ਸੀ.ਆਈ.ਏ. ਅਤੇ ਥਾਣਾ ਛਾਉਣੀ ਦੀ ਪੁਲਸ ਨੇ ਚੋਰੀ ਦੇ 2 ਮੋਟਰਸਾਈਕਲਾਂ ਦੇ ਨਾਲ 2 ਨੂੰ ਕੀਤਾ ਕਾਬੂ, ਦੋ ਫ਼ਰਾਰ

09/24/2021 6:19:24 PM

ਫਿਰੋਜ਼ਪੁਰ (ਕੁਮਾਰ): ਸੀ.ਆਈ.ਏ. ਸਟਾਫ ਫਿਰੋਜ਼ਪੁਰ ਦੀ ਪੁਲਸ ਨੇ ਏ.ਐਸ.ਆਈ. ਜਸਪਾਲ ਸਿੰਘ ਤੇ ਥਾਣਾ ਛਾਉਣੀ ਦੀ ਪੁਲਸ ਨੇ ਏ.ਐਸ.ਆਈ. ਰਮਨ ਕੁਮਾਰ ਦੀ ਅਗਵਾਈ ਹੇਠ 2 ਵਿਅਕਤੀਆਂ ਨੂੰ ਚੋਰੀ ਦੇ 2 ਮੋਟਰਸਾਈਕਲਾਂ ਨਾਲ ਕਾਬੂ ਕੀਤਾ ਹੈ, ਜਦਕਿ ਉਨ੍ਹਾਂ ਦੇ ਦੋ ਸਾਥੀ ਅਜੇ ਵੀ ਫ਼ਰਾਰ ਹਨ, ਜਿਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਦਿਦੇ ਹੋਏ ਸੀ.ਆਈ.ਏ. ਸਟਾਫ ਫਿਰੋਜ਼ਪੁਰ ਦੇ ਇੰਚਾਰਜ ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਏ.ਐਸ.ਆਈ. ਜਸਪਾਲ ਸਿੰਘ ਦੀ ਅਗਵਾਈ ਹੇਠ ਜਦ ਪੁਲਸ ਪਾਰਟੀ ਫਿਰੋਜ਼ਪੁਰ ਫਾਜ਼ਿਲਕਾ ਰੋਡ ’ਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੀ ਸੀ ਤਾਂ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕਮਲਜੀਤ ਸਿੰਘ ਉਰਫ ਗੁਰਪ੍ਰੀਤ ਉਰਫ ਗੋਪੀ ਮੋਟਰਸਾਈਕਲ ਚੋਰੀ ਕਰਨ ਦਾ ਆਦੀ ਹੈ ਤੇ ਉਸ ਨੇ ਇਕ ਚੋਰੀ ਕੀਤਾ ਹੋਇਆ ਮੋਟਰਸਾਈਕਲ ਗੁਰਮੀਤ ਪੁੱਤਰ ਅਜੀਤ ਨੂੰ ਦਿੱਤਾ ਹੈ ਤੇ ਗੁਰਮੀਤ ਸਿੰਘ ਚੋਰੀ ਦੇ ਹੀਰੋ ਹਾਂਡਾ ਪੈਸ਼ਨ ਪ੍ਰੋ ਬਿਨਾ ਨੰਬਰੀ ਮੋਟਰਸਾਈਕਲ ’ਤੇ ਸਵਾਰ ਹੋ ਕੇ ਫਿਰੋਜ਼ਪੁਰ ਵੱਲ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਪੁਲਸ ਪਾਰਟੀ ਨਾਲ ਨਾਕਾਬੰਦੀ ਕਰਦੇ ਹੋਏ ਗੁਰਪ੍ਰੀਤ ਸਿੰਘ ਨੂੰ ਕਾਬੂ ਕਰ ਲਿਆ ਤੇ ਉਸ ਦੇ ਕਬਜ਼ੇ ਵਿਚੋਂ ਇਕ ਚੋਰੀ ਦਾ ਮੋਟਰਸਾਈਕਲ ਬਿਨਾਂ ਨੰਬਰੀ ਬਰਾਮਦ ਕੀਤਾ, ਜਦਕਿ ਉਸ ਦਾ ਦੂਸਰਾ ਸਾਥੀ ਕਰਮਜੀਤ ਸਿੰਘ ਅਜੇ ਵੀ ਫਰਾਰ ਹੈ। 

ਦੂਜੇ ਪਾਸੇ ਏ.ਐਸ.ਆਈ. ਰਮਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਹੇਮੰਤ ਉਰਫ ਲਾਲੀ ਤੇ ਜਗਪ੍ਰੀਤ ਸਿੰਘ ਉਰਫ ਗੁੰਨਾ ਮੋਟਰਸਾਈਕਲ ਚੋਰੀ ਕਰਨ ਦੇ ਆਦੀ ਹਨ, ਜੋ ਸ਼ਮਸ਼ਾਨਘਾਟ ਨੂੰ ਜਾਂਦੀ ਸੜਕ ’ਤੇ ਚੋਰੀ ਦਾ ਮੋਟਰਸਾਈਕਲ ਵੇਚਣ ਲਈ ਗ੍ਰਾਹਕਾਂ ਦਾ ਇੰਤਜਾਰ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਰੇਡ ਕਰਦੇ ਹੋਏ ਜਗਪ੍ਰੀਤ ਸਿੰਘ ਉਰਫ ਗੁੰਨਾ ਨੂੰ ਕਾਬੂ ਕਰ ਲਿਆ, ਜਿਸਦੇ ਕਬਜੇ ਵਿਚੋਂ ਇਕ ਸਪਲੈਂਡਰ ਰੰਗ ਕਾਲਾ ਬਿਨਾਂ ਨੰਬਰੀ ਮੋਟਰਸਾਈਕਲ ਬਰਾਮਦ ਹੋਇਆ। ਫੜ੍ਹੇ ਗਏ ਵਿਅਕਤੀਆਂ ਤੋਂ ਪੁਲਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। 


Shyna

Content Editor

Related News