ਸਿਹਤ ਮੰਤਰੀ ਦਾ ਜ਼ਿਲਾ ਸਵਾਈਨ ਫਲੂ ਦੀ ਲਪੇਟ ’ਚ
Monday, Jan 14, 2019 - 04:20 AM (IST)

ਪਟਿਆਲਾ, (ਬਲਜਿੰਦਰ, ਇੰਦਰਜੀਤ)- ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦਾ ਜ਼ਿਲਾ ਪਟਿਆਲਾ ਇਨ੍ਹੀਂ ਦਿਨੀਂ ਸਵਾਈਨ ਫਲੂ ਦੀ ਲਪੇਟ ਵਿਚ ਹੈ। ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਇਸ ਸੀਜ਼ਨ ’ਚ ਹੁਣ ਤੱਕ ਸਵਾਈਨ ਫਲੂ ਦੇ 12 ਕੇਸ ਰਿਪੋਰਟ ਹੋ ਚੁੱਕੇ ਹਨ। ਇਨ੍ਹਾਂ ਵਿਚੋਂ 8 ਪਟਿਆਲਾ ਜ਼ਿਲੇ ਦੇ ਹਨ। ਹੋਰ 4 ਵਿਚੋਂ 2 ਬਰਨਾਲਾ, ਇਕ ਬਠਿੰਡਾ ਅਤੇ ਇਕ ਫਤਿਹਗਡ਼੍ਹ ਸਾਹਿਬ ਤੋਂ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਇਲਾਜ ਲਈ ਭਰਤੀ ਹੋ ਚੁੱਕੇ ਹਨ। ਇਨ੍ਹਾਂ ਵਿਚੋਂ ਇਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ। ਸਿਹਤ ਵਿਭਾਗ ਦੇ ਰਿਕਾਰਡ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਸਵਾਈਨ ਫਲੂ ਨਾਲ 3 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ’ਚੋਂ 2 ਤਾਂ ਸ਼ਾਹੀ ਸ਼ਹਿਰ ਪਟਿਆਲਾ ਜ਼ਿਲੇ ਦੇ ਹੀ ਹਨ। 2 ਕੇਸ ਸ਼ਨੀਵਾਰ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਸਵਾਈਨ ਫਲੂ ਦੇ ਹੋਰ ਪਹੁੰਚੇ ਹਨ। ਪੂਰੇ ਪੰਜਾਬ ਦੇ ਅੰਕਡ਼ਿਆਂ ’ਤੇ ਨਜ਼ਰ ਮਾਰੀ ਜਾਵੇ ਤਾਂ ਸਿਹਤ ਮੰਤਰੀ ਦਾ ਆਪਣਾ ਜ਼ਿਲਾ ਪਟਿਆਲਾ ਹੀ ਸਵਾਈਨ ਫਲੂ ਦੀ ਲਪੇਟ ਵਿਚ ਹੈ।
ਜ਼ਿਲੇ ’ਚ ਫੈਲੀ ਦਹਿਸ਼ਤ
ਲਗਾਤਾਰ ਸਵਾਈਨ ਫਲੂ ਦੇ ਰਿਪੋਰਟ ਹੋ ਰਹੇ ਕੇਸਾਂ ਨਾਲ ਪੂਰੇ ਜ਼ਿਲੇ ਵਿਚ ਦਹਿਸ਼ਤ ਦਾ ਮਾਹੌਲ ਹੈ। ਇਕ ਤੋਂ ਬਾਅਦ ਇਕ ਸਵਾਈਨ ਫਲੂ ਵਰਗੀ ਖਤਰਨਾਕ ਬੀਮਾਰੀ ਦੇ ਕੇਸ ਸਾਹਮਣੇ ਆ ਰਹੇ ਹਨ। ਜਿਥੋਂ ਵੀ ਕੇਸ ਰਿਪੋਰਟ ਹੋ ਰਿਹਾ ਹੈ, ਸਿਹਤ ਵਿਭਾਗ ਵੱਲੋਂ ਉਥੇ ਟੈਮੋ ਫੂਲ ਦੀ ਦਵਾਈ ਪਿਆਈ ਜਾ ਰਹੀ ਹੈ। ਫਿਰ ਵੀ ਸਵਾਈਨ ਫਲੂ ਦੇ ਕੇਸ ਲਗਾਤਾਰ ਵਧ ਰਹੇ ਹਨ। ਲੋਕਾਂ ਵਿਚ ਸਵਾਈਨ ਫਲੂ ਦੇ ਡਰ ਨਾਲ ਕਾਫੀ ਦਹਿਸ਼ਤ ਹੈ।
ਸਭ ਤੋਂ ਵੱਡਾ ਇਲਾਜ ਜਾਗਰੂਕਤਾ
ਸਵਾਈਨ ਫਲੂ ਦਾ ਸਭ ਤੋਂ ਵੱਡਾ ਇਲਾਜ ਜਾਗਰੂਕਤਾ ਹੈ। ਇਸ ਲਈ ਵਿਭਾਗ ਅਤੇ ਸਮਾਜ-ਸੇਵੀ ਸੰਸਥਾਵਾਂ ਵੱਲੋਂ ਇਨ੍ਹਾਂ ਦਿਨਾਂ ਸਵਾਈਨ ਫਲੂ ਸਬੰਧੀ ਜਾਗਰੂਕਤਾ ਮੁਹਿੰਮ ਚਲਾਈ ਗਈ ਹੈ। ਵੱਖ-ਵੱਖ ਥਾਵਾਂ ’ਤੇ ਇਸ ਬੀਮਾਰੀ ਸਬੰਧੀ ਜਾਗਰੂਕਤਾ ਰੈਲੀਆਂ ਅਤੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਲੋਕਾਂ ਨੂੰ ਸਵਾਈਨ ਫਲੂ ਦੇ ਲੱਛਣਾਂ ਅਤੇ ਉਸ ਦੇ ਇਲਾਜ ਸਬੰਧੀ ਜਾਣਕਾਰੀ ਮਿਲ ਸਕੇ।
ਮਰੀਜ਼ਾਂ ਲੀ ਵੱਡੀ ਪੱਧਰ ’ਤੇ ਤਿਆਰੀ
ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਸਵਾਈਨ ਫਲੂ ਦੇ ਮਰੀਜ਼ਾਂ ਲਈ ਵੱਡੇ ਪੱਧਰ ’ਤੇ ਤਿਆਰੀ ਕੀਤੀ ਗਈ ਹੈ। ਇਨ੍ਹਾਂ ਵਿਚੋਂ 4 ਵੈਂਟੀਲੇਟਰ ਸਪੈਸ਼ਲ ਸਵਾਈਨ ਫਲੂ ਦੇ ਮਰੀਜ਼ਾਂ ਲਈ ਹੀ ਰਿਜ਼ਰਵ ਰੱਖੇ ਗਏ ਹਨ। ਆਈਸੋਲੇਸ਼ਨ ਵਾਰਡ ਵੱਖ ਬਣਾਇਆ ਗਿਆ ਹੈ। ਕੁੱਝ ਵਾਰਡਾਂ ਨੂੰ ਤਾਂ ਸਪੈਸ਼ਲ ਰੂਪ ’ਚ ਰਾਖਵਾਂ ਕੀਤਾ ਗਿਆ ਹੈ।
ਕੀ ਆਖਦੇ ਹਨ ਐਪੇਡੋਮੋਲੋਜਿਸਟ?
ਇਸ ਸਬੰਧੀ ਜ਼ਿਲਾ ਐਪੇਡੋਮੋਲੋਜਿਸਟ ਡਾ. ਗੁਰਮੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਵੱਡੇ ਪੱਧਰ ’ਤੇ ਰੈਲੀਆਂ ਅਤੇ ਮੀਟਿੰਗਾਂ ਕਰ ਕੇ ਜਾਗਰੂਕਤਾ ਮੁਹਿੰਮ ਚਲਾਈ ਗਈ ਹੈ। ਇਸ ਤੋਂ ਇਲਾਵਾ ਜਿਥੋਂ ਕੇਸ ਸਾਹਮਣੇ ਆ ਰਹੇ ਹਨ, ਉਸ ਵਿਅਕਤੀ ਨਾਲ ਸਬੰਧਤ ਸਮੁੱਚੇ ਲੋਕਾਂ ਨੂੰ ਟੈਮੀ ਫਲੂ ਦਵਾਈ ਪਿਆਈ ਜਾ ਰਹੀ ਹੈ। ਸਥਿਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ। ਜਿਥੋਂ ਤੱਕ ਇਲਾਜ ਦਾ ਸਬੰਧ ਹੈ, ਉਥੇ ਰਾਜਿੰਦਰਾ ਹਸਪਤਾਲ ਵਿਚ ਸਵਾਈਨ ਫਲੂ ਦੇ ਮਰੀਜ਼ਾਂ ਦੇ ਇਲਾਜ ਲਈ ਖਾਸ ਇੰਤਜ਼ਾਮ ਕੀਤੇ ਗਏ ਹਨ।