ਮ੍ਰਿਤਕ ਕੁਲਦੀਪ ਸਿੰਘ ਦੇ ਭਰਾਵਾਂ ਅਤੇ ਰਿਸ਼ਤੇਦਾਰਾਂ ਨੇ ਧਰਨਾ ਲਾ ਕੇ ਹਾਈਵੇਅ ਕੀਤਾ ਜਾਮ

10/7/2020 12:20:06 PM

ਮਲੋਟ (ਜੁਨੇਜਾ): ਪਿੰਡ ਔਲਖ ਵਿਖੇ 36 ਸਾਲਾ ਵਿਅਕਤੀ ਦੀ ਮੌਤ ਨੂੰ ਲੈ ਕੇ ਅੱਜ ਪਰਿਵਾਰ ਦੇ ਦਰਜਨਾਂ ਲੋਕਾਂ ਨੇ ਮਲੋਟ-ਸ੍ਰੀ ਮੁਕਤਸਰ ਸਾਹਿਬ ਮਾਰਗ ਤੇ ਧਰਨਾ ਲਾਇਆ ਅਤੇ ਇਸ ਨੂੰ ਆਤਮ ਹੱਤਿਆ ਦੀ ਬਜਾਏ ਕਤਲ ਦੱਸਦਿਆਂ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ। ਜ਼ਿਕਰਯੋਗ ਹੈ ਸੋਮਵਾਰ ਸਵੇਰੇ ਪਿੰਡ ਔਲਖ ਵਿਖੇ ਉਸਾਰੀ ਦਾ ਕੰਮ ਕਰਦੇ 36 ਸਾਲਾਂ ਦੇ ਕੁਲਦੀਪ ਸਿੰਘ ਦੀ ਖੇਤ ਵਿਚ ਲਾਸ਼ ਮਿਲੀ ਸੀ ਉਸ ਨੇ ਗਲ ਵਿਚ ਫੰਦਾ ਲਾ ਕੇ ਆਪਣੀ ਜੀਵਨ ਲੀਲਾ ਦਾ ਅੰਤ ਕਰ ਲਿਆ। ਮ੍ਰਿਤਕ ਦੀ ਪਤਨੀ ਰਮਨਦੀਪ ਕੌਰ ਦਾ ਕਹਿਣਾ ਹੈ ਕਿ ਉਸਦਾ ਪਤੀ ਦਿਮਾਗੀ ਤੌਰ ਤੇ ਪ੍ਰੇਸ਼ਾਨ ਰਹਿੰਦਾ ਸੀ ਜਿਸ ਕਾਰਨ ਉਸਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਉਧਰ ਮ੍ਰਿਤਕ ਦੇ ਭਰਾਵਾਂ ਅਤੇ ਰਿਸ਼ਤੇਦਾਰਾਂ ਨੇ ਇਸ ਨੂੰ ਕਤਲ ਦੱਸਦਿਆਂ ਦੋਸ਼ ਲਾਇਆ ਕਿ ਮ੍ਰਿਤਕ ਕੁਲਦੀਪ ਸਿੰਘ ਦੀ ਪਤਨੀ ਦੇ ਪਿੰਡ ਇਕ ਵਿਅਕਤੀ ਨਾਲ ਨਜਾਇਜ਼ ਸਬੰਧ ਸਨ। ਪਰ ਸਦਰ ਮਲੋਟ ਦੀ ਪੁਲਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਤੇ 174 ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ।

ਉਧਰ ਅੱਜ ਮ੍ਰਿਤਕ ਦੇ ਭਰਾਵਾਂ ਦਰਸ਼ਨ ਸਿੰਘ ਦਾਰਾ, ਨਾਹਰ ਸਿੰਘ, ਬਲਕਾਰ ਸਿੰਘ ਸਮੇਤ ਰਿਸ਼ਤੇਦਾਰਾਂ  ਅਤੇ ਪਿੰਡ ਦੇ ਹੋਰ ਲੋਕਾਂ ਨੇ Îਮਲੋਟ-ਸ੍ਰੀ ਮੁਕਤਸਰ ਸਾਹਿਬ ਰੋਡ ਤੇ ਧਰਨਾ ਲਾਇਆ ਲਾ ਕੇ ਹਾਈਵੇ ਜਾਮ ਕਰ ਦਿੱਤਾ। ਪਰਿਵਾਰ ਦਾ ਦੋਸ਼ ਸੀ ਕਿ ਪੁਲਸ ਦੋਸ਼ੀਆਂ ਨਾਲ ਮਿਲ ਕਿ ਕਤਲ ਦੇ ਮਾਮਲੇ ਨੂੰ ਖੁਦਕਸ਼ੀ ਦਾ ਰੂਪ ਦੇ ਰਹੀ ਹੈ ਜਦਕਿ ਮੌਕੇ ਤੇ ਲਾਸ਼ ਨੂੰ ਦਰੱਖਤ ਤੋਂ ਲਾਹੁਣ ਵਾਲੇ ਦਾਰਾ ਸਿੰਘ ਨੇ ਦੱਸਿਆ ਕਿ ਉਸਦੇ ਭਰਾ ਦਾ ਕਤਲ ਕਰਕੇ ਲਾਸ਼ ਨੂੰ ਦਰਖਤ ਉਪਰ ਲਟਕਾਇਆ ਗਿਆ ਹੈ। ਪਰਿਵਾਰ ਦਾ ਕਹਿਣਾ ਹੈ ਕੁਲਦੀਪ ਸਿੰਘ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਦੱਸਿਆ ਜਾ ਰਿਹਾ ਹੈ ਪਰ ਉਹ ਹਰ ਰੋਜ ਉਸਾਰੀ ਦਾ ਕੰਮ ਕਰਨ ਦਿਹਾੜੀ ਉਪਰ ਜਾਂਦਾ ਸੀ ਅਤੇ ਬਿਲਕੁੱਲ ਠੀਕ ਠਾਕ ਸੀ। ਇਸ ਤੋਂ ਇਲਾਵਾ ਪਰਿਵਾਰ ਨੂੰ ਹੋਰ ਅਨੇਕਾਂ ਸਬੂਤ ਮਿਲੇ ਹਨ ਜਿਸ ਅਨੁਸਾਰ ਸਾਹਮਣੇ ਆਇਆ ਹੈ ਕਿ ਕੁਲਦੀਪ ਸਿੰਘ ਨੇ ਖੁਦਕਸ਼ੀ ਨਹੀਂ ਕੀਤੀ ਸਗੋਂ ਉਸਦਾ ਕਤਲ ਕੀਤਾ ਗਿਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਇਸ ਸਬੰਧੀ ਪੁਲਸ ਨੇ ਇਕ ਦੋਸ਼ੀ ਨੂੰ ਫੜ੍ਹ ਕੇ ਬਾਅਦ ਵਿਚ ਛੱਡ ਵੀ ਦਿੱਤਾ ਹੈ।

ਉਧਰ ਪੁਲਿਸ ਅਧਿਕਾਰੀਆਂ ਨੇ ਮੌਕੇ ਤੇ ਪੁੱਜ ਕਿ ਪ੍ਰਦਰਸ਼ਨਕਾਰੀਆਂ ਨੂੰ ਸ਼ਾਤ ਕੀਤਾ ਅਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਜਾਂਚ ਉਪਰੰਤ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਥਾਣਾ ਸਦਰ ਮਲੋਟ ਦੇ ਮੁੱਖ ਅਫ਼ਸਰ ਐੱਸ.ਆਈ. ਮਲਕੀਤ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਤੇ 174 ਤਹਿਤ ਕਾਰਵਾਈ ਕੀਤੀ ਸੀ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਭਰਾਵਾਂ ਵਲੋਂ ਇਸ ਮਾਮਲੇ ਨੂੰ ਕਤਲ ਕਿਹਾ ਜਾ ਰਿਹਾ ਹੈ ਇਸ ਲਈ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਅਤੇ ਮ੍ਰਿਤਕ ਦੀ ਪਤਨੀ ਅਤੇ ਸਬੰਧਤ ਵਿਅਕਤੀਆਂ ਦੀਆਂ ਫੋਨ ਕਾਲਾਂ ਸਮੇਤ ਹੋਰ ਸਬੂਤ ਮਿਲਨ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਪੁਲਸ ਦਾ ਇਹ ਵੀ ਕਹਿਣਾ ਹੈ ਕਿ ਇਸ ਮਾਮਲੇ ਵਿਚ ਪੁਲਸ ਨੇ ਕੁਝ ਵਿਅਕਤੀਆਂ ਤੋਂ ਮੁਢਲੀ ਪੁੱਛਗਿੱਛ ਕੀਤੀ ਹੈ।


Shyna

Content Editor Shyna