ਚਾਈਨਾ ਡੋਰ ਵੇਚਣ, ਖਰੀਦਣ ਤੇ ਵਰਤਣ ''ਤੇ ਲੱਗੀ ਮੁਕੰਮਲ ਪਾਬੰਦੀ

Sunday, Dec 08, 2024 - 04:56 AM (IST)

ਪਟਿਆਲਾ (ਰਾਣਾ)- ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਪਟਿਆਲਾ ਇਸ਼ਾ ਸਿੰਗਲ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਪਟਿਆਲਾ ਅੰਦਰ ਸਿੰਥੈਟਿਕ/ਪਲਾਸਟਿਕ/ਨੁਕਸਾਨਦਾਇਕ ਪਦਾਰਥ ਦੀ ਬਣੀ ਡੋਰ (ਚਾਈਨਾ ਡੋਰ) ਨੂੰ ਵੇਚਣ, ਸਟੋਰ ਕਰਨ ਅਤੇ ਇਸ ਦੀ ਵਰਤੋਂ ਕਰਨ ’ਤੇ ਮੁਕੰਮਲ ਤੌਰ ’ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 28 ਮਈ 2025 ਤੱਕ ਜਾਰੀ ਰਹਿਣਗੇ।

ਹੁਕਮਾਂ ਮੁਤਾਬਕ ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਰਾਹੀਂ ਧਿਆਨ ਵਿਚ ਲਿਆਂਦਾ ਗਿਆ ਹੈ ਕਿ ਪਤੰਗਾਂ/ਗੁੱਡੀਆਂ ਉਡਾਉਣ ਲਈ ਚਾਈਨਾ ਡੋਰ ਦੀ ਵਰਤੋਂ ਕਾਫ਼ੀ ਮਾਤਰਾ ਵਿਚ ਕੀਤੀ ਜਾਂਦੀ ਹੈ, ਜੋ ਕਿ ਸਿੰਥੈਟਿਕ/ਪਲਾਸਟਿਕ ਦੀ ਬਣੀ ਹੁੰਦੀ ਹੈ ਅਤੇ ਉਹ ਬਹੁਤ ਮਜਬੂਤ, ਨਾ ਗਲਣਯੋਗ ਅਤੇ ਨਾ ਟੁੱਟਣਯੋਗ ਹੁੰਦੀ ਹੈ। ਇਸ ਡੋਰ ਦੀ ਵਰਤੋਂ ਕਰਨ ਨਾਲ ਹੱਥ/ਉਂਗਲਾਂ ਕੱਟਣ, ਸਾਇਕਲ ਅਤੇ ਸਕੂਟਰ/ਮੋਟਰ ਸਾਇਕਲ ਚਾਲਕਾਂ ਦੇ ਗਲ ਅਤੇ ਕੰਨ ਕੱਟਣ ਦੀਆਂ ਘਟਨਾਵਾਂ ਵਾਪਰਦੀਆਂ ਹਨ ਅਤੇ ਅਜਿਹੀ ਹਾਲਤ ਵਿਚ ਐਕਸੀਡੈਂਟ ਹੋਣ ਦਾ ਡਰ ਵੀ ਹੁੰਦਾ ਹੈ। 

ਇਹ ਵੀ ਪੜ੍ਹੋ- ਜਗਰਾਤੇ 'ਚ ਦਾਰੂ ਪੀ ਕੇ ਹੁੱਲੜਬਾਜ਼ੀ ਕਰਨ ਤੋਂ ਰੋਕਣਾ ਪੈ ਗਿਆ ਮਹਿੰਗਾ, ਘਰ ਆ ਕੇ ਵੱਢ'ਤਾ ਮਾਂ ਦਾ 'ਪੁੱਤ'

ਇਸ ਤੋਂ ਇਲਾਵਾ ਚਾਈਨਾ ਡੋਰ ਵਿਚ ਫਸੇ ਪੰਛੀਆਂ ਦੀ ਮੌਤ ਹੋ ਜਾਣ ਤੇ ਉਨ੍ਹਾਂ ਦੇ ਰੁੱਖਾਂ ’ਤੇ ਟੰਗੇ ਰਹਿਣ ਕਾਰਨ ਬਦਬੂ ਨਾਲ ਵਾਤਾਵਰਣ ਵੀ ਦੂਸ਼ਿਤ ਹੁੰਦਾ ਹੈ। ਇਹ ਸਿੰਥੈਟਿਕ/ਪਲਾਸਟਿਕ ਦੀ ਬਣੀ ਡੋਰ (ਚਾਈਨਾ ਡੋਰ) ਜਦੋਂ ਪਤੰਗ ਉਡਾਉਣ ਲਈ ਵਰਤੀ ਜਾਂਦੀ ਹੈ ਤਾਂ ਇਹ ਮਨੁੱਖੀ ਜਾਨਾਂ ਅਤੇ ਪੰਛੀਆਂ ਲਈ ਘਾਤਕ ਸਿੱਧ ਹੁੰਦੀ ਹੈ। ਇਨ੍ਹਾਂ ਤੱਥਾਂ ਨੂੰ ਮੁੱਖ ਰੱਖਦਿਆਂ ਵਧੀਕ ਜ਼ਿਲ੍ਹਾ ਮੈਜਿਸਟਰੇਟ ਪਟਿਆਲਾ ਵੱਲੋਂ ਸਿੰਥੈਟਿਕ/ਪਲਾਸਟਿਕ ਦੀ ਬਣੀ ਡੋਰ (ਚਾਈਨਾ ਡੋਰ) ਨੂੰ ਵਰਤਣ ਵਾਸਤੇ ਵੇਚਣ, ਭੰਡਾਰ ਕਰਨ ਅਤੇ ਇਸ ਦੀ ਵਰਤੋਂ ’ਤੇ ਮੁਕੰਮਲ ਤੌਰ ’ਤੇ ਪਾਬੰਦੀ ਦੇ ਆਦੇਸ਼ ਜਾਰੀ ਕੀਤੇ ਹਨ।

ਇਹ ਵੀ ਪੜ੍ਹੋ- ਪੰਜਾਬ ਦੇ ਇਸ ਪਿੰਡ ਦੀ ਨਵੀਂ ਚੁਣੀ ਪੰਚਾਇਤ ਨੇ ਚੁੱਕਿਆ ਨਿਵੇਕਲਾ ਕਦਮ ; ਬਾਕੀ ਪਿੰਡਾਂ ਲਈ ਵੀ ਪੇਸ਼ ਕੀਤੀ ਮਿਸਾਲ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


Harpreet SIngh

Content Editor

Related News