ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦੀ ਪੈਟਰੋਲ ਪੰਪ ਤੇ ਘੇਰਾਬੰਦੀ 113ਵੇਂ ਦਿਨ ''ਚ ਸ਼ਾਮਲ
Friday, Jan 22, 2021 - 05:14 PM (IST)

ਬੁਢਲਾਡਾ(ਬਾਸਲ)- ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ 'ਚ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਦੀਆਂ ਬਰੂਹਾਂ 'ਤੇ ਸਿੰਘੂ, ਟਿਕਰੀ , ਗਾਜੀਪੁਰ ਆਦਿ ਸਰਹੱਦਾਂ 'ਤੇ ਡੇਰੇ ਲਾ ਕੇ ਮੋਰਚੇ ਗੱਡੇ ਹੋਏ ਹਨ, ਇਸ ਦੇ ਨਾਲ ਪੰਜਾਬ 'ਚ ਹੋਰ ਥਾਵਾਂ ਸਮੇਤ ਸਥਾਨਕ ਪੈਟਰੋਲ ਪੰਪ 'ਤੇ ਚੱਲ ਰਹੀ ਘੇਰਾਬੰਦੀ ਕਰਕੇ ਧਰਨਾ ਅੱਜ 113ਵੇਂ ਦਿਨ 'ਚ ਦਾਖ਼ਲ ਹੋ ਗਿਆ ਹੈ।
ਅੱਜ ਧਰਨੇ ਮੌਕੇ ਜੁੜੇ ਇਕੱਠ ਨੂੰ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਬਜ਼ੁਰਗ ਆਗੂ ਨੰਬਰਦਾਰ ਜਰਨੈਲ ਸਿੰਘ ਗੁਰਨੇ ਕਲਾਂ, ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਸੂਬਾਈ ਆਗੂ ਐਡਵੋਕੇਟ ਸਵਰਨਜੀਤ ਸਿੰਘ ਦਲਿਓ, ਕੁੱਲ ਹਿੰਦ ਕਿਸਾਨ ਸਭਾ (ਅਜੈ ਭਵਨ) ਦੇ ਆਗੂ ਬਲਵੀਰ ਸਿੰਘ ਗੁਰਨੇ ਖੁਰਦ , ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਆਗੂ ਡਾ. ਰਾਮ ਸਿੰਘ ਗੁਰਨੇ ਖੁਰਦ ਅਤੇ ਹਰਿੰਦਰ ਸਿੰਘ ਸੋਢੀ ਤੋਂ ਇਲਾਵਾ ਮਿੱਠੂ ਸਿੰਘ ਗੁਰਨੇ ਕਲਾਂ , ਰਘਬੀਰ ਸਿੰਘ ਫਫੜੇ ਭਾਈਕੇ, ਭੂਰਾ ਸਿੰਘ ਅਹਿਮਦਪੁਰ, ਅਮਰੀਕ ਸਿੰਘ ਮੰਦਰਾਂ ਨੇ ਬੋਲਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਦੇਸ਼ ਨੂੰ ਕੰਗਾਲੀ ਦੇ ਰਾਹ ਤੋਰ ਦਿੱਤਾ ਹੈ। ਆਤਮ ਨਿਰਭਰ ਦੇ ਦਮਗਜੇ ਮਾਰਨ ਵਾਲੀ ਮੋਦੀ ਸਰਕਾਰ ਆਪਣੀ ਜਮੀਨ ਦੇ ਟੁਕੜੇ 'ਤੇ ਆਪਣੇ ਪਰਿਵਾਰ ਪਾਲ ਰਹੇ ਕਿਰਤੀਆਂ ਨੂੰ ਅਤੇ ਉਨ੍ਹਾਂ ਦੀਆਂ ਜਮੀਨਾਂ ਨੂੰ ਬਘਿਆੜ ਰੂਪੀ ਕਾਰਪੋਰੇਟ ਘਰਾਣਿਆਂ ਅੱਗੇ ਸੁੱਟਣ ਲਈ ਤਰਲੋਮੱਛੀ ਹੋ ਰਹੀ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਅਨੇਕਾਂ ਕੁਰਬਾਨੀਆਂ ਅਤੇ ਘਾਲਣਾਵਾਂ ਘਾਲ ਕੇ ਹਾਸਲ ਕੀਤੀ ਆਜ਼ਾਦੀ ਨੂੰ ਮੁੜ ਸਾਮਰਾਜ ਕੋਲ ਗਹਿਣੇ ਪਾ ਰਹੀ ਹੈ। ਲੱਖਾਂ ਕਿਸਾਨ 26 ਜਨਵਰੀ ਨੂੰ ਦਿੱਲੀ ਵਿਖੇ ਗਣਤੰਤਰ ਦਿਵਸ ਮੌਕੇ ਕਿਸਾਨ ਪਰੇਡ ਕਰਕੇ ਸਾਮਰਾਜ ਅਤੇ ਇਸ ਦੇ ਪਿੱਠੂਆਂ ਨੂੰ ਚਿਤਾਵਨੀ ਦੇਣਗੇ ਕਿ ਭਾਰਤ ਦੇਸ਼ ਵੱਲ ਕਿਸੇ ਅਜਿਹੀ ਤਾਕਤ ਨੂੰ ਝਾਕਣ ਨਹੀਂ ਦੇਣਗੇ ਅਤੇ ਦੇਸ਼ ਦੀ ਏਕਤਾ, ਅਖੰਡਤਾ, ਆਜ਼ਾਦੀ ਸਮੇਤ ਅਰਥਚਾਰੇ ਨੂੰ ਦੇਸ਼ ਦੇ ਕਿਰਤੀ-ਕਿਸਾਨ ਮਜਬੂਤ ਕਰਨਗੇ। ਆਗੂਆਂ ਨੇ ਕਿਹਾ ਕਿ ਆਜ਼ਾਦ ਹਿੰਦ ਫੌਜ ਦੇ ਮੋਢੀ ਆਗੂ ਸੁਭਾਸ ਚੰਦਰ ਬੋਸ ਦਾ ਕੱਲ 23 ਜਨਵਰੀ ਨੂੰ ਜਨਮ ਦਿਵਸ ਮਨਾਇਆ ਜਾਵੇਗਾ ਅਤੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਣਗੀਆਂ।