਟੀ ਵਿਚੋਂ ਬਰਖ਼ਾਸਤ ਕੀਤਾ ਹੈ, ਉਸ ਦਿਨ ਤੋਂ ਹਰ ਰੋਜ਼ ਹਜ਼ਾਰਾਂ ਫੋਨ ਆ ਰਹੇ ਹਨ। ਲੋਕ ਨਿੱਜੀ ਤੌਰ ’ਤੇ ਮਿਲ ਰਹੇ ਹਨ। ਸੋਸ਼ਲ ਮੀਡੀਏ ’ਤੇ ਆਪਣੇ ਦਿਲ ਦੀਆਂ ਗੱਲਾਂ ਆਖ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਵੀ ਅਕਾਲੀ ਨੇਤਾ ਝੂੰਦਾਂ ਕਮੇਟੀ, ਜਿਸ ਵਿਚ 100 ਹਲਕਿਆਂ ਦੀ ਜਾਂਚ ਹੇਠਲੇ ਪੱਧਰ ਤੋਂ ਵਰਕਰਾਂ ਦੀ ਗੱਲ ਸੁਣ ਕੇ ਕੀਤੀ ਗਈ ਹੈ ਅਤੇ ਉਹ ਰਿਪੋਰਟ ਵਰਕਰਾਂ ਦੀ ਤਰਜਮਾਨੀ ਕਰਦੀ ਹੈ, ਜੋ ਉਸ ਨੂੰ ਲਾਗੂ ਜਾਂ ਜਗ ਜ਼ਾਹਿਰ ਕਰਨ ਲਈ ਕਹੇਗਾ, ਉਸ ਨਾਲ ਮੇਰੇ ਵਾਂਗ ਹੋਣਾ ਸੁਭਾਵਿਕ ਹੈ ਕਿਉਂਕਿ ਮੈਂ ਰਿਪੋਰਟ ਜਨਤਕ ਕਰਨ ਦੀ ਮੰਗ ਕੀਤੀ ਸੀ।

ਇਹ ਵੀ ਪੜ੍ਹੋ : ਸ਼ਹੀਦੀ ਜੋੜ ਮੇਲ ਤੋਂ ਪਹਿਲਾਂ ਕੇਂਦਰ ਸਰਕਾਰ ਵਲੋਂ ਕੀਤਾ ਜਾ ਸਕਦੈ ਅਹਿਮ ਐਲਾਨ

ਉਨ੍ਹਾਂ ਕਿਹਾ ਕਿ ਜਦੋਂ ਤੱਕ ਝੂੰਦਾਂ ਕਮੇਟੀ ਦੀ ਰਿਪੋਰਟ ਦਾ ਸੱਚ ਲੋਕਾਂ ਸਾਹਮਣੇ ਨਹੀਂ ਆ ਜਾਂਦਾ, ਉਦੋਂ ਤੱਕ ਅਕਾਲੀ ਦਲ ਦੇ ਪੈਰ ਲੱਗਣੇ ਮੁਸ਼ਕਲ ਹਨ ਕਿਉਂਕਿ ਉਹ ਰਿਪੋਰਟ ਵਰਕਰਾਂ ਦੇ ਦਿਲ ਦੀ ਕੂਕ ਹੈ। ਬਰਾੜ ਨੇ ਕਿਹਾ ਕਿ ਉਹ ਹੋਰ ਕਿਸੇ ਰਾਜਸੀ ਪਾਰਟੀ ਵਿਚ ਨਹੀਂ ਜਾਣਗੇ ਪਰ ਅਕਾਲੀ ਸਫਾਂ ਵਿਚ ਏਕਾ ਅਤੇ ਆਪਣੀ ਗੱਲ ਕਹਿਣ ਤੋਂ ਕਦੇ ਪਿੱਛੇ ਨਹੀਂ ਹਟਣਗੇ। ਜਲਦ ਹੀ ਆਪਣੇ ਸਾਥੀਆਂ ਨਾਲ ਭਵਿੱਖ ਦੀ ਰਣਨੀਤੀ ਬਾਰੇ ਰੌਸ਼ਨੀ ਪਾਉਣਗੇ।

ਇਹ ਵੀ ਪੜ੍ਹੋ :  ਗੁਜਰਾਤ ਜਿੱਤ ਮਗਰੋਂ ਭਾਜਪਾ ਹਾਈਕਮਾਂਡ ਦੀਆਂ ਨਜ਼ਰਾਂ ਪੰਜਾਬ 'ਤੇ, ਅਗਲੇ 6 ਮਹੀਨੇ ਅਹਿਮ

ਨੋਟ ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Harnek Seechewal

Content Editor

Related News