ਕਰੰਟ ਲੱਗਣ ਨਾਲ ਦੋ ਗਾਵਾਂ ਦੀ ਮੌਤ

07/08/2020 1:01:22 PM

ਭਵਾਨੀਗੜ੍ਹ (ਕਾਂਸਲ): ਸਥਾਨਕ ਸ਼ਹਿਰ ਨੇੜਲੇ ਪਿੰਡ ਘਰਾਚੋਂ ਵਿਖੇ ਅੱਜ ਬੱਸ ਅੱਡੇ 'ਤੇ ਲੱਗੇ ਇਕ 24 ਘੰਟੇ ਬਿਜਲੀ ਸਪਲਾਈ ਵਾਲੇ ਟ੍ਰਾਂਸਫਾਰਮਰ ਦੇ ਸਵਿੱਚ ਵਿਚ ਕਰੰਟ ਆਉਣ ਕਾਰਨ ਦੋ ਗਊਵੰਸ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਘਟਨਾਂ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਗੁਰਮੀਤ ਸਿੰਘ ਅਤੇ ਨਰੰਜਨ ਸਿੰਘ ਮੈਂਬਰ ਕੋਆਪਰੇਟਿਵ ਸੁਸਾਇਟੀ ਘਰਾਚੋਂ, ਲਾਭ ਸਿੰਘ, ਪਰਮਿੰਦਰ ਸਿੰਘ, ਸੂਬਾ ਸਿੰਘ, ਕਰਨੈਲ ਸਿੰਘ, ਰੋਡਾ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਹੋ ਰਹੀ ਤੇਜ਼ ਬਰਸਾਤ ਦੌਰਾਨ ਪਿੰਡ ਘਰਾਚੋਂ ਵਿਖੇ ਬੱਸ ਅੱਡੇ ਉਪਰ ਲੱਗੇ ਇਕ 24 ਘੰਟੇ ਬਿਜਲੀ ਸਪਲਾਈ ਵਾਲੇ ਟ੍ਰਾਂਸਫਾਰਮਰ ਦੇ ਬਿਲਕੁੱਲ ਨਾਲ ਖੜ੍ਹੇ ਇਕ ਡੇਕ ਦੇ ਦਰਖ਼ਤ ਹੇਠ ਮੀਂਹ ਤੋਂ ਆਪਣਾ ਬਚਾਅ ਕਰਨ ਲਈ ਆਸਰਾ ਲੈਣ ਲਈ ਖੜੀ ਇਕ ਗਊ ਨੂੰ ਟ੍ਰਾਂਸਫਾਰਮਰ ਦੀ ਸਵਿੱਚ ਤੋਂ ਕਰੰਟ ਲੱਗ ਗਿਆ ਅਤੇ ਜਦੋਂ ਇਹ ਗਊ ਕਰੰਟ ਲੱਗਣ ਕਾਰਨ ਤੜਫ ਰਹੀ ਸੀ ਤਾਂ ਇਸ ਗਊ ਨੂੰ ਤੜਫੀ ਦੇਖ ਨੇੜੇ ਖੜ੍ਹੀ ਇਕ ਹੋਰ ਗਊ ਜਦੋਂ ਇਸ ਗਊ ਦੇ ਨੇੜੇ ਆ ਕੇ ਨਾਲ ਲੱਗੀ ਤਾਂ ਇਸ ਨੂੰ ਵੀ ਕਰੰਟ ਲੱਗ ਗਿਆ ਅਤੇ ਦੇਖਦੇ ਹੀ ਦੇਖਦੇ ਦੋਵੇ ਗਊਆਂ ਨੇ ਤੜਫ ਤੜਫ ਕੇ ਦਮ ਤੋੜ ਦਿੱਤਾ।

ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ 'ਚੋਂ ਇਕ ਨੇ ਪਹਿਲਾਂ ਜਦੋਂ ਇਕ ਗਊ ਕਰੰਟ ਲੱਗਣ ਕਾਰਨ ਤੜਫ ਰਹੀ ਸੀ ਤਾਂ ਸਬੰਧਤ ਗਰਿਡ ਵਿਖੇ ਫੋਨ ਕਰਕੇ ਲਾਇਟ ਬੰਦ ਕਰਨ ਲਈ ਕਿਹਾ ਪਰ ਅੱਗੋਂ ਉਨ੍ਹਾਂ ਨੂੰ ਕਥਿਤ ਤੌਰ 'ਤੇ ਇਹ ਜੁਵਾਬ ਦਿੱਤਾ ਗਿਆ ਕਿ ਉਹ ਲਾਇਨਮੈਂਨ ਨਾਲ ਗੱਲ ਕਰਕੇ ਲਾਇਟ ਕੱਟ ਕਰਨਗੇ ਅਤੇ ਇਸ ਦੌਰਾਨ ਹੀ ਦੂਜੀ ਗਊ ਵੀ ਇਥੇ ਕਰੰਟ ਦਾ ਸ਼ਿਕਾਰ ਹੋ ਗਈ। ਪਿੰਡ ਵਾਸੀਆਂ ਨੇ ਦੱਸਿਆ ਕਿ ਇਥੇ ਖੜ੍ਹੀਆਂ ਹੋਰ ਗਊਆਂ ਨੂੰ ਉਨ੍ਹਾਂ ਨੇ ਇਥੋਂ ਪਰਾ ਭਜਾ ਕੇ ਉਨ੍ਹਾਂ ਦਾ ਬਚਾਅ ਕੀਤਾ। ਇਸ ਤਰ੍ਹਾਂ ਗਰਿਡ ਦੇ ਕਰਮਚਾਰੀਆਂ ਵਲੋਂ ਵਰਤੀ ਗਈ ਲਾਹਪ੍ਰਵਾਹੀ ਅਤੇ ਟਰਾਂਸਫਾਰਮ ਦੀ ਸਵਿੱਚ ਜੋ ਕਿ ਜ਼ਮੀਨ ਨਾਲ ਲੱਗਦੀ ਹੋਣ ਨੂੰ ਵਿਭਾਗ ਦੀ ਲਾਹਪ੍ਰਵਾਹੀ ਮੰਨਦੇ ਹੋਏ ਪਿੰਡ ਵਾਸੀਆਂ 'ਚ ਇਸ ਘਟਨਾ ਪ੍ਰਤੀ ਰੋਸ ਪਾਇਆ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਡੇਕ ਦੇ ਦਰਖ਼ਤ ਦੀ ਛਾਂ ਹੇਠ ਬੈਠ ਕੇ ਆਮ ਦਿਨਾਂ ਵਿਚ ਕਈ ਪਿੰਡ ਵਾਸੀ ਜਿਸ ਵਿਚ ਜ਼ਿਆਦਾ ਸੀਨੀਅਰ ਸਿਟੀਜ਼ਨ ਹੁੰਦੇ ਹਨ ਤਾਸ਼ ਵਗੈਰਾ ਖੇਡ ਕੇ ਆਪਣਾ ਸਮਾਂ ਬਤੀਤ ਕਰਦੇ ਸਨ। ਅੱਜ ਦੀ ਘਟਨਾਂ ਨੂੰ ਦੇਖਦੇ ਹੋਏ ਪਿੰਡ ਵਾਸੀਆਂ ਨੇ ਇਸ ਡੇਕ ਦੇ ਦਰਖ਼ਤ ਨੂੰ ਕੱਟ ਦਿੱਤਾ ਅਤੇ ਪਾਵਰ ਕਾਮ ਤੋਂ ਮੰਗ ਕੀਤੀ ਕਿ ਅਜਿਹੀਆਂ ਘਟਨਾਵਾਂ ਨੂੰ  ਰੋਕਣ ਲਈ ਤੁਰੰਤ ਟ੍ਰਾਂਸਫਾਰਮਰਾਂ ਅਤੇ ਖੰਭਿਆਂ ਦੀ ਮੈਨਟੀਨੈਂਸ ਕਰਵਾਈ ਜਾਵੇ ਅਤੇ ਅਤੇ ਕਰੰਟ ਵਾਲੇ ਸਾਧਨਾਂ ਨੂੰ ਮਨੁੱਖੀ ਅਤੇ ਜੀਵ ਜੰਤੂਆਂ ਦੀ ਪਹੁੰਚ ਤੋਂ ਦੂਰ ਕੀਤਾ ਜਾਵੇ।


Shyna

Content Editor

Related News