ਲਾਟਰੀ ਨਿਕਲਣ ਦਾ ਝਾਂਸਾ ਦੇ ਕੇ ਔਰਤ ਨਾਲ 14 ਲੱਖ ਦੀ ਮਾਰੀ ਠੱਗੀ
Monday, Feb 13, 2023 - 05:16 PM (IST)

ਭਵਾਨੀਗੜ੍ਹ (ਵਿਕਾਸ) : ਸ਼ਾਤਿਰ ਠੱਗਾਂ ਨੇ ਫੋਨ ’ਤੇ ਇੱਕ ਔਰਤ ਨੂੰ 25 ਲੱਖ ਦੀ ਲਾਟਰੀ ਲੱਗਣ ਦੀ ਗੱਲ ਕਹਿ ਕੇ ਉਸਨੂੰ 14 ਲੱਖ ਰੁਪਏ ਦਾ ਚੂਨਾ ਲਗਾ ਦਿੱਤਾ। ਇਸ ਸਬੰਧੀ ਭਵਾਨੀਗੜ੍ਹ ਪੁਲਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਨੇੜਲੇ ਪਿੰਡ ਬਟੜਿਆਣਾ ਦੀ ਹਰਪਾਲ ਕੌਰ ਨਾਂ ਦੀ ਔਰਤ ਨੇ ਪੁਲਸ ਨੂੰ ਦਰਜ ਕਰਵਾਈ ਰਿਪੋਰਟ 'ਚ ਦੱਸਿਆ ਕਿ 23-08-2021 ਨੂੰ ਉਸਦੇ ਮੋਬਾਇਲ ਫੋਨ 'ਤੇ ਕਾਲ ਆਈ ਤੇ ਕਾਲ ਕਰਨ ਵਾਲੇ ਵਿਅਕਤੀ ਨੇ ਆਪਣਾ ਨਾਂ ਰਾਹੁਲ ਵਰਮਾ ਦੱਸਦਿਆਂ ਉਸਨੂੰ ਕਿਹਾ ਕਿ ਤੁਹਾਡੀ 25 ਲੱਖ ਰੁਪਏ ਦੀ ਲਾਟਰੀ ਲੱਗੀ ਹੈ ਅਤੇ ਇੱਕ ਕਾਰ ਵੀ ਜਿੱਤੀ ਹੈ। ਫੋਨ ਕਰਨ ਵਾਲੇ ਵਿਅਕਤੀ ਨੇ ਆਖਿਆ ਕਿ ਜਿੱਤੇ ਇਨਾਮ ਹਾਸਲ ਕਰਨ ਲਈ ਤੁਹਾਨੂੰ ਪਹਿਲਾਂ ਸਕਿਓਰਿਟੀ ਭਰਨੀ ਪਵੇਗੀ।
ਇਹ ਵੀ ਪੜ੍ਹੋ : ਖਿੜੀ ਧੁੱਪ ’ਚ ਠੰਡੀਆਂ ਹਵਾਵਾਂ ਨੇ ਬਰਕਰਾਰ ਰੱਖੀ ਸੀਤ, ਅਗਲੇ ਪੰਜ ਦਿਨ ਮੌਸਮ ਰਹੇਗਾ ਖੁਸ਼ਕ
ਸ਼ਿਕਾਇਤਕਰਤਾ ਔਰਤ ਨੇ ਦੱਸਿਆ ਕਿ ਉਸਨੇ ਗੱਲਾਂ ’ਚ ਆ ਕੇ ਫੋਨ ਕਰਨ ਵਾਲੇ ਵਿਅਕਤੀ ਦੇ ਖਾਤੇ ’ਚ ਹੁਣ ਤੱਕ 14 ਲੱਖ 15 ਹਜ਼ਾਰ ਪਾ ਦਿੱਤੇ ਪਰ ਉਸਨੂੰ ਕੋਈ ਇਨਾਮ ਪ੍ਰਾਪਤ ਨਹੀਂ ਹੋਇਆ। ਪੀੜਤ ਨੂੰ ਬਾਅਦ 'ਚ ਅਹਿਸਾਸ ਹੋਇਆ ਕਿ ਉਸ ਨਾਲ ਠੱਗੀ ਕੀਤੀ ਗਈ ਹੈ। ਜਿਸ ਸਬੰਧੀ ਉਸਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਇਨਸਾਫ਼ ਦੀ ਮੰਗ ਕੀਤੀ। ਪੁਲਸ ਨੇ ਮਾਮਲੇ ਸਬੰਧੀ ਥਾਣਾ ਭਵਾਨੀਗੜ੍ਹ ਵਿਖੇ ਪਰਚਾ ਦਰਜ ਕਰਕੇ ਧੋਖਾਦੇਹੀ ਕਰਨ ਵਾਲੇ ਅਣਪਛਾਤੇ ਵਿਅਕਤੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਨਗਰ ਨਿਗਮ ਚੋਣਾਂ ਲਈ ਭਾਜਪਾ ਬਣਾਉਣ ਲੱਗੀ ਰਣਨੀਤੀ, ਆਉਣ ਵਾਲੇ ਦਿਨਾਂ 'ਚ ਹੋ ਸਕਦੈ ਵੱਡਾ ਧਮਾਕਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ