DGP ਗੌਰਵ ਯਾਦਵ ਨੇ ਤਲਵੰਡੀ ਸਾਬੋ ਵਿਖੇ ਹੋਣ ਵਾਲੇ ਜੋੜ ਮੇਲ ਦੇ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ
Tuesday, Apr 11, 2023 - 10:34 AM (IST)

ਤਲਵੰਡੀ ਸਾਬੋ/ਜਲੰਧਰ(ਮੁਨੀਸ਼,ਧਵਨ) : ਵਿਸਾਖੀ ਦੇ ਮੌਕੇ ’ਤੇ ਤਲਵੰਡੀ ਸਾਬੋ ’ਚ ਸ਼ਰਧਾਲੂਆਂ ਦੇ ਭਾਰੀ ਗਿਣਤੀ ਵਿਚ ਆਗਮਨ ਨੂੰ ਧਿਆਨ ਵਿਚ ਰੱਖਦੇ ਹੋਏ ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਤਲਵੰਡੀ ਸਾਬੋ ਵਿਚ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ। ਡੀ. ਜੀ. ਪੀ. ਦੇ ਨਾਲ ਪੰਜਾਬ ਦੇ ਸਪੈਸ਼ਲ ਏ. ਡੀ. ਜੀ. ਪੀ. (ਕਾਨੂੰਨ ਵਿਵਸਥਾ) ਅਰਪਿਤ ਸ਼ੁਕਲਾ, ਏ. ਡੀ. ਜੀ. ਪੀ. (ਕਾਨੂੰਨ ਵਿਵਸਥਾ) ਗੁਰਿੰਦਰ ਢਿੱਲੋਂ ਤੋਂ ਇਲਾਵਾ ਹੋਰ ਸੀਨੀਅਰ ਪੁਲਸ ਅਧਿਕਾਰੀ ਵੀ ਸਨ। ਵਿਸਾਖੀ ਦੇ ਮੌਕੇ ’ਤੇ ਤਲਵੰਡੀ ਸਾਬੋ ਵਿਚ ਸਿਆਸੀ ਕਾਨਫਰੰਸਾਂ ਦਾ ਆਯੋਜਨ ਵੀ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ- ਤਲਵੰਡੀ ਸਾਬੋ ’ਚ ਗਰਲਜ਼ ਕਾਲਜ ਦੀਆਂ ਕੰਧਾਂ ’ਤੇ ਲਿਖੇ ਗਏ ਖ਼ਾਲਿਸਤਾਨੀ ਨਾਅਰੇ
ਡੀ.ਜੀ.ਪੀ. ਗੌਰਵ ਯਾਦਵ ਨੇ ਤਖ਼ਤ ਸਾਹਿਬ ਕੰਪਲੈਕਸ ਅਤੇ ਤਖ਼ਤ ਸਾਹਿਬ ਦੇ ਬਾਹਰ ਪੁਲਸ ਵੱਲੋਂ ਲਗਾਏ ਨਿਗਰਾਨੀ ਟਾਵਰਾਂ ਅਤੇ ਸੁਰੱਖਿਆ ਦੇ ਹੋਰ ਬੰਦੋਬਸਤਾਂ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਤਖ਼ਤ ਸਾਹਿਬ ਦੇ ਪੁਰਾਣੇ ਦੀਵਾਨ ਹਾਲ ਦੇ ਨਾਲ-ਨਾਲ ਸਮੁੱਚੇ ਕੰਪਲੈਕਸ ਦਾ ਨਿਰੀਖਣ ਕਰਦਿਆਂ ਅਧਿਕਾਰੀਆਂ ਨੂੰ ਲੋੜੀਂਦੇ ਨਿਰਦੇਸ਼ ਵੀ ਦਿੱਤੇ। ਇਸ ਉਪਰੰਤ ਉਨ੍ਹਾਂ ਜਥੇਦਾਰ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਬੰਦ ਕਮਰੇ ’ਚ ਮੁਲਾਕਾਤ ਵੀ ਕੀਤੀ।
ਇਹ ਵੀ ਪੜ੍ਹੋ- ਜ਼ਹਿਰੀਲੀ ਸ਼ਰਾਬ ਕਾਰਣ ਹੋਈਆਂ 3 ਮੌਤਾਂ ਮਗਰੋਂ ਐਕਸ਼ਨ 'ਚ ਪਿੰਡ ਦੀ ਪੰਚਾਇਤ, ਪਾਸ ਕੀਤਾ ਖ਼ਾਸ ਮਤਾ
ਬੈਠਕ ਨੂੰ ਸੰਬੋਧਨ ਕਰਦਿਆਂ ਡੀ. ਜੀ. ਪੀ. ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਨੂੰ 100 ਫ਼ੀਸਦੀ ਸੁਰੱਖਿਅਤ ਰੱਖਣਾ ਉਨ੍ਹਾਂ ਦੇ ਏਜੰਡੇ ਵਿਚ ਸਭ ਤੋਂ ਉੱਪਰ ਹੈ। ਪੁਲਸ ਅਧਿਕਾਰੀਆਂ ਅੰਦਰ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕੀਤੀ ਗਈ ਹੈ ਅਤੇ ਅਪਰਾਧਾਂ ’ਤੇ ਸਖ਼ਤੀ ਨਾਲ ਕਾਬੂ ਪਾਉਣ ਲਈ ਵੱਡੇ ਯਤਨ ਕੀਤੇ ਜਾ ਰਹੇ ਹਨ। ਪੰਜਾਬ ’ਚ ਪੁਲਸ ਕਿਸੇ ਵੀ ਹਾਲਤ ’ਚ ਗੈਂਗਸਟਰਾਂ ਤੇ ਨਸ਼ਾ ਸਮੱਗਲਰਾਂ ਨੂੰ ਸਿਰ ਨਹੀਂ ਚੁੱਕਣ ਦੇਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਨੂੰ ਗੈਂਗਸਟਰਾਂ ਤੇ ਨਸ਼ਾ ਸਮੱਗਲਰਾਂ ਤੋਂ ਮੁਕਤ ਬਣਾਉਣ ਦੇ ਹੁਕਮ ਦਿੱਤੇ ਹੋਏ ਹਨ, ਜਿਨ੍ਹਾਂ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਗਿਆ ਹੈ। ਡੀ. ਜੀ. ਪੀ. ਨੇ ਕਿਹਾ ਕਿ ਵਿਸਾਖੀ ਨੂੰ ਵੇਖਦੇ ਹੋਏ ਸਮੁੱਚੀ ਪੰਜਾਬ ਪੁਲਸ ਨੂੰ ਚੌਕਸ ਕੀਤਾ ਗਿਆ ਹੈ ਕਿਉਂਕਿ ਇਨ੍ਹਾਂ ਦਿਨਾਂ ਵਿਚ ਆਵਾਜਾਈ ਕਾਫ਼ੀ ਵਧ ਜਾਂਦੀ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।