ਹੜ੍ਹਾਂ ਦਾ ਮੁੜ ਖਤਰਾ : ਸਰਕਾਰ ਸੁਸਤ, ਸੁਖਬੀਰ ਬਾਦਲ ਦਰਿਆਵਾਂ ਦੇ ਬੰਨ੍ਹਾਂ ’ਤੇ
Wednesday, Jul 22, 2026 - 10:00 PM (IST)
ਚੰਡੀਗੜ੍ਹ – ਪਿਛਲੇ ਸਾਲ ਆਏ ਹੜ੍ਹਾਂ ਨਾਲ ਝੰਬੇ ਹੋਏ ਪੰਜਾਬ ਦੇ ਲੋਕ ਅਜੇ ਉਸਲਵੱਟੇ ਲੈ ਹੀ ਰਹੇ ਸਨ ਕਿ ਸੂਬੇ ਦੇ ਦਰਿਆਵਾਂ ’ਚ ਵਧ ਰਹੇ ਪਾਣੀ ਨੇ ਫਿਰ ਉਨ੍ਹਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਉਦੋਂ ਹੜ੍ਹਾਂ ਨਾਲ ਕਿਸਾਨੀ ਦਾ ਇੰਨੇ ਵੱਡੇ ਪੱਧਰੇ ’ਤੇ ਨੁਕਸਾਨ ਹੋਇਆ ਸੀ ਕਿ ਉਨ੍ਹਾਂ ਦੀ ਪੂਰਤੀ ਹੋਣੀ ਸਰਕਾਰਾਂ ਤੋਂ ਬਿਨਾਂ ਬਹੁਤ ਮੁਸ਼ਕਲ ਸੀ ਪਰ ਪੰਜਾਬ ਸਰਕਾਰ ਨੇ ਤਾਂ ਲੋਕਾਂ ਤੋਂ ਪਾਸਾ ਹੀ ਵੱਟ ਲਿਆ ਸੀ ਕਿਉਂਕਿ ਹੜ੍ਹਾਂ ਨਾਲ ਨਜਿੱਠਣ ਲਈ ਜਿਹੜਾ ਫੰਡ ਸਰਕਾਰ ਕੋਲ ਸੀ, ਉਸ ਦੀ ਕੋਈ ਉੱਗ-ਸੁੱਘ ਅਜੇ ਤੱਕ ਨਹੀਂ ਲੱਗੀ ਕਿ ਉਹ ਫੰਡ ਕਿਥੇ ਖਰਚਿਆ ਗਿਆ।
ਕੇਂਦਰ ਸਰਕਾਰ ਪੰਜਾਬ ਤੋਂ ਇਹ ਕਹਿ ਕੇ ਪੱਲਾ ਛੁਡਾ ਗਈ ਕਿ ਸੂਬਾ ਸਰਕਾਰ ਕੋਲ 12 ਹਜ਼ਾਰ ਕਰੋੜ ਦਾ ਆਫਤਾਂ ਨਾਲ ਨਜਿੱਠਣ ਲਈ ਫੰਡ ਪਿਆ ਹੈ ਤੇ ਉਹ ਉਸ ’ਚੋਂ ਖਰਚ ਕਰ ਲਵੇ। ਜਦੋਂ ਪੰਜਾਬ ਦੀ ਜਨਤਾ ਨੂੰ ਸੂਬਾ ਸਰਕਾਰ ਤੇ ਕੇਂਦਰ ਨੇ ਰਾਮ ਭਰੋਸੇ ਛੱਡ ਦਿੱਤਾ ਤਾਂ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਪਾਰਟੀ ਲੀਡਰਸ਼ਿਪ ਤੇ ਵਰਕਰਾਂ ਨੂੰ ਨਾਲ ਲੈ ਕੇ ਲੋਕਾਂ ’ਚ ਗਏ ਅਤੇ ਉਨ੍ਹਾਂ ਨੂੰ ਹਰ ਸੰਭਵ ਮਦਦ ਦਿੱਤੀ। ਸੁਖਬੀਰ ਨੇ ਦਰਿਆਵਾਂ ਦੇ ਬੰਨ੍ਹਾਂ ਨੂੰ ਮਜ਼ਬੂਤ ਕਰ ਰਹੇ ਲੋਕਾਂ ਦੀ ਬਾਂਹ ਫੜੀ ਅਤੇ ਉਨ੍ਹਾਂ ਨੂੰ ਮੌਕੇ ’ਤੇ ਲੱਖਾਂ ਰੁਪਏ ਅਤੇ ਡੀਜ਼ਲ ਦੇ ਟੈਂਕਰ ਮੁਹੱਈਆ ਕਰਵਾਏ।
ਜਦੋਂ ਸਤਲੁਜ, ਬਿਆਸ ਅਤੇ ਰਾਵੀ ਛੱਲਾਂ ਮਾਰ ਰਹੇ ਸਨ ਤੇ ਥਾਂ-ਥਾਂ ਤੋਂ ਬੰਨ੍ਹ ਟੁੱਟ ਰਹੇ ਸਨ ਤਾਂ ਸੁਖਬੀਰ ਬਾਦਲ ਨੇ ਟਰੈਕਟਰ-ਟਰਾਲੀਆਂ ਲੈ ਕੇ ਅਕਾਲੀ ਦਲ ਦੇ ਵਰਕਰਾਂ ਨੂੰ ਮੌਕੇ ’ਤੇ ਮੋਰਚੇ ਸੰਭਾਲਣ ਦੀਆਂ ਹਦਾਇਤਾਂ ਦਿੱਤੀਆਂ ਅਤੇ ਵਰਕਰਾਂ ਨੇ ਉਨ੍ਹਾਂ ’ਤੇ ਪਹਿਰਾ ਵੀ ਦਿੱਤਾ। ਦਿਨ-ਰਾਤ ਦਰਿਆਵਾਂ ਦੇ ਬੰਨ੍ਹਾਂ ਦੀ ਨਿਗਰਾਨੀ ਕਰ ਕੇ ਅਤੇ ਬੰਨ੍ਹਾਂ ’ਚ ਪਏ ਪਾੜਾਂ ਨੂੰ ਪੂਰ ਕੇ ਲੋਕਾਂ ਦੀ ਜਾਨ-ਮਾਲ ਦੀ ਰਾਖੀ ਕੀਤੀ। ਹੜ੍ਹਾਂ ਤੋਂ ਬਾਅਦ ਆਈਆਂ ਅਲਾਮਤਾਂ ’ਚ ਫਸੇ ਲੋਕਾਂ ਦੀ ਮਦਦ, ਪਸ਼ੂਆਂ ਲਈ ਹਰਾ-ਚਾਰਾ, ਤੂੜੀ ਦੇ ਕੇ ਉਨ੍ਹਾਂ ਨੂੰ ਸਹਾਰਾ ਦਿੱਤਾ। ਬੀਮਾਰੀਆਂ ਤੋਂ ਪੀੜਤ ਲੋਕਾਂ ਲਈ ਦਵਾਈਆਂ ਦਾ ਪ੍ਰਬੰਧ ਕੀਤਾ। ਹੜ੍ਹਾਂ ਨਾਲ ਗ੍ਰਸਤ ਪੰਜਾਬ ਦੇ ਲੋਕਾਂ ਦੀ ਜੇ ਉਸ ਵੇਲੇ ਕਿਸੇ ਪਾਰਟੀ ਨੇ ਬਾਂਹ ਫੜੀ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਹੀ ਸੀ।
ਦਰਿਆਵਾਂ ’ਚ ਵਧ ਰਹੇ ਪਾਣੀ ਕਰ ਕੇ ਪੰਜਾਬ ’ਚ ਮੁੜ ਹੜ੍ਹਾਂ ਦਾ ਖਦਸ਼ਾ ਵਧਣ ਲੱਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਨੂੰ ਆਖਿਆ ਕਿ ਉਹ ‘ਆਪਣਾ ਪੰਜਾਬ ਆਪਾਂ ਬਚਾਈਏ’ ਮੁਹਿੰਮ ਦੇ ਤਹਿਤ ਹੜ੍ਹਾਂ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕਰਨ। ਸੁਖਬੀਰ ਨੇ ਇਕੱਲੇ ਹੜ੍ਹ ਮਾਰੇ ਦੋ ਹਲਕਿਆਂ ਅਜਨਾਲਾ ਤੇ ਡੇਰਾ ਬਾਬਾ ਨਾਨਕ ਦਾ ਦੌਰਾ ਕੀਤਾ ਅਤੇ ਪਾਰਟੀ ਵਰਕਰਾਂ ਨੂੰ ਮੋਰਚੇ ਸੰਭਾਲਣ ਦੀਆਂ ਹਦਾਇਤਾਂ ਦਿੱਤੀਆਂ। ਸਰਕਾਰ ਨੇ ਪਿਛਲੀ ਤਬਾਹੀ ਤੋਂ ਕੋਈ ਸਬਕ ਨਹੀਂ ਲਿਆ ਅਤੇ ਕਿਸਾਨਾਂ ਦੀ ਲੱਖਾਂ ਏਕੜ ਫਸਲ ਬਰਬਾਦ ਹੋ ਗਈ, ਜਿਸ ਦਾ ਕਿਸਾਨਾਂ ਨੂੰ ਪੂਰਾ ਮੁਆਵਜ਼ਾ ਨਹੀਂ ਦਿੱਤਾ ਗਿਆ।
ਸੁਖਬੀਰ ਬਾਦਲ ਨੇ ਕਿਹਾ ਕਿ ਇਨ੍ਹਾਂ ਦੋਵਾਂ ਹਲਕਿਆਂ ਦੇ ਬੰਨ੍ਹਾਂ ਨੂੰ ਦੇਖਣ ਸਮੇਂ ਲੋਕਾਂ ਨੇ ਦੱਸਿਆ ਕਿ ਸਰਕਾਰ ਨੇ ਬੰਨ੍ਹ ਤਾਂ ਕੀ ਮਜ਼ਬੂਤ ਕਰਨੇ ਸਨ, ਬੰਨ੍ਹਾਂ ਦੇ ਨਾਲ-ਨਾਲ ਵੱਡੇ ਪੱਧਰ ’ਤੇ ਮਾਈਨਿੰਗ ਕਰ ਕੇ ਲੋਕਾਂ ਨੂੰ ਮੁੜ ਖਤਰੇ ਦੇ ਮੂੰਹ ’ਚ ਧੱਕ ਦਿੱਤਾ। ਸੁਖਬੀਰ ਨੇ ਬੰਨ੍ਹਾਂ ’ਤੇ ਮੌਜੂਦ ਲੋਕਾਂ ਨੂੰ ਕਿਹਾ ਕਿ ਸਰਕਾਰ ਨੇ ਬੰਨ੍ਹਾਂ ਨੂੰ ਮਜ਼ਬੂਤ ਨਾ ਕੀਤਾ ਤਾਂ ਅਕਾਲੀ ਦਲ ਦੇ ਵਰਕਰ ਇਨ੍ਹਾਂ ਨੂੰ ਮਜ਼ਬੂਤ ਕਰਨਗੇ ਅਤੇ ਹੋਣ ਵਾਲਾ ਖਰਚਾ ਮੈਂ ਖੁਦ ਤੇ ਪਾਰਟੀ ਵਰਕਰ ਉਠਾਉਣਗੇ।
ਸੁਖਬੀਰ ਨੇ ਪਾਰਟੀ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਕੰਮ ਮੁਕੰਮਲ ਕਰਨ ਲਈ ਟਰੈਕਟਰ-ਟਰਾਲੀਆਂ ਦੀ ਮਦਦ ਲੈਣ ਤੇ ਡੀਜ਼ਲ ਦਾ ਪ੍ਰਬੰਧ ਉਹ ਖੁਦ ਕਰ ਕੇ ਦੇਣਗੇ। ਉਨ੍ਹਾਂ ਵੱਲੋਂ ਪੰਜਾਬ ਨੂੰ ਹੜ੍ਹਾਂ ਤੋਂ ਬਚਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਬੰਨ੍ਹਾਂ ’ਤੇ ਮੌਜੂਦ ਲੋਕਾਂ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਦਰਿਆਵਾਂ ਦੇ ਬੰਨ੍ਹਾਂ ਦੇ ਰਾਖੇ ਹਨ ਤੇ ਉਨ੍ਹਾਂ ਦੇ ਇਸ ਉਦਮ ਨਾਲ ਹੀ ਲੋਕ ਹੜ੍ਹਾਂ ਦੀ ਮਾਰ ਤੋਂ ਬਚ ਸਕਦੇ ਹਨ ਕਿਉਂਕਿ ਸਰਕਾਰ ਤਾਂ ਅਜੇ ਤੱਕ ਸੁਸਤ ਪਈ ਹੈ।
