ਪਟਿਆਲਾ ਜੇਲ੍ਹ ''ਚ ਬੰਦ ਬਿਕਰਮ ਮਜੀਠੀਆ ਦੀ ਵਧਾਈ ਸੁਰੱਖਿਆ, ਸਪੈਸ਼ਲ ਸੈੱਲ ’ਚ ਕੀਤਾ ਸ਼ਿਫਟ

03/26/2022 2:20:54 PM

ਚੰਡੀਗੜ੍ਹ/ਪਟਿਆਲਾ (ਰਮਨਜੀਤ, ਬਲਜਿੰਦਰ) : ਐੱਨ. ਡੀ. ਪੀ. ਐੱਸ. ਐਕਟ ਤਹਿਤ ਦਰਜ ਮਾਮਲੇ ਵਿਚ ਕਾਨੂੰਨੀ ਹਿਰਾਸਤ ਅਧੀਨ ਕੇਂਦਰੀ ਜੇਲ੍ਹ ਪਟਿਆਲਾ ’ਚ ਬੰਦ ਅਕਾਲੀ ਨੇਤਾ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਜੇਲ੍ਹ ਵਿਭਾਗ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਬਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਅੰਦਰ ਹੀ ਸਪੈਸ਼ਲ ਸੈੱਲ ’ਚ ਸ਼ਿਫਟ ਕਰ ਦਿੱਤਾ ਗਿਆ ਹੈ।

ਜਾਣਕਾਰੀ ਮੁਤਾਬਕ ਜੇਲ੍ਹ ਵਿਭਾਗ ਨੂੰ ਪੰਜਾਬ ਪੁਲਸ ਦੇ ਸੁਰੱਖਿਆ ਵਿੰਗ ਵੱਲੋਂ ਇਨਪੁਟ ਭੇਜਿਆ ਗਿਆ ਸੀ ਜਿਸ ਮਗਰੋਂ ਇਹ ਫ਼ੈਸਲਾ ਲਿਆ ਗਿਆ। ਇਨਪੁਟ ਅਨੁਸਾਰ ਕਿਉਂਕਿ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਮੰਤਰੀ ਵੀ ਰਹੇ ਹਨ ਅਤੇ ਕਈ ਦੇਸ਼ ਵਿਰੋਧੀ ਅਤੇ ਗੜਬੜੀ ਫੈਲਾਉਣ ਵਾਲੇ ਸੰਗਠਨਾਂ ਦੇ ਨਿਸ਼ਾਨੇ ’ਤੇ ਰਹੇ ਹਨ ਅਤੇ ਉਨ੍ਹਾਂ ਸੰਗਠਨਾਂ ਨਾਲ ਜੁੜੇ ਰਹੇ ਕਈ ਲੋਕ ਜੇਲ੍ਹ ਵਿਚ ਬੰਦ ਹਨ, ਇਸ ਲਈ ਜੇਲ੍ਹ ਅੰਦਰ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ। ਇਸ ਗੱਲ ਨੂੰ ਧਿਆਨ ’ਚ ਰੱਖਦਿਆਂ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ ਦਾ ਖ਼ਾਸ ਖਿਆਲ ਰੱਖਿਆ ਜਾਵੇਗਾ।

ਇਹ ਵੀ ਪੜ੍ਹੋ :  ਬਾਦਲਾਂ ਨਾਲ ਸਿਆਸੀ ਪੰਗਾ ਲੈਣ ਬਾਰੇ ਕਦੇ ਨਹੀਂ ਸੋਚਿਆ : ਗੁਰਮੀਤ ਖੁੱਡੀਆਂ (ਵੀਡੀਓ)

ਪੁਲਸ ਦੇ ਉਕਤ ਇਨਪੁਟ ਦੇ ਆਧਾਰ ’ਤੇ ਜੇਲ੍ਹ ਵਿਭਾਗ ਵਲੋਂ ਉਚ ਅਧਿਕਾਰੀਆਂ ਤੋਂ ਰਾਏ ਹਾਸਲ ਕੀਤੀ ਗਈ ਅਤੇ ਉਸ ਤੋਂ ਬਾਅਦ ਫ਼ੈਸਲਾ ਲਿਆ ਗਿਆ ਕਿ ਮਜੀਠੀਆ ਨੂੰ ਕੇਂਦਰੀ ਜੇਲ੍ਹ ਪਟਿਆਲਾ ਦੇ ਸਪੈਸ਼ਲ ਸੈੱਲ ਵਿਚ ਸ਼ਿਫਟ ਕਰ ਦਿੱਤਾ ਜਾਵੇ ਅਤੇ ਸੈੱਲ ਦੀ ਸੁਰੱਖਿਆ ਲਈ ਜੇਲ੍ਹ ਸਟਾਫ਼ ਤੋਂ ਇਲਾਵਾ ਮੈਂਬਰਾਂ ਨੂੰ ਤਾਇਨਾਤ ਕਰ ਦਿੱਤਾ ਜਾਵੇ। ਹਾਲਾਂਕਿ ਜੇਲ੍ਹ ਵਿਭਾਗ ਦੇ ਅਧਿਕਾਰੀਆਂ ਨੇ ਇਸ ਸਬੰਧੀ ਕੋਈ ਵੀ ਸੂਚਨਾ ਸਾਂਝੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਪਰ ਸੂਤਰਾਂ ਦਾ ਕਹਿਣਾ ਹੈ ਕਿ ਜੇਲ੍ਹ ਦੇ ਅੰਦਰ ਬਿਕਰਮ ਸਿੰਘ ਮਜੀਠੀਆ ਦੀ ਨਿਗਰਾਨੀ ਲਈ ਸੱਤ-ਅੱਠ ਮੁਲਾਜ਼ਮਾਂ ਦੀ ਨਿਯੁਕਤੀ ਕੀਤੀ ਗਈ ਹੈ ਤਾਂ ਕਿ ਕਿਸੇ ਵੀ ਅਣਹੋਣੀ ਘਟਨਾ ਤੋਂ ਬਚਿਆ ਜਾ ਸਕੇ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ ਹੁਣ ਨਹੀਂ ਮਿਲੇਗੀ 300 ਯੂਨਿਟ ਮੁਫ਼ਤ ਬਿਜਲੀ!, ਕੇਂਦਰ ਨੇ ਜਾਰੀ ਕੀਤੇ ਸਖ਼ਤ ਹੁਕਮ

ਯਾਦ ਰਹੇ ਕਿ ਬਿਕਰਮ ਸਿੰਘ ਮਜੀਠੀਆ ਅਕਾਲੀ ਸਰਕਾਰ ਦੇ ਪਾਵਰਫੁੱਲ ਮੰਤਰੀ ਮੰਨੇ ਜਾਂਦੇ ਰਹੇ ਹਨ ਅਤੇ ਉਨ੍ਹਾਂ ਨੂੰ ਅਕਾਲੀ ਦਲ ਦੇ ਮਾਝੇ ਦੇ ਜਰਨੈਲ ਦੇ ਤੌਰ ’ਤੇ ਜਾਣਿਆ ਜਾਂਦਾ ਹੈ। ਅੰਤਰ-ਰਾਸ਼ਟਰੀ ਡਰੱਗਜ਼ ਸਮੱਗਲਿੰਗ ਨਾਲ ਜੁੜੇ ਸਾਬਕਾ ਪਹਿਲਵਾਨ ਜਗਦੀਸ਼ ਸਿੰਘ ਭੋਲਾ ਨਾਲ ਸਬੰਧਤ 6000 ਕਰੋੜ ਦੇ ਡਰੱਗ ਰੈਕੇਟ ਮਾਮਲੇ ਸਬੰਧੀ ਕਈ ਸਾਲਾਂ ਬਾਅਦ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਦੇ ਸਮੇਂ ਮਜੀਠੀਆ ਖਿਲਾਫ਼ ਨਵੀਂ ਐੱਫ਼. ਆਈ. ਆਰ. ਦਰਜ ਕੀਤੀ ਗਈ ਸੀ, ਜਿਸ ਵਿਚ ਦੋਸ਼ ਲਗਾਇਆ ਗਿਆ ਹੈ ਕਿ ਬਿਕਰਮ ਸਿੰਘ ਮਜੀਠੀਆ ਨੇ ਕਥਿਤ ਤੌਰ ’ਤੇ ਉਕਤ ਡਰੱਗ ਰੈਕੇਟ ਨਾਲ ਸਬੰਧਤ ਕੁੱਝ ਲੋਕਾਂ ਨੂੰ ਸੁਰੱਖਿਆ ਦਿੱਤੀ ਸੀ।

ਨੋਟ: ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦੱਸੋ


Harnek Seechewal

Content Editor

Related News