ਵਧੀਕ ਡਿਪਟੀ ਕਮਿਸ਼ਨਰ ਨੇ ਕਰਾਫ਼ਟ ਮੇਲੇ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ

02/18/2020 3:30:24 PM

ਪਟਿਆਲਾ (ਜੋਸਨ): ਪਟਿਆਲਾ ਦੀ ਵਿਰਾਸਤੀ ਇਮਾਰਤ ਸ਼ੀਸ਼ ਮਹਿਲ ਦੇ ਵਿਹੜੇ 'ਚ ਲਗਾਤਾਰ ਤੀਜੇ ਸਾਲ 22 ਫਰਵਰੀ ਤੋਂ 5 ਮਾਰਚ ਤੱਕ ਲੱਗਣ ਜਾ ਰਹੇ ਕਰਾਫਟ ਮੇਲੇ ਦੇ ਨੋਡਲ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਇਸ ਮੇਲੇ ਦੀਆਂ ਚੱਲ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲਾ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਕੀਤੀ ਅਤੇ ਮੀਟਿੰਗ ਉਪਰੰਤ ਮੌਕੇ 'ਤੇ ਸ਼ੀਸ਼ ਮਹਿਲ ਵਿਖੇ ਜਾਕੇ ਚੱਲ ਰਹੇ ਕੰਮ ਨੂੰ ਦੇਖਿਆ ਅਤੇ ਅਧਿਕਾਰੀਆਂ ਨੂੰ ਹਦਾਇਤਾਂ ਕਰਦਿਆਂ ਕਿਹਾ ਕਿ ਗਠਿਤ ਕਮੇਟੀਆਂ ਦੇ ਮੈਂਬਰ ਆਪਣੀਆਂ ਸੌਂਪੀਆਂ ਜਿੰਮੇਵਾਰੀਆਂ ਸਮੇਂ ਤੋਂ ਪਹਿਲਾਂ ਪੂਰੀਆਂ ਕਰਨ ਅਤੇ ਤਿਆਰੀਆਂ 'ਚ ਕਿਸੇ ਕਿਸਮ ਦੀ ਕੋਈ ਢਿੱਲ-ਮੱਠ ਨਾ ਵਰਤੀ ਜਾਵੇ। ਉਨ੍ਹਾਂ ਕਿਹਾ ਕਿ ਕਰਾਫਟ ਮੇਲੇ 'ਚ ਵੱਖ-ਵੱਖ ਰਾਜਾਂ ਦੇ ਸ਼ਿਲਪਕਾਰਾਂ ਦੇ ਨਾਲ-ਨਾਲ ਟਰਕੀ, ਸੁਡਾਨ, ਮਿਸ਼ਰ, ਉਜਬੇਕਿਸਤਾਨ, ਥਾਈਲੈਂਡ ਤੇ ਟੁਨੀਸੀਆ ਦੇ ਸ਼ਿਲਪਕਾਰ ਵੀ ਹਿੱਸਾ ਲੈਣਗੇ।

PunjabKesari

ਡਾ. ਪ੍ਰੀਤੀ ਯਾਦਵ ਨੇ ਹਦਾਇਤ ਕੀਤੀ ਕਿ ਸਾਰੇ ਪ੍ਰਬੰਧ ਸੁਚੱਜੇ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਹਰ ਅਧਿਕਾਰੀ ਅਤੇ ਕਰਮਚਾਰੀ ਆਪਣੀ ਜਿੰਮੇਵਾਰੀ ਤੇ ਤਨਦੇਹੀ ਤੇ ਆਪਸੀ ਤਾਲਮੇਲ ਨਾਲ ਨਿਭਾਵੇ ਤਾਂ ਕਿ ਕਰਾਫ਼ਟ ਮੇਲੇ ਨੂੰ ਨਿਰਵਿਘਨਤਾ ਨਾਲ ਨੇਪਰੇ ਚੜ੍ਹਾਇਆ ਜਾ ਸਕੇ। ਡਾ.ਪ੍ਰੀਤੀ ਯਾਦਵ ਨੇ ਦੱਸਿਆ ਕਿ ਸ਼ੀਸ਼ ਮਹਿਲ ਵਿਖੇ ਲੱਗਣ ਵਾਲੇ ਇਸ ਕਰਾਫਟ ਮੇਲੇ 'ਚ ਪੁੱਜਣ ਵਾਲੇ ਦਰਸ਼ਕਾਂ ਦੇ ਮਨੋਰੰਜਨ ਲਈ ਉੱਤਰ ਖੇਤਰੀ ਸੱਭਿਆਚਾਰਕ ਕੇਂਦਰ ਪਟਿਆਲਾ ਵੱਲੋਂ ਦਰਜ਼ਨ ਦੇ ਕਰੀਬ ਰਾਜਾਂ ਦੇ ਲੋਕ ਨਾਚਾਂ ਅਤੇ ਲੋਕ ਕਲਾਵਾਂ ਦੇ ਕਰੀਬ ਕਲਾਕਾਰ ਆਪਣੀਆਂ ਵੰਨਗੀਆਂ ਪੇਸ਼ ਕਰਨਗੇ ਅਤੇ ਦੇਸ਼ ਭਰ 'ਚੋਂ ਪੁੱਜਣ ਵਾਲੇ 200 ਤੋਂ ਵੱਧ ਸ਼ਿਲਪਕਾਰਾਂ ਦੀਆਂ ਦਸਤਕਾਰੀ ਵਸਤਾਂ ਦਰਸ਼ਕਾਂ ਦੇ ਖਰੀਦਣ ਲਈ ਲਗਭਗ 200 ਸਟਾਲਾਂ 'ਤੇ ਸਜਾਈਆਂ ਜਾਣਗੀਆਂ।  ਉਨ੍ਹਾਂ ਦੱਸਿਆ ਕਿ ਕਰਾਫ਼ਟ ਮੇਲੇ ਦੌਰਾਨ ਵੱਖ-ਵੱਖ ਰਾਜਾਂ ਦੀਆਂ ਖਾਣ-ਪੀਣ ਦੀਆਂ ਵਸਤਾਂ ਲਈ ਵੀ ਫੂਡ ਸਟਾਲ ਲਗਾਏ ਜਾਣਗੇ।

PunjabKesari

ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਕਰਾਫ਼ਟ ਮੇਲੇ ਦੌਰਾਨ ਦੇਸ ਭਰ ਦੇ ਵੱਖ-ਵੱਖ ਰਾਜਾਂ ਦੇ ਦਸਤਕਾਰ ਆਪਣੇ ਰਾਜ ਦੀਆਂ ਪ੍ਰਮੁੱਖ ਵਸਤਾਂ ਲੋਕਾਂ ਦੇ ਖਰੀਦਣ ਲਈ ਲੈਕੇ ਆਉਣਗੇ। ਉਥੇ ਹੀ ਸੁਡਾਨ, ਮਿਸ਼ਰ, ਉਜਬੇਕਿਸਤਾਨ, ਥਾਈਲੈਂਡ ਤੇ ਟੁਨੀਸੀਆ ਦੇ ਸ਼ਿਲਪਕਾਰ ਵੀ ਆਪਣੇ ਦੇਸ਼ਾਂ ਦੀਆਂ ਪ੍ਰਮੁੱਖ ਵਸਤਾਂ ਲੈਕੇ ਆਉਣਗੇ। ਉਨ੍ਹਾਂ ਦੱਸਿਆ ਕਿ ਇਸ ਕਰਾਫ਼ਟ ਮੇਲੇ 'ਚ ਉਤਰ ਖੇਤਰੀ ਸੱਭਿਆਚਾਰਕ ਕੇਂਦਰ ਵੱਲੋਂ ਦਰਜਨ ਦੇ ਕਰੀਬ ਰਾਜਾਂ ਦੇ 200 ਤੋਂ ਵਧੇਰੇ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਦਾ ਪ੍ਰਬੰਧ ਕੀਤਾ ਗਿਆ ਹੈ। ਇਨ੍ਹਾਂ 'ਚ ਉਡੀਸ਼ਾ ਦਾ ਗੋਟੀਪੁਆ ਅਤੇ ਦਾਲਖਾਈ, ਅਸਾਮ ਦਾ ਬੀਹੂ ਅਤੇ  ਬਾਰਦੋਈ ਸਿਖਲਾ, ਹਰਿਆਣਾ ਦਾ ਬੀਨ ਜੋਗੀ, ਰਾਜਸਥਾਨ ਦਾ ਕਾਲਬੇਲੀਆ, ਬਹੋਈਆ ਅਤੇ ਤੇਰਾ ਤਾਲੀ, ਮੱਧ ਪ੍ਰਦੇਸ਼ ਦਾ ਬਧਾਈ ਅਤੇ ਨੋਰਕਾ, ਮਨੀਪੁਰ ਦਾ ਸਾਗਦਾ ਤੇ ਲਾਈ ਹਰੋਵਾ ਅਤੇ ਪੰਜਾਬ ਤੇ ਨਚਾਰ ਸਮੇਤ ਕਈ ਹੋਰ ਰਾਜਾਂ ਦੇ ਕਲਾਕਾਰਾਂ ਵੱਲੋਂ ਪੇਸ਼ਕਾਰੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਮੇਲੇ ਦੀ ਰਸਮੀ ਸ਼ੁਰੂਆਤ 22 ਫਰਵਰੀ ਨੂੰ ਦੁਪਹਿਰ 3 ਵਜੇ ਕੀਤੀ ਜਾਵੇਗੀ।

ਇਸ ਮੌਕੇ ਸਹਾਇਕ ਕਮਿਸ਼ਨਰ (ਯੂ.ਟੀ.) ਸ੍ਰੀ ਟੀ. ਬੈਨਿਥ, ਐਸ.ਪੀ. (ਟਰੇਫਿਕ) ਸ. ਪਲਵਿੰਦਰ ਸਿੰਘ ਚੀਮਾਂ, ਐਸ.ਡੀ.ਐਮ. ਸਮਾਣਾ ਸ੍ਰੀ ਨਮਨ ਮੜਕਨ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਮਿਸਨ ਇਨਾਇਤ ਗੁਪਤਾ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਸ੍ਰੀ ਲਾਲ ਵਿਸ਼ਵਾਸ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਡਾ. ਮਲਕੀਤ ਸਿੰਘ ਮਾਨ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗੁਲਬਹਾਰ ਸਿੰਘ ਤੂਰ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਟਿਵਾਣਾ, ਐਨ.ਜੈਡ.ਸੀ.ਸੀ. ਦੇ ਪ੍ਰੋਗਰਾਮ ਅਫ਼ਸਰ ਸ੍ਰੀ ਰਵਿੰਦਰ ਪੰਜੋਲਾ ਸਮੇਤ ਹੋਰ ਪ੍ਰਸ਼ਾਸ਼ਨਿਕ ਅਧਿਕਾਰੀ ਵੀ ਮੌਜੂਦ ਸਨ।


Shyna

Content Editor

Related News