ਨੂੰਹ ਦੇ ਕਤਲ ਦੇ ਜ਼ੁਰਮ ’ਚ ਸਹੁਰੇ ਨੂੰ ਉਮਰਕੈਦ

2/26/2021 1:15:49 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ): ਜ਼ਿਲ੍ਹੇ ਦੇ ਪਿੰਡ ਚੱਕ ਗਾਂਧਾ ਸਿੰਘ ਵਾਲਾ ਵਿਖੇ ਸਹੁਰੇ ਪਰਿਵਾਰ ਵੱਲੋਂ ਨੂੰਹ ਨੂੰ ਕਤਲ ਕਰਨ ਦੇ ਮਾਮਲੇ ਵਿਚ ਜ਼ਿਲ੍ਹਾ ਅਤੇ ਸੈਸ਼ਨ ਜੱਜ ਅਰੁਣਵੀਰ ਵਸ਼ਿਸ਼ਟ ਨੇ ਜ਼ਿਲ੍ਹਾ ਅਟਾਰਟੀ ਸੰਦੀਪ ਗਿਰਧਰ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਮ੍ਰਿਤਕਾ ਦੇ ਸਹੁਰੇ ਕਸ਼ਮੀਰ ਸਿੰਘ ਉਰਫ ਕਾਲੀ ਨੂੰ ਉਮਰਕੈਦ ਦੀ ਸਜ਼ਾ ਅਤੇ 10 ਹਜ਼ਾਰ ਰੁਪਏ ਜ਼ੁਰਮਾਨਾ ਅਦਾ ਕਰਨ ਦਾ ਹੁਕਮ ਦਿੱਤਾ ਹੈ। ਜ਼ੁਰਮਾਨਾ ਅਦਾ ਨਾ ਹੋਣ ’ਤੇ ਸਜ਼ਾ ਵਿਚ 6 ਮਹੀਨੇ ਦਾ ਵਾਧਾ ਹੋਵੇਗਾ, ਜਦੋਂ ਕਿ ਪਤੀ ਸੰਦੀਪ ਸਿੰਘ ਨੂੰ ਜ਼ੁਰਮ ਸਾਬਤ ਨਾ ਹੋਣ ’ਤੇ ਬਰੀ ਕਰ ਦਿੱਤਾ ਗਿਆ ਹੈ।

ਜਾਣਕਾਰੀ ਅਨੁਸਾਰ 10 ਜੂਨ 2017 ਨੂੰ ਮੱਖਣ ਸਿੰਘ ਪਿੰਡ ਮੱਤਾ ਜ਼ਿਲ੍ਹਾ ਫਰੀਦਕੋਟ ਨੇ ਬਰੀਵਾਲਾ ਪੁਲਸ ਨੂੰ ਸੂਚਨਾ ਦਿੱਤੀ ਸੀ ਕਿ ਉਸਦੀ ਕੁੜੀ ਰਿੰਪਲ ਰਾਣੀ ਕਰੀਬ ਸੱਤ ਸਾਲ ਪਹਿਲਾਂ ਸੰਦੀਪ ਸਿੰਘ ਨਾਲ ਵਿਆਹੀ ਸੀ, ਉਸਦੇ ਦੋ ਬੱਚੇ ਹਨ। ਉਸਨੇ ਦੱਸਿਆ ਕਿ ਰਿੰਪਲ ਰਾਣੀ ਨਾਲ ਉਸਦਾ ਸਹੁਰਾ ਕਸ਼ਮੀਰ ਸਿੰਘ, ਸੱਸ ਬਲਵਿੰਦਰ ਕੌਰ, ਪਤੀ ਸੰਦੀਪ ਸਿੰਘ ਅਕਸਰ ਹੀ ਲੜਾਈ ਝਗੜਾ ਕਰਦੇ ਰਹਿੰਦੇ ਸਨ, ਕਿਉਂਕਿ ਉਸਦੀ ਸੱਸ ਦੇ ਆਪਣੇ ਦਿਓਰ ਅੰਗਰੇਜ਼ ਸਿੰਘ ਨਾਲ ਕਥਿਤ ਤੌਰ ’ਤੇ ਨਾਜਾਇਜ਼ ਸਬੰਧ ਸਨ ਅਤੇ ਉਸਦੀ ਲੜਕੀ ਉਨ੍ਹਾਂ ਨੂੰ ਵਰਜਦੀ ਸੀ। ਇਸ ਤੋਂ ਖਫ਼ਾ ਹੋ ਕੇ ਕਸ਼ਮੀਰ ਸਿੰਘ, ਬਲਵਿੰਦਰ ਕੌਰ, ਸੰਦੀਪ ਸਿੰਘ ਤੇ ਅੰਗਰੇਜ਼ ਸਿੰਘ ਨੇ ਰਿੰਪਲ ਰਾਣੀ ਦਾ ਕਤਲ ਕਰ ਦਿੱਤਾ।

ਇਸ ਸਬੰਧ ਵਿਚ ਥਾਣਾ ਬਰੀਵਾਲਾ ਦੀ ਪੁਲਸ ਨੇ ਇਨ੍ਹਾਂ ਚਾਰਾਂ ਦੋਸ਼ੀਆਂ ਖਿਲਾਫ਼ ਮੁਕੱਦਮਾ ਕਰ ਕੇ ਮਾਮਲਾ ਅਦਾਲਤ ਹਵਾਲੇ ਕਰ ਦਿੱਤਾ। ਜ਼ਿਲ੍ਹਾ ਅਟਾਰਟੀ ਸੰਦੀਪ ਗਿਰਧਰ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਅਦਾਲਤ ਨੇ ਕਸ਼ਮੀਰ ਸਿੰਘ ਨੂੰ ਉਮਰਕੈਦ ਤੇ ਜ਼ੁਰਮਾਨੇ ਦੀ ਸਜ਼ਾ ਦਾ ਹੁਕਮ ਦਿੱਤਾ ਹੈ, ਜਦੋਂ ਕਿ ਇਸ ਕੇਸ ਵਿਚ ਸ਼ਾਮਲ ਇਕ ਦੋਸ਼ੀ ਜੋ ਮ੍ਰਿਤਕ ਦਾ ਚਾਚਾ ਸਹੁਰਾ ਅੰਗਰੇਜ਼ ਸਿੰਘ ਦੀ ਮੁਕੱਦਮੇ ਦੌਰਾਨ ਮੌਤ ਹੋ ਗਈ ਸੀ ਅਤੇ ਮ੍ਰਿਤਕ ਦੀ ਸੱਸ ਬਲਵਿੰਦਰ ਕੌਰ ਅਜੇ ਤੱਕ ਪੁਲਸ ਦੀ ਗ੍ਰਿਫਤ ’ਚ ਨਹੀਂ ਆਈ।


Shyna

Content Editor Shyna