ਪੁਲਸ ਦੀ ਕਾਰਵਾਈ ਖਿਲਾਫ਼ ਕਿਸਾਨ ਯੂਨੀਅਨ ਵੱਲੋਂ ਥਾਣੇ ਦਾ ਘਿਰਾਓ

11/12/2019 7:21:01 PM

ਭਵਾਨੀਗੜ੍ਹ,(ਵਿਕਾਸ) : ਖੇਤਾਂ 'ਚ ਪਰਾਲੀ ਸਾੜਨ ਵਾਲੇ ਕਿਸਾਨਾਂ ਖਿਲਾਫ਼ ਪ੍ਰਸ਼ਾਸ਼ਨ ਦੀ ਕਾਰਵਾਈ ਮੰਗਲਵਾਰ ਨੂੰ ਵੀ ਜਾਰੀ ਰਹੀ। ਜਿਸ ਤਹਿਤ ਬਲਾਕ ਦੇ ਪਿੰਡ ਬਟੜਿਆਣਾ ਤੋਂ ਪਰਾਲੀ ਦੀ ਰਹਿੰਦ ਖੂੰਹਦ ਨੂੰ ਅੱਗ ਦੇ ਹਵਾਲੇ ਕਰਨ ਵਾਲੇ ਕਿਸਾਨ ਨੂੰ ਅੱਜ ਪੁਲਸ ਨੇ ਕਾਬੂ ਕਰ ਲਿਆ। ਪੁਲਸ ਦੀ ਇਸ ਕਾਰਵਾਈ ਦੇ ਵਿਰੋਧ 'ਚ ਉੱਤਰੀ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੰਦਾ) ਦੇ ਆਗੂਆਂ ਨੇ ਭਵਾਨੀਗੜ ਥਾਣੇ ਦਾ ਘਿਰਾਓ ਕਰਦਿਆਂ ਪੁਲਸ ਪ੍ਰਸ਼ਾਸਨ ਖਿਲਾਫ਼ ਜੰਮ ਕੇ ਨਾਅਰੇਬਾਜੀ ਕੀਤੀ। ਇਸ ਮੌਕੇ ਯੂਨੀਅਨ ਦੇ ਜਿਲ੍ਹਾ ਆਗੂ ਸੁਖਦੇਵ ਸਿੰਘ ਘਰਾਚੋਂ ਨੇ ਕਿਹਾ ਕਿ ਸਰਕਾਰ ਦੀ ਸ਼ਹਿ 'ਤੇ ਪੁਲਸ ਤੇ ਸਿਵਿਲ ਪ੍ਰਸ਼ਾਸਨ ਪਰਾਲੀ ਸਾੜਨ ਵਾਲੇ ਕਿਸਾਨਾਂ ਵਿਰੁੱਧ ਕਾਰਵਾਈ ਕਰਕੇ ਧੜਾਧੜ ਮੁਕੱਦਮੇ ਦਰਜ ਕਰਨ 'ਤੇ ਲੱਗਿਆ ਹੋਇਆ ਹੈ।

ਜਿਸ ਨੂੰ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਕਿਉਂਕਿ ਕਿਸਾਨਾਂ ਪਹਿਲਾਂ ਹੀ ਪਰਾਲੀ ਬਦਲੇ ਸਰਕਾਰ ਤੋਂ ਬੋਨਸ ਦੀ ਮੰਗ ਕਰ ਚੁੱਕੇ ਹਨ ਪਰ ਸਰਕਾਰ ਕਿਸਾਨਾਂ ਦੀ ਗੱਲ ਸੁਣਨ ਦੀ ਬਜਾਏ ਕੰਨਾਂ 'ਚ ਤੇਲ ਪਾਈ ਬੈਠੀ ਹੈ। ਉਨ੍ਹਾਂ ਕਿਹਾ ਕਿ ਪਰਾਲੀ ਸਾੜਨਾ ਕਿਸਾਨਾਂ ਦਾ ਕੋਈ ਸ਼ੌਂਕ ਨਹੀ ਬਲਕਿ ਵੱਡੀ ਮਜ਼ਬੂਰੀ ਹੈ। ਇਸ ਤਹਿਤ ਅੱਜ ਬਟੜਿਆਣਾ ਪਿੰਡ ਦੇ ਕਿਸਾਨ ਬਲਵੀਰ ਸਿੰਘ ਨੂੰ ਪੁਲਸ ਪਰਾਲੀ ਸਾੜਨ ਦੇ ਦੋਸ਼ ਵਿੱਚ ਥਾਣੇ ਚੁੱਕ ਲਿਆਈ, ਜਿਸਦਾ ਯੂਨੀਅਨ ਵਿਰੋਧ ਕਰਦੀ ਹੈ। ਯੂਨੀਅਨ ਨੇ ਮੰਗ ਕੀਤੀ ਕਿ ਹਿਰਾਸਤ ਵਿੱਚ ਲਏ ਗਏ ਕਿਸਾਨ ਨੂੰ ਪੁਲਸ ਬਿਨ੍ਹਾਂ ਮੁਕੱਦਮਾ ਦਰਜ ਕੀਤੇ ਰਿਹਾਅ ਕਰੇ। ਖਬਰ ਲਿਖੇ ਜਾਣ ਤੱਕ ਕਿਸਾਨਾਂ ਦਾ ਧਰਨਾ ਜਾਰੀ ਸੀ। ਇਸ ਮੌਕੇ ਰਣਧੀਰ ਸਿੰਘ ਭੱਟਿਵਾਲ, ਜੰਗ ਸਿੰਘ ਬਲਿਆਲ, ਅਮਰ ਸਿੰਘ ਝਨੇੜੀ ਇਕਾਇ ਪ੍ਰਧਾਨ ਸਮੇਤ ਕਿਸਾਨ ਹਾਜ਼ਰ ਸਨ। ਓਧਰ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਪਰਾਲੀ ਸਾੜਨ ਵਾਲੇ ਕਿਸਾਨਾਂ ਵਿਰੁੱਧ ਉੱਚਅਧਿਕਾਰੀਆਂ ਦੇ ਨਿਰਦੇਸ਼ਾਂ ਅਤੇ ਕਾਨੂੰਨ ਦੇ ਤਹਿਤ ਹੀ ਕਾਰਵਾਈ ਕੀਤੀ ਜਾ ਰਹੀ ਹੈ।  


Related News