ਚੌਂਕੀਦਾਰ ਦੀ ਹੱਤਿਆ ਮਾਮਲੇ ਦਾ 48 ਘੰਟਿਆਂ ’ਚ ਪਰਦਾਫਾਸ਼, 2 ਕਾਬੂ

06/01/2020 9:15:27 PM

ਮੋਗਾ, (ਆਜ਼ਾਦ)- ਮੋਗਾ ਪੁਲਸ ਵੱਲੋਂ ਨੇੜਲੇ ਪਿੰਡ ਡਾਲਾ ਦੇ ਸਰਕਾਰੀ ਸਕੂਲ ਵਿਚ ਹੋਏ ਚੌਂਕੀਦਾਰ ਬਚਿੱਤਰ ਸਿੰਘ ਦੇ ਅੰਨ੍ਹੇ ਕਤਲ ਦਾ 48 ਘੰਟਿਆਂ ’ਚ ਪਰਦਾਫਾਸ਼ ਕਰਦਿਆਂ ਪਿੰਡ ਦੇ ਹੀ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਸ ਸਬੰਧ ’ਚ ਜਾਣਕਾਰੀ ਦਿੰਦਿਆਂ ਹਰਿੰਦਰਪਾਲ ਸਿੰਘ ਪਰਮਾਰ ਐੱਸ. ਪੀ. ਆਈ. ਮੋਗਾ ਨੇ ਦੱਸਿਆ ਕਿ ਸੀ. ਆਈ. ਏ. ਸਟਾਫ ਮੋਗਾ ਦੇ ਮੁੱਖ ਅਫ਼ਸਰ ਇੰਸਪੈਕਟਰ ਤ੍ਰਿਲੋਚਨ ਸਿੰਘ ਨੇ ਜੰਗਜੀਤ ਸਿੰਘ ਡੀ. ਐੱਸ. ਪੀ. ਡੀ. ਦੀ ਅਗਵਾਈ ਹੇਠ ਉਕਤ ਹੱਤਿਆ ਮਾਮਲੇ ਦਾ ਪਰਦਾਫਾਸ਼ ਕਰਦਿਆਂ ਲਖਵੀਰ ਸਿੰਘ ਉਰਫ ਕਾਲੂ ਅਤੇ ਨਰਿੰਜਣ ਕੁਮਾਰ ਉਰਫ ਚੂਹਾ ਦੋਨੋਂ ਨਿਵਾਸੀ ਪਿੰਡ ਡਾਲਾ ਨੂੰ ਕਾਬੂ ਕਰ ਲਿਆ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ 29 ਮਈ ਨੂੰ ਅਣਪਛਾਤੇ ਵਿਅਕਤੀਆਂ ਖਿਲ਼ਾਫ ਮਾਮਲਾ ਦਰਜ ਕੀਤਾ ਗਿਆ ਸੀ।

ਚੌਂਕੀਦਾਰ ਬਚਿੱਤਰ ਸਿੰਘ ਪਿਛਲੇ ਡੇਢ ਸਾਲ ਤੋਂ ਪਿੰਡ ਦੇ ਸਰਕਾਰੀ ਸਕੂਲ ਵਿਚ ਰਾਤ ਸਮੇਂ ਡਿਊਟੀ ਕਰਦਾ ਸੀ। 29 ਮਈ ਨੂੰ ਜਦੋਂ ਉਹ ਆਪਣੀ ਡਿਊਟੀ ’ਤੇ ਤਾਇਨਾਤ ਸੀ ਤਾਂ ਅਣਪਛਾਤੇ ਵਿਅਕਤੀਆਂ ਨੇ ਉਸਦੀ ਹੱਤਿਆ ਕਰ ਦਿੱਤੀ, ਜਿਸ ਦਾ ਪਤਾ ਸਵੇਰੇ ਲੱਗਾ ਤੇ ਉਸਦੀ ਲਾਸ਼ ਕਮਰੇ ’ਚੋਂ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਇੰਸਪੈਕਟਰ ਤ੍ਰਿਲੋਚਨ ਸਿੰਘ ਨੇ ਜਦੋਂ ਉਕਤ ਹੱਤਿਆ ਦਾ ਸੁਰਾਗ ਲਾਉਣ ਲਈ ਆਪਣਾ ਜਾਲ ਵਿਛਾਇਆ ਤਾਂ ਦੋਨੋਂ ਦੋਸ਼ੀ ਜਾਲ ਵਿਚ ਫਸ ਗਏ। ਉਨ੍ਹਾਂ ਕਿਹਾ ਕਿ ਪੁੱਛ-ਗਿੱਛ ਦੌਰਾਨ ਲਖਵੀਰ ਸਿੰਘ ਉਰਫ ਕਾਲੂ ਅਤੇ ਨਿਰੰਜਣ ਸਿੰਘ ਨੇ ਦੱਸਿਆ ਕਿ ਉਹ ਸਰਕਾਰੀ ਸਕੂਲ ਪਿੰਡ ਡਾਲਾ ਵਿਚ ਚੋਰੀ ਕਰਨ ਦੀ ਨੀਅਤ ਨਾਲ ਗਏ ਸੀ ਪਰ ਬਚਿੱਤਰ ਸਿੰਘ ਚੌਂਕੀਦਾਰ ਨੂੰ ਪਤਾ ਲੱਗਣ ’ਤੇ ਉਸਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ,ਜਿਸ ’ਤੇ ਅਸੀਂ ਉਸਦੇ ਸਿਰ ਵਿਚ ਇੱਟਾਂ ਮਾਰ ਕੇ ਉਸਦੀ ਹੱਤਿਆ ਕਰ ਦਿੱਤੀ ਤੇ ਸਕੂਲ ’ਚੋਂ ਬਿਨ੍ਹਾਂ ਚੋਰੀ ਕੀਤੇ ਭੱਜ ਗਏ। ਇਸ ਸਬੰਧ ਵਿਚ ਜਦੋਂ ਸੀ. ਆਈ. ਏ. ਸਟਾਫ ਮੋਗਾ ਦੇ ਇੰਚਾਰਜ ਇੰਸਪੈਕਟਰ ਤ੍ਰਿਲੋਚਨ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਸਨੇ ਦੱਸਿਆ ਕਿ ਜ਼ਿਲਾ ਪੁਲਸ ਮੁਖੀ ਮੋਗਾ ਵੱਲੋਂ ਹੱਤਿਆ ਦਾ ਸੁਰਾਗ ਲਾਉਣ ਲਈ ਕਿਹਾ ਗਿਆ ਸੀ, ਜਿਸ ਕਾਰਨ ਪੁਲਸ ਨੇ ਆਪਣੇ ਢੰਗ ਨਾਲ ਪਿੰਡ ਵਿਚ ਹੀ ਲੋਕਾਂ ਤੋਂ ਗੁਪਤ ਤੌਰ ’ਤੇ ਪੁੱਛਗਿੱਛ ਕੀਤੀ ਅਤੇ ਕਈ ਸ਼ੱਕੀ ਵਿਅਕਤੀਆਂ ਦਾ ਰਿਕਾਰਡ ਵੀ ਖੰਗਾਲਿਆ ਗਿਆ। ਆਖ਼ਿਰ ਦੋਨੋਂ ਦੋਸ਼ੀ ਕਾਬੂ ਆ ਗਏ, ਜਿਨ੍ਹਾਂ ਨੇ ਆਪਣਾ ਦੋਸ਼ ਵੀ ਕਬੂਲ ਕਰ ਲਿਆ। ਉਨ੍ਹਾਂ ਕਿਹਾ ਕਿ ਦੋਵਾਂ ਨੂੰ ਪੁੱਛਗਿੱਛ ਦੇ ਬਾਅਦ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।


Bharat Thapa

Content Editor

Related News