ਲੜਕੀ ਨੂੰ ਦੋ ਦਿਨ ਕਮਰੇ ’ਚ ਬੰਦ ਕਰਕੇ ਕੁੱਟਿਆ ਤੇ ਕੀਤਾ ਜ਼ਬਰ ਜ਼ਨਾਹ
Friday, Aug 08, 2025 - 10:03 PM (IST)

ਚੰਡੀਗੜ੍ਹ,(ਪ੍ਰੀਕਸ਼ਿਤ) : ਇਕ ਨੌਜਵਾਨ ਵਲੋਂ ਲੜਕੀ ਨੂੰ ਦੋ ਦਿਨ ਕਮਰੇ 'ਚ ਬੰਦ ਰੱਖ ਕੇ ਉਸਨੂੰ ਬੁਰੀ ਤਰ੍ਹਾਂ ਮਾਰਨ-ਕੁੱਟਣ ਉਪਰੰਤ ਜ਼ਬਰ-ਜ਼ਨਾਹ ਕੀਤਾ ਗਿਆ ਸੀ। ਇਸ ਮਾਮਲੇ 'ਚ ਜ਼ਿਲਾ ਅਦਾਲਤ ਨੇ ਉਕਤ ਨੌਜਵਾਨ ਨੂੰ ਦੋਸ਼ੀ ਕਰਾਰ ਦਿੰਦਿਆਂ 10 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਦੋਸ਼ੀ ਦੀ ਪਛਾਣ ਰਾਮਦਰਬਾਰ ਦੇ ਰਹਿਣ ਵਾਲੇ ਰਾਹੁਲ ਬੰਸਲ ਉਰਫ਼ ਸੰਜੇ ਦੇ ਰੂਪ ’ਚ ਹੋਈ। ਸੈਕਟਰ-34 ਥਾਣਾ ਪੁਲਸ ਨੂੰ ਅਪ੍ਰੈਲ, 2023 ਨੂੰ ਲੜਕੀ ਦੇ ਸੈਕਟਰ-16 ਹਸਪਤਾਲ ’ਚ ਦਾਖ਼ਲ ਹੋਣ ਦੀ ਸੂਚਨਾ ਮਿਲੀ ਸੀ।
ਪੀੜਤਾ ਨੇ ਪੁਲਸ ਨੂੰ ਦੱਸਿਆ ਕਿ ਉਹ ਦੇਹ ਵਪਾਰ ਕਰਦੀ ਹੈ ਅਤੇ 18 ਅਪ੍ਰੈਲ 2023 ਸ਼ਾਮ 5 ਵਜੇ ਸੈਕਟਰ-34 ’ਚ ਖੜ੍ਹੀ ਸੀ। ਇਕ ਨੌਜਵਾਨ ਨੇ ਇਸ਼ਾਰਾ ਕਰਕੇ ਆਪਣੇ ਕੋਲ ਬੁਲਾਇਆ ਅਤੇ ਗੱਡੀ ’ਚ ਬੈਠਾ ਕੇ ਲੈ ਗਿਆ। ਉਸ ਨੇ ਜ਼ੀਰਕਪੁਰ ’ਚ ਸਬੰਧ ਬਣਾਉਣ ਦੇ ਬਦਲੇ ਚਾਰ ਹਜ਼ਾਰ ਰੁਪਏ ਦੇਣ ਦੀ ਗੱਲ ਕਹੀ। ਨੌਜਵਾਨ ਨੇ ਸਬੰਧ ਬਣਾਉਣ ਤੋਂ ਬਾਅਦ ਰੁਪਏ ਦੇਣ ਦੀ ਬਜਾਏ ਕੁੱਟਣਾ ਸ਼ੁਰੂ ਕਰ ਦਿੱਤਾ। ਲੜਕੀ ਨੇ ਦੋਸ਼ ਲਗਾਇਆ ਕਿ ਮੁਲਜ਼ਮ ਨੇ ਦੋ ਦਿਨ ਤੱਕ ਕਮਰੇ ’ਚ ਬੰਦ ਰੱਖਿਆ ਅਤੇ ਨਸ਼ੇ ਦੀ ਹਾਲਤ ’ਚ ਬੁਰੀ ਤਰ੍ਹਾਂ ਕੁੱਟਦਾ ਸੀ। ਉਸ ਨੇ ਕਈ ਵਾਰ ਉਸ ਦੇ ਨਾਲ ਜ਼ਬਰ ਜ਼ਨਾਹ ਵੀ ਕੀਤਾ। ਬਾਅਦ ’ਚ ਦੋਸ਼ੀ ਨੇ ਉਸ ਨੂੰ ਇਕ ਟਰਾਲੇ ’ਚ ਬੈਠਾ ਦਿੱਤਾ, ਜਿਸ ਤੋਂ ਬਾਅਦ ਉਹ ਸੈਕਟਰ-44 ਪਹੁੰਚੀ। ਸੈਕਟਰ-45 ਡਿਸਪੈਂਸਰੀ ਪਹੁੰਚਣ ਤੋਂ ਬਾਅਦ ਮਾਮਲਾ ਪੁਲਸ ਤੱਕ ਪਹੁੰਚਿਆ। ਉੱਥੇ ਤੋਂ ਸੈਕਟਰ-16 ਹਸਪਤਾਲ ਭੇਜ ਦਿੱਤਾ ਗਿਆ। ਸੈਕਟਰ-34 ਥਾਣਾ ਪੁਲਸ ਨੇ ਪੀੜਤਾ ਦੇ ਬਿਆਨਾਂ ’ਤੇ 23 ਅਪ੍ਰੈਲ, 2023 ਨੂੰ ਦੋਸ਼ੀ ਨੌਜਵਾਨ ਦੇ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 376, 342, 323 ਦੇ ਤਹਿਤ ਕੇਸ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਸੀ।