ਘਰ ’ਚ ਲੱਗੀ ਅੱਗ ਕਾਰਨ ਸਾਮਾਨ ਹੋਇਆ ਸੁਆਹ

Saturday, Nov 10, 2018 - 06:12 AM (IST)

ਘਰ ’ਚ ਲੱਗੀ ਅੱਗ ਕਾਰਨ ਸਾਮਾਨ ਹੋਇਆ ਸੁਆਹ

ਦੋਰਾਹਾ, (ਸੂਦ)- ਸਥਾਨਕ ਸ਼ਹਿਰ ਦੀ ਲੱਕਡ਼ ਮੰਡੀ ਵਿਖੇ ਦੀਵਾਲੀ ਦੀ ਰਾਤ ਨੂੰ ਘਰ ਦੀ ਛੱਤ ’ਤੇ ਬਰਾਂਡੇ ਅੰਦਰ ਪਟਾਕਾ ਡਿਗਣ ਕਾਰਨ ਘਰ ਦਾ ਕਾਫੀ ਸਾਮਾਨ ਸਡ਼ ਕੇ ਸੁਆਹ ਹੋ ਗਿਆ। ਇਸ ਬਾਰੇ ਸਮੀਰ ਰਹਿਮਾਨ ਤੋਂ ਮਿਲੀ ਜਾਣਕਾਰੀ ਮੁਤਾਬਕ ਉਹ ਸ਼ਹਿਰ ਦੀ ਲੱਕਡ਼ ਮੰਡੀ ਵਿਖੇ ਪੈਂਦੀ ਮੁਰਾਰੀ ਲਾਲ ਸਟਰੀਟ ਵਿਖੇ ਕਿਰਾਏ ਦੇ ਮਕਾਨ ਵਿਚ ਛੱਤ ਵਾਲੇ ਹਿੱਸੇ ’ਤੇ ਰਹਿੰਦੇ ਹਨ, ਜਦਕਿ ਥੱਲੇ ਵਾਲੇ ਹਿੱਸੇ ਵਿਚ ਸਾਈਕੁਰ ਰਹਿਮਾਨ ਦਾ ਪਰਿਵਾਰ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਦੀਵਾਲੀ ਤੋਂ ਇਕ ਦਿਨ ਪਹਿਲਾਂ ਉਹ ਆਪਣੀ ਕੰਪਨੀ ਵਿਚ ਛੁੱਟੀ ਹੋਣ ਕਾਰਨ ਆਪਣੇ ਜੱਦੀ ਸ਼ਹਿਰ ਸਹਾਰਨਪੁਰ ਵਿਖੇ ਚਲੇ ਗਏ ਤੇ ਉਨ੍ਹਾਂ ਦੇ ਥੱਲੇ ਰਹਿੰਦੇ ਕਿਰਾਏਦਾਰ ਵੀ ਮਕਾਨ ਨੂੰ ਤਾਲਾ ਲਗਾ ਕੇ ਲੁਧਿਆਣੇ ਵਿਖੇ ਆਪਣੇ ਰਿਸ਼ਤੇਦਾਰ ਦੇ ਘਰ ਚਲੇ ਗਏ। ਉਨ੍ਹਾਂ ਦੱਸਿਆ ਕਿ ਦੀਵਾਲੀ ਦੀ ਰਾਤ ਨੂੰ ਉਨ੍ਹਾਂ ਨੂੰ ਸਹਾਰਨਪੁਰ ਵਿਖੇ ਗੁਆਂਢੀਆਂ ਦੇ ਫੋਨ ਆਉਣੇ ਸ਼ੁਰੂ ਹੋ ਹਏ ਪਰ ਕੁਝ ਕਾਰਨਾਂ ਕਰ ਕੇ ਉਹ ਆਪਣੇ ਗੁਆਂਢੀਆਂ ਦਾ ਫੋਨ ਚੱਕ ਨਹੀਂ ਸਕੇ। ਇਸ ਤੋਂ ਬਾਅਦ ਜਦ ਉਨ੍ਹਾਂ ਨੇ ਆਪਣੇ ਗੁਆਂਢੀਆਂ ਨੂੰ ਫਿਰ ਤੋਂ ਫੋਨ ਕੀਤਾ ਤਾਂ ਉਨ੍ਹਾਂ ਨੂੰ ਆਪਣੇ ਗੁਆਂਢੀਆਂ ਤੋਂ ਘਰ ਅੰਦਰ ਅੱਗ ਲੱਗਣ ਬਾਰੇ ਪਤਾ ਲੱਗਾ ਪਰ ਉਹ ਸਹਾਰਨਪੁਰ ਹੋਣ ਕਾਰਨ ਇਕਦਮ ਮੌਕੇ ’ਤੇ ਪੁੱਜ ਨਹੀਂ ਸਕੇ। ਉਨ੍ਹਾਂ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੇ ਘਰ ਦੇ ਬਾਹਰ ਬਰਾਂਡੇ ਵਿਚ ਬੱਚਿਆਂ ਦੇ ਕੱਪਡ਼ੇ, ਲੱਕਡ਼ ਦਾ ਜੁੱਤੀਆਂ ਰੱਖਣ ਵਾਲਾ ਸਟੈਂਡ, ਕੂਲਰ, ਜੁੱਤੀਆਂ ਤੇ ਸਾਈਕੁਰ ਰਹਿਮਾਨ ਦੀ ਸਿਲਾਈ ਮਸ਼ੀਨ, ਮੇਜ਼ ਆਦਿ ਰੱਖੇ ਹੋਏ ਸਨ ਜਿਸ ਕਰ ਕੇ ਦੀਵਾਲੀ ਦੀ ਰਾਤ ਨੂੰ ਪਟਾਕਾ ਡਿਗਣ ਕਾਰਨ ਬਰਾਂਡੇ ਵਿਚ ਪਿਆ ਸਾਰਾ ਸਾਮਾਨ ਸਡ਼ ਕੇ ਸੁਆਹ ਹੋ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਮੁਰਾਰੀ ਲਾਲ ਸਟਰੀਟ ਵਿਖੇ ਰਹਿੰਦੇ ਰਜਨੀਸ਼ ਸੂਦ, ਸਾਹਿਬ ਰਾਜ, ਸ਼ਿਵਰਾਜ, ਪੰਕਜ ਸੂਦ, ਰਾਜੇਸ਼ ਕੁਮਾਰ, ਹਰਸ਼ਦੀਪ, ਰਾਘਵ, ਮੋਹਿਤ ਆਦਿ ਨੇ ਕਾਫੀ ਮੁਸ਼ੱਕਤ ਕਰ ਕੇ ਅੱਗ ’ਤੇ ਕਾਬੂ ਪਾ ਲਿਆ ਜਿਸ ਨਾਲ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ। 


Related News