600 ਕਿਲੋ ਨਕਲੀ ਪਨੀਰ ਸਮੇਤ ਮੁਲਜ਼ਮ ਕਾਬੂ, ਪਿਕਅੱਪ ਗੱਡੀ ਵੀ ਜ਼ਬਤ

Friday, Sep 04, 2026 - 12:38 PM (IST)

600 ਕਿਲੋ ਨਕਲੀ ਪਨੀਰ ਸਮੇਤ ਮੁਲਜ਼ਮ ਕਾਬੂ, ਪਿਕਅੱਪ ਗੱਡੀ ਵੀ ਜ਼ਬਤ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਥਾਣਾ ਸਿਟੀ-2 ਬਰਨਾਲਾ ਦੀ ਪੁਲਸ ਨੇ ਗਸ਼ਤ ਦੌਰਾਨ ਮਿਲੀ ਗੁਪਤ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ 600 ਕਿਲੋਗ੍ਰਾਮ ਡੁਪਲੀਕੇਟ ਪਨੀਰ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਪੁਲਸ ਨੇ ਮੁਲਜ਼ਮ ਕੋਲੋਂ ਪਨੀਰ ਦੀ ਢੋਆ-ਢੁਆਈ ਲਈ ਵਰਤੀ ਜਾ ਰਹੀ ਪਿਕਅੱਪ ਗੱਡੀ ਵੀ ਕਬਜ਼ੇ ’ਚ ਲਈ ਹੈ। ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਗੁਰਤੇਜ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਇਲਾਕੇ ’ਚ ਗਸ਼ਤ ਕਰ ਰਹੀ ਸੀ। ਇਸ ਦੌਰਾਨ ਪੁਲਸ ਨੂੰ ਇਕ ਮੁਖਬਰ ਨੇ ਸੂਚਨਾ ਦਿੱਤੀ ਕਿ ਇਕ ਵਿਅਕਤੀ ਡੁਪਲੀਕੇਟ ਪਨੀਰ ਲੈ ਕੇ ਪਿਕਅੱਪ ਗੱਡੀ ’ਚ ਸੰਗਰੂਰ ਤੋਂ ਬਰਨਾਲਾ ਵੱਲ ਆ ਰਿਹਾ ਹੈ।

ਸੂਚਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਸ ਨੇ ਬਾਹੱਦ ਸੰਗਰੂਰ ਤੋਂ ਬਰਨਾਲਾ ਵੱਲ ਪੈਂਦੇ ਮਹਿੰਦਰਾ ਪਿਕਅੱਪ ਨੰਬਰ ਐੱਚ. ਆਰ.-62ਏ-8403 ਨੂੰ ਰੋਕ ਕੇ ਤਲਾਸ਼ੀ ਲਈ। ਗੱਡੀ ’ਚੋਂ 600 ਕਿਲੋਗ੍ਰਾਮ ਡੁਪਲੀਕੇਟ ਪਨੀਰ ਬਰਾਮਦ ਹੋਇਆ। ਪੁਲਸ ਨੇ ਗੱਡੀ ’ਚ ਸਵਾਰ ਮੁਲਜ਼ਮ ਗੁਰਵਿੰਦਰ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਬਖੋਰਾ ਕਲਾਂ, ਜ਼ਿਲਾ ਸੰਗਰੂਰ ਨੂੰ ਕਾਬੂ ਕਰ ਲਿਆ। ਪੁਲਸ ਨੇ ਬਰਾਮਦ ਪਨੀਰ ਤੇ ਪਿਕਅੱਪ ਗੱਡੀ ਨੂੰ ਕਬਜ਼ੇ ’ਚ ਲੈ ਕੇ ਮੁਲਜ਼ਮ ਖਿਲਾਫ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਵੱਲੋਂ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਪਨੀਰ ਕਿੱਥੋਂ ਲਿਆਂਦਾ ਗਿਆ ਸੀ ਅਤੇ ਇਸ ਨੂੰ ਬਰਨਾਲਾ ’ਚ ਕਿੱਥੇ ਸਪਲਾਈ ਕੀਤਾ ਜਾਣਾ ਸੀ।


author

Gurminder Singh

Content Editor

Related News