ਪੋਤਰੀ ਨਾਲ ਛੇੜਛਾੜ ਦੀ ਸ਼ਿਕਾਇਤ ਕੀਤੀ ਤਾਂ ਘਰ ਆ ਕੇ ਕੀਤਾ ਹਮਲਾ

Wednesday, Aug 28, 2024 - 05:59 PM (IST)

ਪੋਤਰੀ ਨਾਲ ਛੇੜਛਾੜ ਦੀ ਸ਼ਿਕਾਇਤ ਕੀਤੀ ਤਾਂ ਘਰ ਆ ਕੇ ਕੀਤਾ ਹਮਲਾ

ਮੋਗਾ (ਆਜ਼ਾਦ) : ਥਾਣਾ ਬੱਧਨੀ ਕਲਾਂ ਦੇ ਅਧੀਨ ਪੈਂਦੇ ਪਿੰਡ ਰਾਊਕੇ ਕਲਾਂ ਵਿਖੇ ਇਕ ਲੜਕੇ ਵੱਲੋਂ ਛੇੜਛਾੜ ਕਰਨ ਦੇ ਮਾਮਲੇ ਦੀ ਸ਼ਿਕਾਇਤ ਕਰਨੀ ਉਸ ਸਮੇਂ ਪੀੜਤਾ ਨੂੰ ਮਹਿੰਗੀ ਪੈ ਗਈ ਜਦੋਂ ਲੜਕੇ ਅਤੇ ਉਸ ਦੇ ਸਾਥੀਆਂ ਨੇ ਉਨ੍ਹਾਂ ਦੇ ਘਰ ਆ ਕੇ ਹਮਲਾ ਕਰ ਦਿੱਤਾ ਅਤੇ ਮੋਹਣ ਸਿੰਘ ਨਿਵਾਸੀ ਪਿੰਡ ਰਾਊਕੇ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ, ਜਿਸ ਨੂੰ ਸਿਵਲ ਹਸਪਤਾਲ ਮੋਗਾ ਦਾਖਲ ਕਰਵਾਉਣਾ ਪਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਬੱਧਨੀ ਕਲਾਂ ਦੇ ਮੁੱਖ ਅਫਸਰ ਇੰਸਪੈਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਮੋਹਨ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਕਿ ਕਥਿਤ ਮੁਲਜ਼ਮ ਜਸ਼ਨਦੀਪ ਸਿੰਘ ਮੇਰੀ ਪੋਤਰੀ ਨੂੰ ਰਾਹ ਜਾਂਦੇ ਤੰਗ ਪ੍ਰੇਸ਼ਾਨ ਕਰਦਾ ਸੀ, ਜਿਸ ’ਤੇ ਅਸੀਂ ਉਸ ਦੇ ਘਰ ਸ਼ਿਕਾਇਤ ਕੀਤੀ। ਇਸੇ ਰੰਜਿਸ਼ ਕਾਰਨ ਕਥਿਤ ਮੁਲਜ਼ਮਾਂ ਗੁਰਚਰਨ ਸਿੰਘ, ਸੰਦੀਪ ਸਿੰਘ, ਬਲਜੀਤ ਸਿੰਘ, ਮਨਪ੍ਰੀਤ ਸਿੰਘ, ਜਸ਼ਨਦੀਪ ਸਿੰਘ, ਮਨੀ ਅਤੇ ਗੁਰਮੀਤ ਸਿੰਘ ਸਾਰੇ ਨਿਵਾਸੀ ਰਾਊਕੇ ਕਲਾਂ ਸਵੇਰੇ ਉਨ੍ਹਾਂ ਦੇ ਘਰ ਦਾਖਲ ਹੋਏ ਅਤੇ ਮੇਰੇ ’ਤੇ ਹਮਲਾ ਕਰਕੇ ਮੈਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਅਤੇ ਕਹਿਣ ਲੱਗੇ ਕਿ ਤੁਸੀਂ ਸਾਡੇ ’ਤੇ ਝੂਠੇ ਦੋਸ਼ ਲਗਾ ਰਹੇ ਹੋ।

ਇਸ ਦੌਰਾਨ ਜਦੋਂ ਮੈਂ ਰੌਲਾ ਪਾਇਆ ਤਾਂ ਸਾਰੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਉਕਤ ਮਾਮਲੇ ਵਿਚ ਇਕ ਕਥਿਤ ਮੁਲਜ਼ਮ ਗੁਰਮੀਤ ਸਿੰਘ ਉਰਫ ਬੀਟਾ ਨੂੰ ਕਾਬੂ ਕਰ ਲਿਆ ਗਿਆ ਜਦਕਿ ਦੂਸਰਿਆਂ ਦੀ ਗ੍ਰਿਫਤਾਰੀ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ। ਸਾਰੇ ਕਥਿਤ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।


author

Gurminder Singh

Content Editor

Related News