ਸਿਹਤ ਵਿਭਾਗ ਨੇ ਭਰੇ ਖਾਣ ਪੀਣ ਵਾਲੀਆਂ ਸ਼ੱਕੀ ਵਸਤੂਆਂ ਦੇ ਸੈਂਪਲ

Friday, Jan 19, 2024 - 05:34 PM (IST)

ਸਿਹਤ ਵਿਭਾਗ ਨੇ ਭਰੇ ਖਾਣ ਪੀਣ ਵਾਲੀਆਂ ਸ਼ੱਕੀ ਵਸਤੂਆਂ ਦੇ ਸੈਂਪਲ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਪੰਜਾਬ ਸਰਕਾਰ ਲੋਕਾਂ ਨੂੰ ਤੰਦਰੁਸਤ ਰੱਖਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਇਸ ਤਹਿਤ ਸਿਹਤ ਵਿਭਾਗ ਸ੍ਰੀ ਮੁਕਤਸਰ ਸਾਹਿਬ ਵਲੋਂ ਡਾ. ਨਵਜੋਤ ਕੌਰ ਸਿਵਲ ਸਰਜਨ ਦੀ ਯੋਗ ਅਗਵਾਈ ਵਿਚ ਜ਼ਿਲ੍ਹਾ ਹਸਪਤਾਲ ਸ੍ਰੀ ਮੁਕਤਸਰ ਸਾਹਿਬ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਰੁਪਾਣਾ ਅਤੇ ਸਬਜੀ ਮੰਡੀ ਗਿੱਦੜਬਾਹਾ ਨੂੰ ਪੰਜਾਬ ਸਰਕਾਰ ਵੱਲੋਂ ਫੂਡ ਸੇਫਟੀ ਅਧੀਨ ਈਟ ਰਾਈਟ ਕੰਪਲੈਕਸ ਐਲਾਨਿਆ ਗਿਆ ਹੈ। ਇਨ੍ਹਾਂ ਸੰਸਥਾਵਾਂ ਦੇ ਇੰਚਾਰਜਾਂ ਨੂੰ ਏ. ਡੀ. ਸੀ. ਡਾ. ਨਯਨ ਵੱਲੋਂ ਸਰਟੀਫਿਕੇਟ ਦਿੱਤੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਨਵਜੋਤ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਇਹ 3 ਈਟ ਰਾਈਟ ਕੰਪਲੈਕਸ ਪੰਜਾਬ ਸਰਕਾਰ ਦੀ ਇੰਸਪੈਕਸ਼ਨ ਟੀਮ ਵੱਲੋਂ ਇੰਸਪੈਕਸ਼ਨ ਕਰਨ ਉਪਰੰਤ ਐਲਾਨੇ ਗਏ ਹਨ। ਉਨ੍ਹਾਂ ਦੱਸਿਆ ਕਿ ਡਾ. ਦੁਪਿੰਦਰ ਕੁਮਾਰ ਜ਼ਿਲ੍ਹਾ ਸਿਹਤ ਅਫਸਰ ਸ੍ਰੀ ਮੁਕਤਸਰ ਸਾਹਿਬ ਅਤੇ ਦਫਤਰ ਸਿਵਲ ਸਰਜਨ ਦੀ ਫੂਡ ਸੇਫਟੀ ਟੀਮ ਵਲੋਂ ਅੱਜ ਸ੍ਰੀ ਮੁਕਤਸਰ ਸਾਹਿਬ, ਪਿੰਡ ਰੁਪਾਣਾ ਅਤੇ ਗਿੱਦੜਬਾਹਾ ਦੀਆਂ ਵੱਖ-ਵੱਖ ਦੁਕਾਨਾਂ ਦੀ ਜਾਂਚ ਕੀਤੀ ਗਈ ਅਤੇ ਖਾਣ ਪੀਣ ਵਾਲੀਆਂ ਸ਼ੱਕੀ ਵਸਤੂਆਂ ਦੇ 6 ਸੈਂਪਲ ਇਕੱਤਰ ਕੀਤੇ ਗਏ ਅਤੇ ਜਾਂਚ ਲਈ ਭੇਜੇ ਗਏ ਹਨ।

ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਲੋਕਾਂ ਨੂੰ ਸਾਫ-ਸੁਥਰੀਆਂ ਅਤੇ ਸ਼ੁੱਧ ਖਾਣ-ਪੀਣ ਵਾਲੀਆਂ ਵਸਤੂਆਂ ਉਪਲੱਬਧ ਕਰਵਾਉਣ ਲਈ ਯੋਗ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਖਾਣ ਪੀਣ ਵਾਲੀਆਂ ਵਸਤੂਆਂ ਵੇਚਣ ਵਾਲੀਆਂ ਦੁਕਾਨਾਂ ਦੀ ਫੂਡ ਸੇਫਟੀ ਟੀਮ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਅਤੇ ਸ਼ੱਕੀ ਵਸਤੂਆਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਜਾ ਰਹੇ ਹਨ। ਜ਼ਿਲ੍ਹਾ ਸਿਹਤ ਅਫਸਰ ਨੇ ਦੱਸਿਆ ਕਿ ਖਾਣ ਪੀਣ ਵਾਲੀਆਂ ਵਸਤੂਆਂ ਦੇ ਸੈਂਪਲ ਲੈਣ ਦੀ ਮੁਹਿੰਮ ਲਗਾਤਾਰ ਜਾਰੀ ਰਹੇਗੀ ਅਤੇ ਮਿਲਾਵਟਖੋਰਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਖਾਣ-ਪੀਣ ਦਾ ਵਪਾਰ ਕਰਨ ਵਾਲੇ ਦੁਕਾਨਦਾਰਾਂ ਅਤੇ ਮਠਿਆਈ ਵਿਕ੍ਰੇਤਾਵਾਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਨੂੰ ਸ਼ੁੱਧ ਅਤੇ ਸਾਫ ਸੁਥਰੀਆਂ ਵਸਤੂਆਂ ਹੀ ਵੇਚਣ ਅਤੇ ਸਫਾਈ ਦਾ ਖਾਸ ਧਿਆਨ ਰੱਖਣ ਅਤੇ ਜੇਕਰ ਕਿਸੇ ਨੇ ਅਜੇ ਤੱਕ ਆਪਣੀ ਫੂਡ ਸੇਫਟੀ ਅਧੀਨ ਰਜਿਸਟਰੇਸ਼ਨ ਨਹੀਂ ਕਰਵਾਈ ਉਹ ਜਲਦ ਤੋਂ ਜਲਦ ਆਪਣੀ ਰਜਿਸਟਰੇਸ਼ਨ ਕਰਵਾ ਲੈਣ। ਇਸ ਮੌਕੇ ਹਰਵਿੰਦਰ ਸਿੰਘ ਫੂਡ ਸੇਫਟੀ ਅਫਸਰ ਅਤੇ ਉਨ੍ਹਾਂ ਦੀ ਟੀਮ ਵੀ ਹਾਜ਼ਰ ਸੀ।


author

Gurminder Singh

Content Editor

Related News