ਹੈਰੋਇਨ, ਚੂਰਾ ਪੋਸਤ, ਨਸ਼ੀਲੀਆਂ ਗੋਲੀਆਂ ਅਤੇ ਡਰੱਗ ਮਨੀ ਸਮੇਤ 7 ਗ੍ਰਿਫਤਾਰ
Thursday, Oct 02, 2025 - 01:58 PM (IST)

ਮੋਗਾ (ਆਜ਼ਾਦ) : ਜ਼ਿਲਾ ਪੁਲਸ ਮੁਖੀ ਮੋਗਾ ਦੇ ਦਿਸ਼ਾ-ਨਿਰਦੇਸ਼ਾਂ ਹੇਠ, ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਨੂੰ ਰੋਕਣ ਲਈ ਚਲਾਈ ਗਈ ਮੁਹਿੰਮ ਦੇ ਹਿੱਸੇ ਵਜੋਂ ਸੱਤ ਵਿਅਕਤੀਆਂ ਨੂੰ ਹੈਰੋਇਨ, ਚੂਰਾ ਪੋਸਤ, ਨਸ਼ੀਲੀਆਂ ਗੋਲੀਆਂ ਅਤੇ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਡੀ. ਐੱਸ. ਪੀ. ਸਿਟੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜਦੋਂ ਸਿਟੀ ਸਾਊਥ ਦੇ ਇੰਚਾਰਜ ਇੰਸਪੈਕਟਰ ਭਲਵਿੰਦਰ ਸਿੰਘ ਦੀ ਅਗਵਾਈ ਵਿਚ ਸਹਾਇਕ ਥਾਣੇਦਾਰ ਹਰਜਿੰਦਰ ਸਿੰਘ ਬੀਤੀ ਦੇਰ ਰਾਤ ਕੁਲਾਰ ਨਗਰ ਨੇੜੇ ਕੋਟਕਪੂਰਾ ਬਾਈਪਾਸ ਰੇਲਵੇ ਪੁਲ ਨੇੜੇ ਪੁਲਸ ਪਾਰਟੀ ਨਾਲ ਇਲਾਕੇ ਵਿਚ ਗਸ਼ਤ ਕਰ ਰਹੇ ਸਨ ਤਾਂ ਕੋਟਕਪੂਰਾ ਦੇ ਰਹਿਣ ਵਾਲੇ ਬਲਜਿੰਦਰ ਸਿੰਘ ਉਰਫ਼ ਅਜੇ ਅਤੇ ਕੋਟਕਪੂਰਾ ਦੇ ਰਹਿਣ ਵਾਲੇ ਸੰਤੋਖ ਸਿੰਘ ਨੂੰ ਸ਼ੱਕ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ ਤੋਂ 50 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਕਥਿਤ ਸਮੱਗਲਰਾਂ ਖ਼ਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਥਾਣਾ ਮੁਖੀ ਭਲਵਿੰਦਰ ਸਿੰਘ ਨੇ ਦੱਸਿਆ ਕਿ ਪੁੱਛਗਿੱਛ ਤੋਂ ਬਾਅਦ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਇਸੇ ਤਰ੍ਹਾਂ ਥਾਣਾ ਬਾਘਾ ਪੁਰਾਣਾ ਅਧੀਨ ਪੈਂਦੇ ਪਿੰਡ ਰਾਜਿਆਣਾ ਦੇ ਵਸਨੀਕ ਮੰਗਲਦੀਪ ਸਿੰਘ ਅਤੇ ਹਰਭਜਨ ਸਿੰਘ ਨੂੰ ਸਹਾਇਕ ਥਾਣੇਦਾਰ ਬਿੰਦਰਪਾਲ ਕੌਰ ਨੇ ਪੁਲਸ ਪਾਰਟੀ ਸਮੇਤ ਇਕ ਸੂਚਨਾ ’ਤੇ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਤੋਂ 7 ਗ੍ਰਾਮ ਹੈਰੋਇਨ ਬਰਾਮਦ ਕੀਤੀ। ਇਸੇ ਤਰ੍ਹਾਂ ਨਿਹਾਲ ਸਿੰਘ ਵਾਲਾ ਥਾਣੇ ਦੇ ਸਹਾਇਕ ਥਾਣੇਦਾਰ ਸਲਵਿੰਦਰ ਸਿੰਘ ਨੇ ਪੁਲਸ ਪਾਰਟੀ ਸਮੇਤ ਨਿਹਾਲ ਸਿੰਘ ਵਾਲਾ ਦੀ ਰਹਿਣ ਵਾਲੀ ਹਰਪ੍ਰੀਤ ਕੌਰ ਨੂੰ ਗ੍ਰਿਫ਼ਤਾਰ ਕਰ ਕੇ 30 ਨਸ਼ੀਲੀਆਂ ਗੋਲੀਆਂ ਅਤੇ 2,500 ਰੁਪਏ ਡਰੱਗ ਮਨੀ ਬਰਾਮਦ ਕੀਤੀ।
ਇਸੇ ਤਰ੍ਹਾਂ ਬੱਧਨੀ ਕਲਾਂ ਥਾਣੇ ਦੇ ਸਹਾਇਕ ਥਾਣੇਦਾਰ ਗੁਰਪ੍ਰੀਤ ਸਿੰਘ ਨੇ ਗਸ਼ਤ ਦੌਰਾਨ ਪਿੰਡ ਰਣੀਆਂ ਦੇ ਰਹਿਣ ਵਾਲੇ ਗੁਰਦਿੱਤ ਸਿੰਘ ਉਰਫ਼ ਗੁਰਦਿੱਤਾ ਨੂੰ ਗ੍ਰਿਫ਼ਤਾਰ ਕਰ ਕੇ 40 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਅਜੀਤਵਾਲ ਥਾਣੇ ਦੇ ਸਹਾਇਕ ਥਾਣੇਦਾਰ ਮੋਹਕਮ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਨਾਲ ਜੀ. ਟੀ. ਰੋਡ ਨੇੜੇ ਗਸ਼ਤ ਦੌਰਾਨ ਉਨ੍ਹਾਂ ਨੇ ਪਿੰਡ ਮਾਦੋਕੇ ਦੀ ਰਹਿਣ ਵਾਲੀ ਅਮਰਜੀਤ ਕੌਰ ਨੂੰ ਸੂਚਨਾ ’ਤੇ ਗ੍ਰਿਫ਼ਤਾਰ ਕਰ ਕੇ 2 ਕਿਲੋ ਭੁੱਕੀ ਬਰਾਮਦ ਕੀਤੀ। ਸਾਰੇ ਕਥਿਤ ਦੋਸ਼ੀਆਂ ਵਿਰੁੱਧ ਵੱਖ-ਵੱਖ ਥਾਣਿਆਂ ਵਿਚ ਮਾਮਲੇ ਦਰਜ ਕੀਤੇ ਗਏ ਹਨ।