ਨਸ਼ਾ ਸਮੱਗਲਿੰਗ ’ਚ ਔਰਤਾਂ ਦੀ ਵਧ ਰਹੀ ਸਰਗਰਮੀ

07/19/2019 6:13:58 AM

ਬਠਿੰਡਾ, (ਅਮਿਤਾ)- ਸੂਬੇ ’ਚ ਨਸ਼ਾ ਇਸ ਤਰ੍ਹਾਂ ਪ੍ਰਚੰਡ ਹੋ ਰਿਹਾ ਹੈ ਕਿ ਨਸ਼ਾ ਕਰਨ ਤੋਂ ਵਧ ਲੋਕ ਨਸ਼ਾ ਸਮੱਗਲਿੰਗ ਕਰਨ ਦਾ ਧੰਦਾ ਕਰਨ ਲੱਗੇ ਹਨ। ਇਸ ’ਚ ਉਹ ਬੇਰੋਜ਼ਗਾਰ ਨੌਜਵਾਨ ਵੀ ਸ਼ਾਮਲ ਹਨ ਜੋ ਕੰਮ-ਧੰਦਾ ਨਾ ਮਿਲਣ ਦੀ ਸੂਰਤ ’ਚ ਅਜਿਹੇ ਕਾਰੋਬਾਰ ਕਰਦੇ ਹਨ ਪਰ ਸਾਡੇ ਸਮਾਜ ਲਈ ਬਹੁਤ ਹੀ ਚਿੰਤਾ ਦਾ ਵਿਸ਼ਾ ਇਹ ਹੈ ਕਿ ਅੱਜ ਦੀ ਔਰਤ ਜਿਸਨੂੰ ਅਸੀਂ ਸਨਮਾਨ ਦੀ ਨਜ਼ਰ ਨਾਲ ਦੇਖਦੇ ਸੀ, ਵੀ ਨਸ਼ਾ ਸਮੱਗਲਿੰਗ ਦੇ ਰੂਪ ’ਚ ਸਾਡੇ ਸਾਹਮਣੇ ਆਉਣ ਲੱਗੀ ਹੈ। ਮੀਡੀਆ ਦੀ ਇਕ ਰਿਪੋਰਟ ਦੇ ਆਧਾਰ ’ਤੇ ਇਹ ਪਾਇਆ ਗਿਆ ਹੈ ਕਿ 2019 ਦੇ ਜਨਵਰੀ ਮਹੀਨੇ ਤੋਂ ਲੈ ਕੇ ਜੂਨ ਤੱਕ ਕੁਲ 33 ਔਰਤਾਂ ਨੂੰ ਨਸ਼ਾ ਸਮੱਗਲਿੰਗ ਦੇ ਦੋਸ਼ ’ਚ ਨਾਮਜ਼ਦ ਕੀਤਾ ਹੈ, ਜਿਨ੍ਹਾਂ ਕੋਲੋਂ ਨਸ਼ੇ ਵਾਲੀਆਂ ਗੋਲੀਆਂ, ਭੁੱਕੀ, ਹੈਰੋਇਨ ਤੇ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ। ਭਾਵੇਂ ਹੀ 3 ਸੂਬਿਆਂ (ਰਾਜਸਥਾਨ, ਹਰਿਆਣਾ ਤੇ ਪੰਜਾਬ) ਦੀ ਪੁਲਸ ਵੱਲੋਂ ਨਸ਼ਿਆਂ ਖਿਲਾਫ ਸਾਂਝੀ ਮੁਹਿੰਮ ਚਲਾਈ ਗਈ ਹੈ ਪਰ ਫਿਰ ਵੀ ਮਰਦਾਂ ਨਾਲ ਔਰਤਾਂ ਬਾਹਰੀ ਸੂਬਿਆਂ ਤੋਂ ਨਸ਼ਾ ਤੇ ਨਾਜਾਇਜ਼ ਸ਼ਰਾਬ ਪੰਜਾਬ ਲਿਆਉਂਦੀਆਂ ਹਨ। ਅਜਿਹੇ ਕਾਰੋਬਾਰ ’ਚ ਔਰਤਾਂ ਦੀ ਸ਼ਮੂਲੀਅਤ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਗਿਆ ਹੈ। ਬਠਿੰਡਾ ਪੁਲਸ ਨੇ ਹੁਣ ਤੱਕ ਨਸ਼ੇ ਨਾਲ ਸਬੰਧਤ ਸੈਂਕਡ਼ੇ ਮਾਮਲੇ ਦਰਜ ਕੀਤੇ ਹਨ, ਜਿਸ ’ਚ ਖੇਤਰ ਭਰ ’ਚੋਂ 45 ਫੀਸਦੀ ਔਰਤਾਂ ਦੀ ਵੀ ਹਿੱਸੇਦਾਰੀ ਸਾਹਮਣੇ ਆਈ ਹੈ। ਜਨਵਰੀ ਤੋਂ ਹੁਣ ਤੱਕ ਜ਼ਿਲਾ ਪੁਲਸ ਨੇ ਨਸ਼ਿਆਂ ਦੀ ਸਮੱਗਲਿੰਗ ਨੂੰ ਲੈ ਕੇ ਕੁਲ 33 ਔਰਤਾਂ ’ਤੇ ਕੇਸ ਦਰਜ ਕੀਤਾ ਹੈ। ਅਜਿਹਾ ਕਾਰੋਬਾਰ ਕਰਦੇ ਹੋਏ ਫਡ਼ੀਆਂ ਜਾਣ ਵਾਲੀਆਂ ਔਰਤਾਂ ਜ਼ਿਆਦਾਤਰ ਪੇਂਡੂ ਪੱਧਰ ਨਾਲ ਜੁਡ਼ੀ ਹੋਈਆਂ ਹਨ। ਬਾਹਰੀ ਸੂਬਿਆਂ ਤੋਂ ਪੰਜਾਬ ’ਚ ਲਿਆਈ ਜਾਣ ਵਾਲੀ ਨਾਜਾਇਜ਼ ਸ਼ਰਾਬ ਤੇ ਹੋਰ ਪ੍ਰਕਾਰ ਦੇ ਨਸ਼ਿਆਂ ਸਬੰਧੀ ਦਰਜ ਕੀਤੇ ਗਏ ਮਾਮਲਿਆਂ ’ਚ ਸਪੱਸ਼ਟ ਦੱਸਿਆ ਗਿਆ ਹੈ ਕਿ ਇਨ੍ਹਾਂ ਸਾਰੇ ਪਦਾਰਥਾਂ ਦੀ ਸਮੱਗਲਿੰਗ ਔਰਤਾਂ ਜਾਂ ਤਾਂ ਖੁਦ ਆਪਣੇ ਘਰ ’ਚ ਕਰਦੀਆਂ ਹਨ ਜਾਂ ਫਿਰ ਆਪਣੇ ਪਤੀ ਨਾਲ ਇਸ ਜੁਰਮ ਨੂੰ ਅੰਜਾਮ ਦਿੰਦੀਆਂ ਹਨ। ਇਥੇ ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਜੇਕਰ ਹੇਠਲੇ ਪੱਧਰ ’ਤੇ ਅਜਿਹਾ ਕਾਰੋਬਾਰ ਪੁਲਸ ਦੀ ਨਜ਼ਰ ’ਚ ਨਹੀਂ ਆਉਂਦਾ ਤਾਂ ਸਮੱਗਲਿੰਗ ਦੀ ਆਮਦਨ ਦਾ ਲਾਲਚ ਮਨੁੱਖ ਨੂੰ ਇਸ ਕਾਰੋਬਾਰ ’ਚ ਹੋਰ ਜ਼ਿਆਦਾ ਗਹਿਰਾਈ ਤੱਕ ਲੈ ਜਾਂਦਾ ਹੈ।

ਔਰਤਾਂ ’ਤੇ ਨਸ਼ਾ ਸਮੱਗਲਿੰਗ ਦੇ ਇਹ ਮਾਮਲੇ ਹੋ ਚੁੱਕੇ ਹਨ ਦਰਜ

-9 ਜਨਵਰੀ ਨੂੰ ਬਠਿੰਡਾ ਦੀ ਸਿਵਲ ਲਾਈਨ ਪੁਲਸ ਨੇ ਔਰਤ ਪ੍ਰਦੀਪ ਕੌਰ ਵਾਸੀ ਬਲਰਾਮ ਨਗਰ ਨੂੰ 45 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਸੀ।

-11 ਜਨਵਰੀ ਨੂੰ ਬਠਿੰਡਾ ਜ਼ਿਲੇ ਦੇ ਪਿੰਡ ਨਥਾਣਾ ਦੀ ਪੁਲਸ ਨੇ ਪਿੰਡ ਭੈਣੀ ਦੀ ਰਹਿਣ ਵਾਲੀ ਔਰਤ ਸਰਬਜੀਤ ਕੌਰ ਨੂੰ ਇਕ ਵਿਅਕਤੀ ਸਮੇਤ ਹਰਿਆਣਾ ਦੀ ਨਾਜਾਇਜ਼ ਸ਼ਰਾਬ ਦੀਆਂ 34 ਬੋਤਲਾਂ ਸਮੇਤ ਕਾਬੂ ਕੀਤਾ ਸੀ।

-12 ਜਨਵਰੀ ਨੂੰ ਸੰਗਤ ਪੁਲਸ ਨੇ ਪਿੰਡ ਪਥਰਾਲਾ ਦੀ ਰਹਿਣ ਵਾਲੀ ਕਰਤਾਰ ਕੌਰ ਦੇ ਘਰੋਂ 5 ਕਿਲੋ ਭੁੱਕੀ ਬਰਾਮਦ ਕੀਤੀ ਸੀ।

-18 ਜਨਵਰੀ ਨੂੰ ਰਾਮਾਂ ਪੁਲਸ ਨੇ ਪਰਮਜੀਤ ਕੌਰ ਵਾਸੀ ਕਮਾਲੂ ਤੋਂ ਹਰਿਆਣਾ ਸ਼ਰਾਬ ਦੀਆਂ 56 ਬੋਤਲਾਂ ਫਡ਼ੀਆਂ ਸਨ।

-19 ਜਨਵਰੀ ਨੂੰ ਕੈਨਾਲ ਕਾਲੋਨੀ ਪੁਲਸ ਬਠਿੰਡਾ ਨੇ ਦੋ ਵਿਅਕਤੀਆਂ ਸਮੇਤ ਇਕ ਔਰਤ ਪਰਮਜੀਤ ਕੌਰ ਵਾਸੀ ਸੁਰਖਪੀਰ ਰੋਡ ਬਠਿੰਡਾ ਤੋਂ 100 ਗ੍ਰਾਮ ਹੈਰੋਇਨ ਤੇ ਹਜ਼ਾਰਾਂ ਦੀ ਨਕਦੀ ਬਰਾਮਦ ਕੀਤੀ ਸੀ।

-29 ਜਨਵਰੀ ਨੂੰ ਬਠਿੰਡਾ ਜ਼ਿਲੇ ਦੀ ਨਥਾਣਾ ਪੁਲਸ ਨੇ ਇਕ ਪਤੀ-ਪਤਨੀ ਨੂੰ ਘਰ ’ਚ ਪਈਆਂ ਨਾਜਾਇਜ਼ ਸ਼ਰਾਬ ਦੀਆਂ 48 ਬੋਤਲਾਂ ਸਮੇਤ ਕਾਬੂ ਕੀਤਾ ਸੀ, ਜਿਸ ’ਚ ਔਰਤ ਦੀ ਪਛਾਣ ਲਾਲੀ ਦੇਵੀ ਵਜੋਂ ਹੋਈ ਸੀ।

-8 ਫਰਵਰੀ ਨੂੰ ਤਲਵੰਡੀ ਸਾਬੋ ਪੁਲਸ ਨੇ ਪਿੰਡ ਮਾਹੀਨੰਗਲ ਦੀ ਰਹਿਣ ਵਾਲੀ ਔਰਤ ਰਾਣੀ ਕੌਰ ਨੂੰ ਨਾਜਾਇਜ਼ ਸ਼ਰਾਬ ਦੇ ਦੋਸ਼ ਹੇਠ ਨਾਮਜ਼ਦ ਕੀਤਾ ਸੀ।

-21 ਫਰਵਰੀ ਨੂੰ ਕੈਨਾਲ ਕਾਲੋਨੀ ਪੁਲਸ ਨੇ ਇਕ ਵਿਅਕਤੀ ਤੇ ਇਕ ਔਰਤ ਨੂੰ ਕਾਬੂ ਕੀਤਾ ਸੀ, ਜਿਨ੍ਹਾਂ ਕੋਲੋਂ 90 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਈਆਂ ਸਨ। ਮੁਲਜ਼ਮ ਔਰਤ ਦੀ ਪਛਾਣ ਵੀਨਾ ਰਾਣੀ ਵਜੋਂ ਹੋਈ ਸੀ।

-30 ਮਾਰਚ ਵਾਲੇ ਦਿਨ ਬਠਿੰਡਾ ਦੀ ਥਰਮਲ ਪੁਲਸ ਨੇ ਮਮਤਾ ਰਾਣੀ ਵਾਸੀ ਕੋਟਕਪੂਰਾ ਨੂੰ ਬਠਿੰਡਾ ’ਚ 50 ਗ੍ਰਾਮ ਹੈਰੋਇਨ ਲੈ ਕੇ ਆਉਂਦਿਆਂ ਕਾਬੂ ਕੀਤਾ ਸੀ।

-6 ਅਪ੍ਰੈਲ ਨੂੰ ਕੈਨਾਲ ਕਾਲੋਨੀ ਪੁਲਸ ਨੇ ਦੋ ਔਰਤਾਂ ਪਰਮਜੀਤ ਕੌਰ ਅਤੇ ਰਾਜੂ ਕੌਰ ਵਾਸੀ ਪਿੰਡ ਰਾਮਪੁਰਾ ਤੋਂ 15 ਕਿਲੋ ਭੁੱਕੀ ਬਰਾਮਦ ਕੀਤੀ ਸੀ।

-7 ਅਪ੍ਰੈਲ ਨੂੰ ਸਦਰ ਪੁਲਸ ਬਠਿੰਡਾ ਨੇ ਪਿੰਡ ਕੋਟਸ਼ਮੀਰ ਦੀ ਰਹਿਣ ਵਾਲੀ ਔਰਤ ਗੁਰਮੇਲ ਕੌਰ ਦੇ ਘਰੋਂ 60 ਨਸ਼ੇ ਵਾਲੀਆਂ ਗੋਲੀਆਂ ਫੜੀਆਂ ਸਨ।

-15 ਅਪ੍ਰੈਲ ਨੂੰ ਕੈਂਟ ਪੁਲਸ ਬਠਿੰਡਾ ਨੇ ਜਸਵਿੰਦਰ ਕੌਰ ਵਾਸੀ ਗੋਬਿੰਦਪੁਰਾ ਨੂੰ ਉਸਦੇ ਪਤੀ ਸਮੇਤ ਨਸ਼ੇ ਵਾਲੀਆਂ ਗੋਲੀਆਂ ਦਾ ਕਾਰੋਬਾਰ ਕਰਨ ਦੇ ਦੋਸ਼ ਵਿਚ ਕਾਬੂ ਕੀਤਾ ਸੀ।

-21 ਅਪ੍ਰੈਲ ਵਾਲੇ ਦਿਨ ਤਲਵੰਡੀ ਸਾਬੋ ਪੁਲਸ ਸਟੇਸ਼ਨ ਵਿਚ ਜਗਜੀਤ ਕੌਰ ਵਾਸੀ ਤਲਵੰਡੀ ਸਾਬੋ ਦੇ ਖਿਲਾਫ਼ 700 ਗ੍ਰਾਮ ਗਾਂਜਾ ਰੱਖਣ ਤਹਿਤ ਪਰਚਾ ਦਰਜ ਕੀਤਾ ਗਿਆ ਸੀ।

-22 ਅਪ੍ਰੈਲ ਨੂੰ ਕੈਨਾਲ ਕਾਲੋਨੀ ਪੁਲਸ ਨੇ ਮੰਗੋ ਦੇਵੀ ਵਾਸੀ ਬੰਗੀ ਨਗਰ ਕੋਲੋਂ ਹਰਿਆਣਾ ਸ਼ਰਾਬ ਦੀਆਂ 28 ਬੋਤਲਾਂ ਫਡ਼ੀਆਂ ਸਨ।

-10 ਮਈ ਵਾਲੇ ਦਿਨ ਜ਼ਿਲੇ ਦੇ ਪਿੰਡ ਨਥਾਣਾ ਦੀ ਪੁਲਸ ਨੇ ਪਿੰਡ ਨਥਾਣਾ ਦੀ ਰਹਿਣ ਵਾਲੀ ਚਰਨਜੀਤ ਕੌਰ ਦੇ ਘਰੋਂ 50 ਲੀਟਰ ਲਾਹਣ ਬਰਾਮਦ ਕੀਤੀ ਸੀ।

-26 ਮਈ ਨੂੰ ਬਾਲਿਆਂਵਾਲੀ ਪੁਲਸ ਨੇ ਖੋਖਰ ਪਿੰਡ ਦੀ ਰਹਿਣ ਵਾਲੀ ਔਰਤ ਮਨਪ੍ਰੀਤ ਕੌਰ ਤੇ ਉਸਦੇ ਇਕ ਹੋਰ ਸਾਥੀ ਕੋਲੋਂ ਨਜਾਇਜ਼ ਸ਼ਰਾਬ ਦੀਆਂ 6 ਬੋਤਲਾਂ ਬਰਾਮਦ ਕੀਤੀਆਂ ਸਨ।

-27 ਮਈ ਨੂੰ ਬਠਿੰਡਾ ਦੀ ਕੈਨਾਲ ਕਾਲੋਨੀ ਪੁਲਸ ਨੇ ਦੋ ਔਰਤਾਂ ਹਰਜੀਤ ਕੌਰ ਤੇ ਸੁਸ਼ੀਲਾ ਵਾਸੀ ਊਧਮ ਸਿੰਘ ਨਗਰ ਤੋਂ 55 ਗ੍ਰਾਮ ਹੈਰੋਇਨ ਤੇ ਲੱਖਾਂ ਦੀ ਡਰੱਗਜ਼ ਮਨੀ ਫਡ਼ੀ ਸੀ।

- 6 ਜੂਨ ਨੂੰ ਸੰਗਤ ਪੁਲਸ ਨੇ ਕਾਰ ਸਵਾਰ ਪਤੀ ਪਤਨੀ ਨੂੰ 72 ਬੋਤਲਾਂ ਨਾਜਾਇਜ਼ ਸਰਾਬ ਸਮੇਤ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਔਰਤ ਮੁਕਤਸਰ ਦੀ ਨਿਵਾਸੀ ਸੀ, ਜਿਸ ਦੀ ਪਛਾਣ ਪਰਮਜੀਤ ਕੌਰ ਵਜੋਂ ਹੋਈ ਸੀ।

- 10 ਜੂਨ ਨੂੰ ਕੋਤਵਾਲੀ ਪੁਲਸ ਨੇ ਬਠਿੰਡਾ ਦੇ ਬੱਸ ਸਟੈਂਡ ’ਚ ਗਸ਼ਤ ਦੌਰਾਨ ਇਕ ਔਰਤ ਸੀਮਾ ਵਾਸੀ ਕੋਠਾਗੁਰੂ ਤੇ ਹੋਰ ਇਕ ਪੁਰਸ਼ ਨੂੰ 26 ਕਿਲੋ ਪੋਸਤ ਸਮੇਤ ਗ੍ਰਿਫਤਾਰ ਕੀਤਾ ਸੀ।

- 13 ਜੂਨ ਨੂੰ ਸੰਗਤ ਪੁਲਸ ਨੇ ਕਾਰ ਸਵਾਰ ਤਿੰਨ ਵਿਅਕਤੀਆਂ ਸਮੇਤ ਹਰਜਿੰਦਰ ਕੌਰ ਤੇ ਅਮਰਜੀਤ ਕੌਰ ਵਾਸੀ ਮੁਕਤਸਰ ਕੋਲੋਂ 53 ਕਿਲੋ ਭੁੱਕੀ ਬਰਾਮਦ ਕੀਤੀ ਸੀ।

- 17 ਜੂਨ ਦੇ ਦਿਨ ਬਾਲਿਆਂਵਾਲੀ ਪੁਲਸ ਟੀਮ ਨੇ ਤੇਜ ਕੌਰ ਵਾਸੀ ਰਾਮਨਿਵਾਸ ਦੇ ਘਰ ਰੇਡ ਕਰ ਕੇ ਉਥੋਂ 15 ਲਿਟਰ ਲਾਹਣ ਬਰਾਮਦ ਕੀਤੀ ਸੀ।

- 24 ਜੂਨ ਨੂੰ ਨੇਹੀਆਂਵਾਲਾ ਪੁਲਸ ਨੇ ਦੋ ਔਰਤਾਂ ਨੂੰ ਪਰਮਜੀਤ ਕੌਰ ਤੇ ਕੁਲਵਿੰਦਰ ਕੌਰ ਵਾਸੀ ਪਰਸਰਾਮ ਨਗਰ ਕੋਲੋਂ ਢਾਈ ਕਿਲੋ ਪੋਸਤ ਫਡ਼ਿਆ ਸੀ। ਇਸ ਦਿਨ ਸੰਗਤ ਦੀ ਪੁਲਸ ਟੀਮ ਨੇ ਰੇਖਾ ਰਾਣੀ ਵਾਸੀ ਬਠਿੰਡਾ ਸਮੇਤ ਇਕ ਵਿਅਕਤੀ ਨੂੰ 7 ਕਿਲੋ ਭੁੱਕੀ ਸਮੱਗਲਿੰਗ ਕਰਦੇ ਹੋਏ ਫਡ਼ਿਆ ਸੀ। ਉਥੇ ਹੀ ਸੰਗਤ ਪੁਲਸ ਨੇ ਇਕ ਪਤੀ-ਪਤਨੀ ਮੱਖਣ ਸਿੰਘ ਤੇ ਕਰਮਜੀਤ ਕੌਰ ਵਾਸੀ ਪੱਕਾ ਕਲਾ ਕੋਲ 90 ਪੱਤੇ ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੇ ਸੀ।

- 27 ਜੂਨ ਨੂੰ ਬਠਿੰਡਾ ਦੀ ਸਿਵਲ ਲਾਈਨ ਪੁਲਸ ਨੇ ਰਾਣੀ ਤੇ ਜਸਵੀਰ ਕੌਰ ਵਾਸੀ ਨਥਾਣਾ ਨੂੰ ਇਕ ਵਿਅਕਤੀ ਸਮੇਤ 5 ਕਿਲੋ ਭੁੱਕੀ ਨਾਲ ਗ੍ਰਿਫਤਾਰ ਕੀਤਾ ਸੀ।

- 29 ਜੂਨ ਦੇ ਦਿਨ ਨਥਾਣਾ ਪੁਲਸ ਨੇ ਪਿੰਡ ਪੂਹਲੀ ਦੀ ਵਾਸੀ ਮਹਿਲਾ ਪਰਮਜੀਤ ਕੌਰ ਕੋਲੋਂ ਇਕ ਕਿਲੋ ਭੁੱਕੀ ਬਰਾਮਦ ਕੀਤੀ ਸੀ। ਇਸੇ ਦਿਨ ਦਿਆਲਪੁਰਾ ਪੁਲਸ ਨੇ ਵੀ ਇਕ ਔਰਤ ਤੇ ਮਰਦ ਕੋਲੋਂ ਹੈਰੋਇਨ ਬਰਾਮਦ ਕੀਤੀ ਸੀ। ਔਰਤ ਦੀ ਪਛਾਣ ਹਰਜੀਤ ਕੌਰ ਵਜੋਂ ਹੋਈ ਸੀ।


Bharat Thapa

Content Editor

Related News