ਅੰਮ੍ਰਿਤਧਾਰੀ ਕਾਂਗਰਸੀ ਵਰਕਰ ਦੇ ਹੱਕ 'ਚ ਮਜੀਠੀਆ ਜਾਣਗੇ ਅਕਾਲ ਤਖਤ

10/16/2019 4:06:55 PM

ਮੁੱਲਾਂਪੁਰ ਦਾਖਾ (ਕਾਲੀਆ) : ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੰਮ੍ਰਿਤਧਾਰੀ ਕਾਂਗਰਸੀ ਵਰਕਰ ਦੀ ਦਸਤਾਰ, ਕੇਸਾਂ ਅਤੇ ਕਕਾਰਾਂ ਦੀ ਬੇਅਦਬੀ ਦਾ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਲੈ ਕੇ ਜਾਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਬੀਤੇ ਦਿਨ ਪ੍ਰੈਸ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਮਜੀਠੀਆ ਨੇ ਕਿਹਾ ਕਿ ਇਸ ਤੋਂ ਮੰਦਭਾਗਾ ਹੋਰ ਕੀ ਹੋਵੇਗਾ ਕਿ ਇਕ ਸਰਕਾਰ ਦਾ ਕੈਬਨਿਟ ਮੰਤਰੀ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ਿਸ਼ ਕੀਤੀ ਦਸਤਾਰ, ਕੇਸਾਂ ਅਤੇ ਕਕਾਰਾਂ ਦੀ ਬੇਅਦਬੀ ਕਰੇ। ਅਸੀਂ ਇਨ੍ਹਾਂ ਕਾਂਗਰਸੀ ਵਰਕਰਾਂ ਦੇ ਇਨਸਾਫ ਲਈ ਭਾਰਤੀ ਚੋਣ ਕਮਿਸ਼ਨ ਅਤੇ ਹਾਈ ਕੋਰਟ 'ਚ ਵੀ ਅਰਜ਼ੀ ਦੇਵਾਂਗੇ ਤਾਂ ਜੋ ਇਸ ਘਟਨਾ ਦੀ ਨਿਰਪੱਖ ਜਾਂਚ ਹੋ ਸਕੇ ਅਤੇ ਇਹ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ 'ਤੇ ਵੀ ਲੈ ਕੇ ਜਾਵਾਂਗੇ। ਉਨ੍ਹਾਂ ਪੀੜਤਾਂ ਨੂੰ ਭੋਰਸਾ ਦਿਵਾਇਆ ਕਿ ਤੁਸੀਂ ਸਾਡੀ ਸ਼ਰਨ 'ਚ ਆ ਗਏ ਹੋ, ਤੁਹਾਡਾ ਵਾਲ ਵੀ ਵਿੰਗਾ ਨਹੀਂ ਹੋਣ ਦੇਵਾਂਗੇ।

ਇਸ ਦੌਰਾਨ ਪੀੜਤ ਕਾਂਗਰਸੀ ਵਰਕਰ ਤਰਨਦੀਪ ਸਿੰਘ ਤਰਨਾ ਨੇ ਦੋਸ਼ ਲਾਉਂਦਿਆਂ ਕਿਹਾ ਕਿ ਮੇਰੀ ਅਤੇ ਗੁਰਸੇਵਕ ਸਿੰਘ ਗੋਰਾ ਦੀ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵਲੋਂ ਕੁੱਟ-ਮਾਰ, ਕੇਸਾਂ ਅਤੇ ਕਕਾਰਾਂ ਦੀ ਬੇਅਦਬੀ ਕੀਤੀ ਗਈ ਸੀ, ਜਦਕਿ ਉਨ੍ਹਾਂ ਵਲੋਂ ਸਾਡੇ ਦੋਵਾਂ 'ਤੇ ਸੋਨੇ ਦੀ ਚੇਨ ਅਤੇ ਮੋਬਾਇਲ ਖੋਹ ਕੇ ਫਰਾਰ ਹੋਣ ਦੇ ਦੋਸ਼ 'ਚ ਲੁੱਟ-ਖੋਹ ਦਾ ਮੁਕੱਦਮਾ ਦਰਜ ਕਰਵਾਇਆ ਗਿਆ। ਮੈਂ ਅੱਜ ਇਨਸਾਫ ਲੈਣ ਲਈ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਸਮੁੱਚੀ ਪ੍ਰੈੱਸ ਅੱਗੇ ਫਰਿਆਦ ਕਰਦਾ ਹਾਂ। ਤਰਨਾ ਨੇ ਕਿਹਾ ਕਿ ਜੇਕਰ ਮੈਨੂੰ ਜਾਂ ਮੇਰੇ ਪਰਿਵਾਰ ਨੂੰ ਕੁਝ ਹੋ ਜਾਂਦਾ ਹੈ ਤਾਂ ਇਸ ਦਾ ਜ਼ਿੰਮੇਵਾਰ ਮੰਤਰੀ ਆਸ਼ੂ, ਕੈਪਟਨ ਸੰਧੂ ਅਤੇ ਪੰਜਾਬ ਸਰਕਾਰ ਹੋਵੇਗੀ।


Baljeet Kaur

Content Editor

Related News