ਨੌਜਵਾਨੀ ਨੂੰ ਸਿੱਖੀ ਦੀ ਮੁੱਖਧਾਰਾ ''ਚ ਲਿਆਉਣ ਲਈ ਕੀਤੇ ਜਾਣਗੇ ਵਿਸ਼ੇਸ਼ ਉਪਰਾਲੇ : ਖਾਲਸਾ

09/19/2019 10:23:17 AM

ਪਟਿਆਲਾ (ਜੋਸਨ, ਬਲਜਿੰਦਰ)—ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਸਿੱਖੀ ਤੋਂ ਦੂਰ ਜਾ ਰਹੀ ਨੌਜਵਾਨੀ ਪ੍ਰਤੀ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਨੌਜਵਾਨੀ ਨੂੰ ਸਿੱਖੀ ਦੀ ਮੁੱਖਧਾਰਾ 'ਚ ਮੁੜ ਲਿਆਉਣ ਲਈ ਦਮਦਮੀ ਟਕਸਾਲ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ।

ਦਮਦਮੀ ਟਕਸਾਲ ਮੁਖੀ ਪਟਿਆਲਾ ਦੇ ਸਥਾਨਕ ਹਰਪਾਲ ਟਿਵਾਣਾ ਆਡੀਟੋਰੀਅਮ ਵਿਖੇ ਦਮਦਮੀ ਟਕਸਾਲ ਵੱਲੋਂ ਕਰਵਾਏ ਗਏ ਅੰਤਰਰਾਸ਼ਟਰੀ ਸੈਮੀਨਾਰ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕੁਝ ਲੋਕਾਂ ਵੱਲੋਂ ਗੁਰਮੁਖੀ (ਪੰਜਾਬੀ) ਭਾਸ਼ਾ ਦਾ ਮਜ਼ਾਕ ਉਡਾਉਣ ਵਾਲਿਆਂ ਨੂੰ ਆੜੇ ਹੱਥੀਂ ਲਿਆ ਅਤੇ ਕਿਹਾ ਕਿ ਗੁਰਮੁਖੀ ਇਕ ਵਿਲੱਖਣ ਭਾਸ਼ਾ ਹੈ। ਇਸ ਸਦਕਾ ਸਾਡੀ ਪਛਾਣ ਹੈ। ਪੰਜਾਬੀ ਭਾਸ਼ਾ 'ਤੇ ਉਹ ਸਖਤ ਪਹਿਰਾ ਦੇਣਗੇ ਅਤੇ ਇਸ ਨੂੰ ਆਂਚ ਨਹੀਂ ਆਉਣ ਦੇਣਗੇ।
ਇਸ ਮੌਕੇ ਮੁੱਖ ਮਹਿਮਾਨ ਸੰਤ ਬਾਬਾ ਅਮਰੀਕ ਸਿੰਘ ਕਾਰਸੇਵਾ ਗੁ. ਦੂਖ ਨਿਵਾਰਨ ਸਾਹਿਬ ਪਟਿਆਲਾ ਅਤੇ ਗਿਆਨੀ ਪ੍ਰਣਾਮ ਸਿੰਘ ਦੀ ਹਾਜ਼ਰੀ ਵਿਚ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਗੁਰਬਾਣੀ ਦੀ ਮੌਖਿਕ ਵਿਆਖਿਆ ਦੀ ਪ੍ਰੰਪਰਾ ਨੂੰ ਦਮਦਮੀ ਟਕਸਾਲ ਨੇ ਅੱਜ ਵੀ ਜਾਰੀ ਰੱਖਿਆ ਹੋਇਆ ਹੈ।

ਸੈਮੀਨਾਰ ਦੀ ਪ੍ਰਧਾਨਗੀ ਕਰਦਿਆਂ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਨੇ ਦਮਦਮੀ ਟਕਸਾਲ ਦੇ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਦੂਰਅੰਦੇਸ਼ੀ ਅਤੇ ਪੰਥਕ ਸੇਵਾਵਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਟਕਸਾਲ ਨੇ ਗੁਰਬਾਣੀ, ਵਿੱਦਿਆ, ਕਥਾ-ਕੀਰਤਨ, ਸਿਮਰਨ ਅਤੇ ਪੰਥ ਦਾ ਪ੍ਰਚਾਰ ਪ੍ਰਸਾਰ ਕੀਤਾ। ਸੈਮੀਨਾਰ ਦੇ ਕੋ-ਆਰਡੀਨੇਟਰ ਅਤੇ ਉੱਘੇ ਸਿੱਖ ਚਿੰਤਕ ਡਾ. ਹਰਭਜਨ ਸਿੰਘ ਨੇ ਕਿਹਾ ਦਮਦਮੀ ਟਕਸਾਲ ਦਾ ਸੰਘਰਸ਼ ਸਿਆਸੀ ਨਾ ਹੋ ਕੇ ਸਦਾ ਧਾਰਮਕ ਰਿਹਾ ਹੈ। ਸਿੱਖੀ 'ਤੇ ਕੀਤੇ ਜਾਂਦੇ ਹਮਲਿਆਂ ਨੂੰ ਰੋਕਣਾ ਦਮਦਮੀ ਟਕਸਾਲ ਦਾ ਕਿਰਦਾਰ ਰਿਹਾ ਹੈ।

ਇਸ ਮੌਕੇ ਡਾ. ਜਸਬੀਰ ਸਿੰਘ ਸਾਬਰ, ਕਰਨੈਲ ਸਿੰਘ ਪੰਜੌਲੀ ਮੈਂਬਰ ਸ਼੍ਰੋਮਣੀ ਕਮੇਟੀ, ਡਾ. ਸਤਿੰਦਰ ਸਿੰਘ, ਡਾ. ਪਲਵਿੰਦਰ ਕੌਰ, ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਖਾਲਸਾ ਆਦਿ ਮੌਜੂਦ ਸਨ।


Shyna

Content Editor

Related News