ਬਜ਼ੁਰਗ ਨੂੰ ਅੱਗ ਲਗਾਉਣ ਦੇ ਮਾਮਲੇ ''ਚ ਐੱਸ.ਸੀ. ਕਮਿਸ਼ਨ ਦੀ ਮੈਂਬਰ ਨੇ ਸਬੰਧਿਤ ਪਿੰਡ ਦਾ ਕੀਤਾ ਦੌਰਾ

11/28/2020 10:39:24 AM

ਸੰਦੌੜ (ਰਿਖੀ): ਨੇੜਲੇ ਪਿੰਡ ਕਸਬਾ ਭੁਰਾਲ ਵਿਖੇ ਕਾਫੀ ਸਮੇਂ ਤੋਂ ਇਕ ਛੱਪੜ ਕਿਨਾਰੇ ਕੁੱੱਲੀ ਪਾ ਕੇ ਰਹਿ ਰਹੇ ਇਕ ਬਜ਼ੁਰਗ ਵਿਅਕਤੀ ਗੁਰਮੇਲ ਸਿੰਘ ਪੁੱਤਰ ਰੁਲਦਾ ਸਿੰਘ ਨੂੰ ਦੋ ਦਰਜਨ ਦੇ ਕਰੀਬ ਵਿਅਕਤੀਆਂ ਵਲੋਂ ਉਸਦੀ ਕੁੱਲੀ ਨੂੰ ਅੱਗ ਲਗਾ ਦੇਣ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ, ਜਿਸ ਕਰਕੇ ਕੁੱਲੀ ਵਿੱਚ ਰਹਿੰਦਾ ਵਿਅਕਤੀ ਅੱਗ ਨਾਲ ਝੁਲਸ ਗਿਆ ਜੋ ਜੇਰੇ ਇਲਾਜ ਹੈ। ਉਕਤ ਬਜੁਰਗ ਨਾਲ ਵਾਪਰੀ ਇਸ ਵੱਡੀ ਘਟਨਾ ਤੋਂ ਬਾਅਦ ਅੱਜ ਪੰਜਾਬ ਰਾਜ ਅਨੂਸੂਚਿਤ ਜਾਤੀਆਂ ਕਮਿਸ਼ਨ ਦੀ ਮੈਂਬਰ ਸ੍ਰੀਮਤੀ ਪਰਮਜੀਤ ਕੌਰ ਨੇ ਪਿੰਡ ਕਸਬਾ ਭੁਰਾਲ ਦਾ ਦੌਰਾ ਕੀਤਾ।ਉਨ੍ਹਾਂ ਨੇ ਘਟਨਾ ਸਥਾਨ ਜਾ ਕੇ ਮੌਕਾ ਵੇਖਿਆ ਅਤੇ ਲੋਕਾਂ ਤੋਂ ਘਟਨਾ ਦੀ ਅਸਲੀਅਤ ਬਾਰੇ ਜਾਣਕਾਰੀ ਹਾਸਲ ਕੀਤੀ।ਇਸ ਸਬੰਧੀ ਉਨ੍ਹਾਂ ਨੇ ਹਾਜ਼ਰ ਪੁਲਸ ਪ੍ਰਸ਼ਾਸਨ ਤੋਂ ਇਸ ਘਟਨਾ ਦੇ ਹਰ ਪਹਿਲੂ ਬਾਰੇ ਵੀ ਜਾਣਕਾਰੀ ਹਾਸਲ ਕੀਤੀ।

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਬੀਬੀ ਪਰਮਜੀਤ ਕੌਰ ਨੇ ਦੱਸਿਆ ਕਿ ਇਹ ਬਹੁਤ ਮੰਦਭਾਗੀ ਘਟਨਾ ਹੈ ਅਤੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।ਉਨ੍ਹਾਂ ਕਿਹਾ ਕਿ ਥਾਂ ਦਾ ਰੌਲਾ ਇਕ ਵੱਖਰਾ ਮੁੱਦਾ ਹੈ ਪਰ ਕਿਸੇ ਵਿਅਕਤੀ ਨੂੰ ਦਰਿੰਦਗੀ  ਨਾਲ ਅੱਗ ਵਿਚ ਜਿਉਂਦੇ ਸੁੱਟ ਦੇਣਾ ਬਹੁਤ ਹੀ ਸਰਮਨਾਕ ਹੈ।ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪੁਲਸ ਤੋਂ ਜਾਣਕਾਰੀ ਹਾਸਲ ਕਰ ਲਈ ਹੈ ਅਤੇ ਜਲਦੀ ਹੀ ਇਸ ਮਾਮਲੇ ਦੀ ਰਿਪੋਰਟ ਪੁਲਸ ਤੋਂ ਮੰਗੀ ਹੈ।ਉਨ੍ਹਾਂ ਦੱਸਿਆ ਕਿ ਪੁਲਸ ਨੇ ਇਸ ਮਾਮਲੇ 'ਚ ਪੁਲਸ ਨੇ ਦਰਸ਼ਨ ਸਿੰਘ ਪੁੱਤਰ ਕਰਤਾਰ ਸਿੰਘ, ਸਮਸ਼ੇਰ ਸਿੰਘ, ਕਾਲੂ ਸਿੰਘ, ਦਰਸ਼ਨ ਸਿੰਘ ਪੁੱਤਰ ਗੁਰਦੇਵ ਸਿੰਘ ਸਮੇਤ 20 ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਧਾਰਾ 307 ਸਮੇਤ ਵੱਖ-ਵੱਖ ਧਾਰਾਵਾਂ ਅਤੇ ਐੱਸ.ਸੀ. ਐਕਟ ਤਹਿਤ ਮਾਮਲਾ ਵੀ ਦਰਜ ਕਰ ਲਿਆ ਹੈ।ਇਸ ਮੌਕੇ ਐੱਸ.ਡੀ.ਐੱਮ. ਸ੍ਰੀ ਵਿਕਰਮਜੀਤ ਸਿੰਘ ਪਾਂਥੇ, ਡੀ.ਐੱਸ.ਪੀ. ਮਾਲੇਰਕੋਟਲਾ ਸ੍ਰੀ ਪਵਨਜੀਤ ਸਿੰਘ, ਥਾਣਾ ਸੰਦੌੜ ਦੇ ਮੁਖੀ ਇੰਸਪੈਕਟਰ ਕੁਲਵੰਤ ਸਿੰਘ ਸਮੇਤ ਕਈ ਅਧਿਕਾਰੀ ਅਤੇ ਪਿੰਡ ਵਾਸੀ ਹਾਜ਼ਰ ਸਨ।


Shyna

Content Editor

Related News