ਹਜ਼ਾਰਾਂ ਰੁਪਏ ਰਿਸ਼ਵਤ ਲੈਂਦਾ ਕਲਰਕ ਰੰਗੇ ਹੱਥੀਂ ਕਾਬੂ, ਦਿੰਦਾ ਸੀ ਧਮਕੀਆਂ
Thursday, Aug 21, 2025 - 07:54 PM (IST)

ਫ਼ਿਰੋਜ਼ਪੁਰ,(ਪਰਮਜੀਤ ਸੋਢੀ): ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਅਪਣਾਈ ਗਈ ਜ਼ੀਰੋ-ਟੌਲਰੈਂਸ ਨੀਤੀ ਨੂੰ ਅੱਗੇ ਵਧਾਉਂਦਿਆਂ, ਪੰਜਾਬ ਵਿਜੀਲੈਂਸ ਬਿਊਰੋ (ਵੀਬੀ) ਨੇ ਫਿਰੋਜ਼ਪੁਰ ਦੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਦਫ਼ਤਰ (ਡੀਡੀਪੀਓ) ਵਿਚ ਤਾਇਨਾਤ ਕਲਰਕ ਬਲਵੰਤ ਸਿੰਘ ਨੂੰ 60,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ।
ਰਾਜ ਦੇ ਵਿਜੀਲੈਂਸ ਬਿਊਰੋ ਦੇ ਇਕ ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਨੂੰ ਫਿਰੋਜ਼ਪੁਰ ਜ਼ਿਲ੍ਹੇ ਦੇ ਤਲਵੰਡੀ ਭਾਈ ਤਹਿਸੀਲ ਦੇ ਪਿੰਡ ਲੱਲੇ ਦੇ ਇਕ ਵਸਨੀਕ ਦੀ ਸ਼ਿਕਾਇਤ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕੇ ਦੱਸਿਆ ਸੀ ਕਿ ਉਸਨੇ ਇਕ ਨਿੱਜੀ ਬੈਂਕ ਤੋਂ ਖੇਤੀਬਾੜੀ ਲੋਨ ਲਿਮਟ ਲਈ ਅਰਜ਼ੀ ਦਿੱਤੀ ਸੀ। ਉਸ ਨੇ ਆਪਣੀ ਅਰਜ਼ੀ ਵਿਚ ਆਪਣੀ ਖੁਦ ਦੀ ਜ਼ਮੀਨ ਅਤੇ ਪੰਚਾਇਤ ਦੀ ਜ਼ਮੀਨ ਦੋਵਾਂ ਦਾ ਜ਼ਿਕਰ ਕੀਤਾ ਸੀ, ਜਿਸ ਨੂੰ ਉਹ ਨਿਲਾਮੀ ਵਿਚ ਜਿੱਤ ਕੇ ਵਾਹੀ ਕਰ ਰਿਹਾ ਸੀ। ਬੈਂਕ ਨੇ ਲੋਨ ਮਨਜ਼ੂਰ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਡੀਡੀਪੀਓ ਦਫ਼ਤਰ ਨੂੰ ਸੂਚਿਤ ਕੀਤਾ।
ਸ਼ਿਕਾਇਤ ਦੇ ਅਨੁਸਾਰ, ਉਕਤ ਕਲਰਕ ਨੇ ਪੰਚਾਇਤ ਦੀ ਜ਼ਮੀਨ ਦੇ ਮਾਲੀ ਰਿਕਾਰਡ ਨੂੰ ਬੈਂਕ ਵਿਚ ਜਮ੍ਹਾ ਕਰਾਉਣ ਨੂੰ ਲੈ ਕੇ ਸ਼ਿਕਾਇਤਕਰਤਾ ਨੂੰ ਧਮਕੀ ਦਿੱਤੀ ਅਤੇ ਕਿਸੇ ਵੀ ਨੁਕਸਾਨਦੇਹ ਕਾਰਵਾਈ ਤੋਂ ਬਚਣ ਲਈ ਇਕ ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ। ਬਾਅਦ ਵਿਚ, ਮੁਲਜ਼ਮ 60,000 ਰੁਪਏ ਦੀ ਰਿਸ਼ਵਤ ਲੈਣ ਲਈ ਰਾਜ਼ੀ ਹੋ ਗਿਆ। ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ, ਫਿਰੋਜ਼ਪੁਰ ਰੇਂਜ ਦੀ ਇਕ ਵਿਜੀਲੈਂਸ ਟੀਮ ਨੇ ਜਾਲ ਵਿਛਾਇਆ ਅਤੇ ਦੋ ਸਰਕਾਰੀ ਗਵਾਹਾਂ ਦੀ ਮੌਜ਼ੂਦਗੀ ਵਿਚ ਮੁਲਜ਼ਮ ਨੂੰ ਸ਼ਿਕਾਇਤਕਰਤਾ ਤੋਂ 60,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਮੁਲਜ਼ਮ ਖ਼ਿਲਾਫ਼ ਵਿਜੀਲੈਂਸ ਬਿਊਰੋ ਥਾਣਾ ਫਿਰੋਜ਼ਪੁਰ ਰੇਂਜ ਵਿਚ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਨੂੰ ਕੱਲ੍ਹ ਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।