5500 ਰੁਪਏ ਦੀ ਰਿਸ਼ਵਤ ਲੈਂਦਾ ਐਕਸਾਈਜ਼ ਵਿਭਾਗ ਦਾ ਏ.ਐੱਸ.ਆਈ. ਕਾਬੂ

Tuesday, Jun 30, 2020 - 03:53 PM (IST)

5500 ਰੁਪਏ ਦੀ ਰਿਸ਼ਵਤ ਲੈਂਦਾ ਐਕਸਾਈਜ਼ ਵਿਭਾਗ ਦਾ ਏ.ਐੱਸ.ਆਈ. ਕਾਬੂ

ਜਲਾਲਾਬਾਦ, ਗੁਰੂਹਰਸਹਾਏ (ਸੇਤੀਆ,ਆਵਲਾ): ਐਕਸਾਈਜ਼ ਵਿਭਾਗ ਫਿਰੋਜ਼ਪੁਰ ਦੇ ਏ.ਐੱਸ.ਆਈ. ਨੂੰ ਵਿਜੀਲੈਂਸ ਬਿਊਰੋ ਫ਼ਾਜ਼ਿਲਕਾ ਨੇ 5500 ਰੁਪਏ ਰਿਸ਼ਵਤ ਲੈਂਦੇ ਨੂੰ ਕਾਬੂ ਕੀਤਾ ਹੈ। ਵਿਜੀਲੈਂਸ ਬਿਊਰੋ ਫ਼ਾਜ਼ਿਲਕਾ ਦੇ ਡੀ.ਐੱਸ.ਪੀ. ਸ੍ਰੀ ਰਾਜ ਕੁਮਾਰ ਸਾਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਾਸੀ ਸਵਾਇਆ ਰਾਏ ਉਤਾੜ ਦੇ ਸ਼ਿਕਾਇਤਕਰਤਾ ਗੁਰਮੇਜ ਸਿੰਘ ਦੀ ਸ਼ਿਕਾਇਤ 'ਤੇ ਏ.ਐੱਸ.ਆਈ. ਗੁਰਨਾਮ ਸਿੰਘ ਨੂੰ ਗੁਰਹਰਸਾਏ ਤੋਂ ਰਿਸ਼ਵਤ ਲੈਂਦੇ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕੁਝ ਦਿਨ ਪਹਿਲਾਂ ਸ਼ਿਕਾਇਤਕਰਤਾ ਤੋਂ ਉਸ ਨੇ 7500 ਰੁਪਏ ਰਿਸ਼ਵਤ ਮੰਗੀ ਸੀ, 2000 ਰੁਪਏ ਉਸਨੇ ਪਹਿਲਾਂ ਮੌਕੇ ਦੇ ਦਿੱਤੇ ਸੀ ਅਤੇ ਬਾਕੀ ਪੈਸੇ 5500 ਰੁਪਏ ਅੱਜ ਦੇਣ ਦੀ ਗੱਲ ਹੋਈ ਸੀ, ਜਿਸ ਨੂੰ ਅੱਜ ਵਿਜੀਲੈਂਸ ਬਿਊਰੋ ਦੀ ਟੀਮ ਵਲੋਂ ਸਰਕਾਰੀ ਗਵਾਹਾਂ ਲਵਪ੍ਰੀਤ ਸਿੰਘ ਏ.ਡੀ.ਓ ਅਤੇ ਵਿਜੇ ਕੁਮਾਰ ਫੂਡ ਸਪਲਾਈ ਇੰਸਪੈਕਟਰ ਦੀ ਹਾਜ਼ਰੀ 'ਚ ਰੰਗੇ ਹੱਥੀਂ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਥਾਣਾ ਵਿਜੀਲੈਂਸ ਬਿਊਰੋ ਰੇਂਜ ਫ਼ਿਰੋਜ਼ਪੁਰ ਵਿਖੇ ਮੁਕੱਦਮਾ ਦਰਜ ਕਰਕੇ ਅਗਲੀ ਤਫਤੀਸ਼ ਅਮਲ ਵਿਚ ਲਿਆਂਦੀ ਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਏ.ਐਸ.ਆਈ. ਵਲੋਂ ਰਿਸ਼ਵਤ ਦੀ ਮੰਗ ਕੀਤੇ ਜਾਣ ਬਾਰੇ ਠੇਕੇਦਾਰਾਂ ਨੂੰ ਜਾਣਕਾਰੀ ਨਹੀਂ ਸੀ ਅਤੇ ਸਿਰਫ ਉਨ੍ਹਾਂ ਨੂੰ ਪਰਚਾ ਦਰਜ ਕਰਨ ਦੀ ਧਮਕੀ ਦੇ ਕੇ ਰਿਸ਼ਵਤ ਦੀ ਮੰਗ ਕਰ ਰਿਹਾ ਸੀ। ਡੀ.ਐੱਸ.ਪੀ. ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਮੁਤਾਬਕ ਰਿਸ਼ਵਤਖੋਰੀ ਦੇ ਖਿਲਾਫ਼ ਉਨ੍ਹਾਂ ਦੀ ਕਾਰਵਾਈ ਜਾਰੀ ਰਹੇਗੀ ਅਤੇ ਜੇਕਰ ਕਿਸੇ ਵੀ ਆਮ ਵਿਅਕਤੀ  ਨੂੰ ਕੋਈ ਵੀ ਸਬੰਧਤ ਅਧਿਕਾਰੀ ਜਾਂ ਕਰਮਚਾਰੀ ਰਿਸ਼ਵਤ ਨੂੰ ਲੈ ਕੇ ਤੰਗ ਪਰੇਸ਼ਾਨ ਕਰ ਰਿਹਾ ਹੈ ਤਾਂ ਉਹ ਵਿਜਿਲੈਂਸ ਵਿਭਾਗ ਨੂੰ ਜਾਣਕਾਰੀ ਦੇਵੇ ਉਸ ਦੀ ਸ਼ਿਕਾਇਤ ਤੇ ਤੁਰੰਤ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।ਵਿਜੀਲੈਂਸ ਵਿਭਾਗ ਦੀ ਟੀਮ ਵਿੱਚ ਇੰਸਪੈਕਟਰ ਅਮਨਦੀਪ ਸਿੰਘ, ਏ.ਐਸ.ਆਈ. ਜਗਜੀਤ ਸਿੰਘ ਤੇ ਕਸ਼ਮੀਰ ਸਿੰਘ, ਅਨਿਲ ਕੁਮਾਰ, ਮਨਦੀਪ ਸਿੰਘ, ਗੁਰਭੇਜ ਤੇ ਹਰਦੀਪ ਸਿੰਘ ਸ਼ਾਮਲ ਸਨ।


author

Shyna

Content Editor

Related News