ਸਰਕਾਰ ਨੇ 31 ਮਾਰਚ ਤੋਂ ਪੰਜਾਬ 'ਚ ਰਹਿੰਦੇ 825 ਵਿਦੇਸ਼ੀਆਂ ਨੂੰ ਵਾਪਸ ਭੇਜਣ ਦੀ ਦਿੱਤੀ ਸਹੂਲਤ : DGP ਗੁਪਤਾ

04/11/2020 9:37:31 PM

ਚੰਡੀਗੜ੍ਹ : ਭਾਰਤ 'ਚ ਫਸੇ ਵਿਦੇਸ਼ੀ ਨਾਗਰਿਕਾਂ ਲਈ ਆਵਾਜਾਈ ਦੇ ਪ੍ਰਬੰਧ ਕਰਦਿਆਂ ਕੇਂਦਰ ਸਰਕਾਰ ਦੇ ਸਟੈਂਡਰਡ ਓਪਰੇਟਿੰਗ ਪ੍ਰੋਸੀਜਰਜ਼ (ਐਸ.ਓ. ਪੀਜ਼) ਦੀ ਤਰਜ਼ 'ਤੇ ਪੰਜਾਬ ਸਰਕਾਰ ਵੱਲੋਂ 31 ਮਾਰਚ ਤੋਂ 9 ਅਪ੍ਰੈਲ, 2020 ਤੱਕ ਆਏ ਐੱਨ. ਆਰ. ਆਈਜ਼ ਸਮੇਤ 825 ਵਿਅਕਤੀਆਂ ਨੂੰ ਆਪਣੇ ਮੁਲਕਾਂ 'ਚ ਪਰਤਣ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਜੀ. ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਏ. ਡੀ. ਜੀ. ਪੀ. (ਕਾਨੂੰਨ ਤੇ ਵਿਵਸਥਾ) ਈਸ਼ਵਰ ਸਿੰਘ ਅਤੇ ਏ. ਆਈ. ਜੀ/ਸਾਈਬਰ ਕ੍ਰਾਈਮ ਇੰਦਰਬੀਰ ਸਿੰਘ ਸਮੇਤ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਕਮੇਟੀ ਪੰਜਾਬ ਵਿੱਚ ਫਸੇ ਵਿਦੇਸ਼ੀ ਨਾਗਰਿਕਾਂ ਲਈ ਆਪਣੇ ਦੇਸ਼ ਵਾਪਸੀ ਦੀ ਸਹੂਲਤ ਵਿੱਚ ਸਹਾਇਤਾ ਕਰ ਰਹੀ ਹੈ। ਅਜਿਹੇ ਮਾਮਲਿਆਂ ਵਿੱਚ, ਨਿਰਧਾਰਤ ਉਡਾਣਾਂ ਲਈ ਸਮੇਂ ਸਿਰ ਲੋੜੀਂਦੀਆਂ ਪ੍ਰਵਾਨਗੀਆਂ ਪ੍ਰਾਪਤ ਕਰਨ ਲਈ ਐੱਮ. ਈ. ਏ ਸਮੇਤ ਉੱਚ ਪੱਧਰੀ ਤਾਲਮੇਲ ਕੀਤੇ ਗਏ ਹਨ।

ਜ਼ਿਕਰਯੋਗ ਹੈ ਕਿ ਕੇਂਦਰੀ ਗ੍ਰਹਿ ਸਕੱਤਰ, ਗ੍ਰਹਿ ਮੰਤਰਾਲੇ, ਨੈਸ਼ਨਲ ਐਗਜ਼ੀਕਿਊਟਿਵ ਕਮੇਟੀ ਦੇ ਚੇਅਰਮੈਨ ਵਜੋਂ ਭਾਰਤ ਸਰਕਾਰ ਨੇ 2 ਅਪ੍ਰੈਲ, 2020 ਨੂੰ ਭਾਰਤ ਵਿਚ ਫਸੇ ਵਿਦੇਸ਼ੀ ਨਾਗਰਿਕਾਂ ਲਈ ਆਵਾਜਾਈ ਪ੍ਰਬੰਧਾਂ ਲਈ ਸਟੈਂਡਰਡ ਓਪਰੇਟਿੰਗ ਪ੍ਰੋਸੀਜਰਜ਼(ਐਸਓਪੀਜ਼) ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਵਿਸਥਾਰਿਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸਨ ਕਿਉਂਕਿ ਕੁਝ ਵਿਦੇਸ਼ੀ ਦੇਸ਼ਾਂ ਦੀਆਂ ਸਰਕਾਰਾਂ ਨੇ ਆਪਣੇ ਨਾਗਰਿਕਾਂ ਨੂੰ ਭਾਰਤ 'ਚੋਂ ਵਾਪਸ ਲਿਜਾਉਣ ਲਈ ਭਾਰਤ ਸਰਕਾਰ ਨੂੰ ਪਹੁੰਚ ਕੀਤੀ ਸੀ। ਇਨ੍ਹਾਂ ਦਿਸ਼ਾ ਨਿਰਦੇਸ਼ਾਂ ਦੇ ਮੱਦੇਨਜ਼ਰ, ਭਾਰਤ ਸਰਕਾਰ ਨੇ ਫੈਸਲਾ ਲਿਆ ਕਿ ਵਿਦੇਸ਼ੀ ਦੇਸ਼ਾਂ ਤੋਂ ਪ੍ਰਾਪਤ ਬੇਨਤੀਆਂ ਦੀ ਕੇਂਦਰੀ ਵਿਦੇਸ਼ ਮੰਤਰਾਲੇ ਵੱਲੋਂ ਕੇਸ-ਟੂ-ਕੇਸ ਅਧਾਰ 'ਤੇ ਜਾਂਚ ਕੀਤੀ ਜਾਏਗੀ। ਡੀਜੀਪੀ ਨੇ ਕਿਹਾ ਕਿ ਇਸ ਪ੍ਰੋਟੋਕੋਲ ਅਨੁਸਾਰ ਵਿਦੇਸ਼ ਮੰਤਰਾਲੇ ਦੀਆਂ ਬੇਨਤੀਆਂ ਦੇ ਸਮਰਥਨ ਤੋਂ ਬਾਅਦ ਸਬੰਧਤ ਵਿਦੇਸ਼ੀ ਸਰਕਾਰਾਂ ਵੱਲੋਂ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨਾਲ ਸਲਾਹ ਮਸ਼ਵਰਾ ਕਰਕੇ ਚਾਰਟਰਡ ਉਡਾਣਾਂ ਦਾ ਪ੍ਰਬੰਧ ਕੀਤਾ ਜਾਣਾ ਸੀ।

ਵਿਦੇਸ਼ੀ ਨਾਗਰਿਕਾਂ ਨੂੰ ਪੰਜਾਬ ਤੋਂ ਬਾਹਰ ਕੱਢਣ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਗੁਪਤਾ ਨੇ ਦੱਸਿਆ ਕਿ ਇਨ੍ਹਾਂ ਵਿੱਚ ਫਿਨਲੈਂਡ ਤੋਂ 28, ਡੈਨਮਾਰਕ ਤੋਂ 86, ਸਵੀਡਨ ਤੋਂ 43, ਨਾਰਵੇ ਤੋਂ 50, ਲਾਤਵੀਆ ਤੋਂ 14, ਜਾਪਾਨ ਤੋਂ 6 ਨਾਗਰਿਕ ਅਤੇ ਰੂਸ, ਸਲੋਵੇਨੀਆ, ਚੈੱਕ ਰਿਪਬਲਿਕ ਅਤੇ ਬੇਲਾਰੂਸ ਤੋਂ ਦੋ ਅਤੇ ਉਜ਼ਬੇਕਿਸਤਾਨ ਤੋਂ ਇਕ ਨਾਗਰਿਕ ਸ਼ਾਮਲ ਹਨ। ਇਸ ਤੋਂ ਇਲਾਵਾ ਕੈਨੇਡਾ ਦੇ 170 ਅਤੇ ਅਮਰੀਕਾ ਦੇ 273 ਨਾਗਰਿਕਾਂ ਨੂੰ ਵੀ ਸੂਬੇ ਵਿੱਚੋਂ ਕੱਢਣ ਲਈ ਸਹੂਲਤ ਦਿੱਤੀ ਗਈ ਸੀ। ਇਸ ਵਿਚ ਅੱਗੇਬ੍ਰਿਟਿਸ਼ ਨਾਗਰਿਕ ਸ਼ਾਮਲ ਹਨ ਜਿਨ੍ਹਾਂ ਲਈ ਬ੍ਰਿਟਿਸ਼ ਸਰਕਾਰ ਅੰਮ੍ਰਿਤਸਰ/ਚੰਡੀਗੜ੍ਹ ਤੋਂ ਦੇਸ਼ ਵਾਪਸੀ ਦੀਆਂ ਉਡਾਣਾਂ ਦਾ ਪ੍ਰਬੰਧ ਕਰ ਰਹੀ ਹੈ।
ਇਨ੍ਹਾਂ ਤੋਂ ਇਲਾਵਾ, ਦੱਖਣੀ ਕੋਰੀਆ ਤੋਂ 15, ਮਲੇਸ਼ੀਆ ਤੋਂ 33, ਸਪੇਨ ਤੋਂ 17, ਸਵਿਟਜ਼ਰਲੈਂਡ ਤੋਂ 7, ਤਾਇਵਾਨ ਅਤੇ ਮੈਕਸੀਕੋ ਤੋਂ 4, ਨੀਦਰਲੈਂਡ ਤੋਂ 9 ਅਤੇ ਸਿੰਗਾਪੁਰ ਤੋਂ 57 ਨਾਗਰਿਕਾਂ ਨੂੰ ਸੁਰੱਖਿਅਤ ਢੰਗ ਨਾਲ ਵਾਪਸ ਆਪਣੇ ਦੇਸ਼ਾਂ ਨੂੰ ਭੇਜਿਆ ਗਿਆ ਹੈ। ਸਟੈਂਡਰਡ ਹੈਲਥ ਪ੍ਰੋਟੋਕੋਲ ਅਨੁਸਾਰ, ਸਾਰੇ ਵਿਦੇਸ਼ੀ ਕੌਮੀਆਂ ਦੀ ਕੋਵਿਡ -19 ਦੇ ਲੱਛਣਾਂ ਦੀ ਜਾਂਚ ਕੀਤੀ ਜਾਣੀ ਹੈ। ਕੇਵਲ ਉਨ੍ਹਾਂ ਲੋਕਾਂ ਨੂੰ ਸੂਬੇ ਛੱਡਣ ਦੀ ਆਗਿਆ ਦਿੱਤੀ ਜਾ ਰਹੀ ਹੈ ਜਿਹਨਾਂ ਵਿੱਚ ਕੋਵਿਡ -19 ਦੇ ਲੱਛਣ ਨਹੀਂ ਪਾਏ ਜਾ ਰਹੇ ਹਨ। ਲੱਛਣ ਵਾਲੇ ਵਿਅਕਤੀਆਂ ਦੇ ਮਾਮਲੇ ਵਿਚ, ਸਟੈਂਡਰਡ ਹੈਲਥ ਪ੍ਰੋਟੋਕੋਲ ਅਨੁਸਾਰ, ਅਗਲੇਰੇ ਇਲਾਜ ਦੀ ਪ੍ਰਕਿਰਿਆ ਜਾਰੀ ਰਹੇਗੀ।
ਵਿਦੇਸ਼ੀ ਨਾਗਰਿਕਾਂ ਦੇ ਰਹਿਣ ਦੀ ਜਗ੍ਹਾ ਤੋਂ ਲੈ ਕੇ ਜਹਾਜ਼ ਤੱਕ ਲੈ ਕੇ ਜਾਣ ਲਈ ਸਥਾਨਕ ਆਵਾਜਾਈ ਦਾ ਪ੍ਰਬੰਧ ਸਬੰਧਤ ਵਿਦੇਸ਼ੀ ਸਰਕਾਰ ਦੇ ਸਥਾਨਕ ਦੂਤਾਵਾਸ/ਕੌਂਸਲੇਟ ਵੱਲੋਂ ਕੀਤਾ ਜਾਂਦਾ ਹੈ, ਜਦਕਿ ਵਿਦੇਸ਼ੀ ਨਾਗਰਿਕਾਂ ਨੂੰ ਲੈ ਜਾਣ ਵਾਲੇ ਵਾਹਨ ਦੀ ਆਵਾਜਾਈ ਲਈ ਟ੍ਰਾਂਜ਼ਿਟ ਪਾਸ ਸੂਬਾ/ਕੇਂਦਰ ਸ਼ਾਸਤ ਪ੍ਰਦੇਸ਼ ਦੀ ਸਰਕਾਰ ਵੱਲੋਂ ਜਾਰੀ ਕੀਤਾ ਜਾਂਦਾ ਹੈ ਜਿਥੇ ਵਿਦੇਸ਼ੀ ਨਾਗਰਿਕ ਰਹਿੰਦੇ ਹਨ। ਉੱਪਰ ਜਾਰੀ ਕੀਤੇ ਅਨੁਸਾਰ ਟ੍ਰਾਂਜ਼ਿਟ ਪਾਸ ਸੂਬਾ/ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਅਧਿਕਾਰੀਆਂ ਵੱਲੋਂ ਆਵਾਜਾਈ ਦੇ ਰੂਟ ਦੇ ਨਾਲ ਪ੍ਰਵਾਨਿਤ ਕਰਨਾ ਲਾਜ਼ਮੀ ਹੈ।


Deepak Kumar

Content Editor

Related News