ਕਾਂਗਰਸ ਅਤੇ ਆਮ ਆਦਮੀ ਪਾਰਟੀ ’ਤੇ ਹਰਸਿਮਰਤ ਬਾਦਲ ਨੇ ਕੀਤੇ ਤਿੱਖੇ ਹਮਲੇ
Tuesday, Feb 15, 2022 - 04:56 PM (IST)
ਸਰਦੂਲਗੜ੍ਹ, ਬੁਢਲਾਡਾ (ਚਾਹਲ, ਬਾਂਸਲ) : ਸਾਬਕਾ ਕੇਂਦਰੀ ਮੰਤਰੀ ਅਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਸਰਦੂਲਗੜ੍ਹ ਵਿਧਾਨ ਸਭਾ ਹਲਕੇ ਦਾ ਦੌਰਾ ਕੀਤਾ ਅਤੇ ਇੱਥੋਂ ਦੇ ਪਾਰਟੀ ਉਮੀਦਵਾਰ ਦਿਲਰਾਜ ਸਿੰਘ ਭੂੰਦੜ ਦੇ ਹੱਕ ’ਚ ਪਿੰਡ ਦੂਲੋਵਾਲ ’ਚ ਚੋਣ ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਹਰਸਿਮਰਤ ਬਾਦਲ ਨੇ ਵਿਰੋਧੀ ਪਾਰਟੀਆਂ ’ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਚੋਣ ਰੈਲੀ ’ਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਹਰਸਿਮਰਤ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਲੋਕਾਂ ਨੂੰ ਸੁਚੇਤ ਕਰ ਰਹੇ ਹਨ ਕਿ ਸਾਰੀਆਂ ਪਾਰਟੀਆਂ ਦੀ ਲੀਡਰਸ਼ਿਪ ਦਿੱਲੀ ਤੋਂ ਪੰਜਾਬ ਆ ਰਹੀ ਹੈ ਕਿਉਂਕਿ ਉਹ ਪੰਜਾਬ ਨੂੰ ਦਿੱਲੀ ਤੋਂ ਚਲਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇਕੱਲੀ ਸ਼੍ਰੋਮਣੀ ਅਕਾਲੀ ਦਲ ਤੁਹਾਡੇ ਵਿਚ ਰਹਿਣ ਵਾਲੀ ਅਤੇ ਆਮ ਲੋਕਾਂ ਦੀ ਗੱਲ ਕਰਨ ਵਾਲੀ ਪਾਰਟੀ ਹੈ ਕਿਉਂਕਿ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਅਤੇ ਪੰਜਾਬ ਦੇ ਹੱਕਾਂ ਲਈ ਲੜਦੇ ਹਾਂ। ਉਨ੍ਹਾਂ ਕਿਹਾ ਕਿ 20 ਫਰਵਰੀ ਤੋਂ ਬਾਅਦ ਕੇਜਰੀਵਾਲ ਪੰਜਾਬ ’ਚ ਦਿਖਾਈ ਨਹੀਂ ਦੇਵੇਗਾ ਕਿਉਂਕਿ 2017 ’ਚ ਵੀ ਅਜਿਹਾ ਹੀ ਹੋਇਆ ਸੀ। ਉਨ੍ਹਾਂ ਕਿਹਾ ਕਿ ਜਿਹੜੀ ਆਦਮੀ ਆਪਣੇ ਵਿਧਾਇਕਾਂ ਦੀ ਗਾਰੰਟੀ ਨਹੀਂ ਲੈ ਸਕਦਾ, ਉਹ ਪੰਜਾਬ ਦੀ ਕੀ ਗਾਰੰਟੀ ਲਵੇਗਾ।
ਇਹ ਵੀ ਪੜ੍ਹੋ : ਹਰਸਿਮਰਤ ਦਾ 'ਆਪ' 'ਤੇ ਤੰਜ, ਜੋ ਵਿਰੋਧੀ ਧਿਰ ਦੀ ਜ਼ਿੰਮੇਵਾਰੀ ਨਹੀਂ ਨਿਭਾਅ ਸਕੇ, ਉਹ ਪੰਜਾਬ ਕੀ ਸੰਭਾਲਣਗੇ
ਆਮ ਆਦਮੀ ਪਾਰਟੀ ਦੇ ਸੀ.ਐੱਮ. ਚਿਹਰਾ ਭਗਵੰਤ ਮਾਨ ’ਤੇ ਤੰਜ ਕੱਸਦਿਆਂ ਹਰਸਿਮਰਤ ਬਾਦਲ ਨੇ ਕਿਹਾ ਕਿ ਭਗਵੰਤ ਮਾਨ ਸ਼ਰਾਬੀ ਵਿਅਕਤੀ ਹੈ ਅਤੇ ਜਿਹੜਾ ਵਿਅਕਤੀ ਇਕ ਲੋਕਸਭਾ ਹਲਕੇ ਦੀ ਜ਼ਿੰਮੇਵਾਰੀ ਨਹੀਂ ਸੰਭਾਲ ਸਕਦਾ ਉਹ ਪੂਰਾ ਪੰਜਾਬ ਕਿਵੇਂ ਸੰਭਾਲੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨੇ 5 ਸਾਲ ਕੈਪਟਨ ਨੂੰ ਮੌਕਾ ਦੇ ਕੇ ਦੇਖ ਲਿਆ ਹੈ ਪਰ ਕਿਸਾਨੀ ਮਾਮਲੇ ’ਚ ਲੋਕਾਂ ਦੇ ਖ਼ਿਲਾਫ਼ ਚੱਲਣ ਵਾਲੀ ਭਾਜਪਾ ਦੇ ਨਾਲ ਹੁਣ ਕੈਪਟਨ ਵੀ ਚਲਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕੇਜਰੀਵਾਲ ਨੂੰ ਲੋਕ ਮੌਕਾ ਦੇਣਗੇ ਤਾਂ ਉਹ ਪੰਜਾਬ ਦਾ ਪਾਣੀ ਵੀ ਖੋਹ ਲਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ