ਸੇਵਾ ਕੇਂਦਰ ''ਚ ਲਾਲ ਕਾਪੀ ਬਣਾਉਣ ਦਾ ਕੰਮ ਠੱਪ ਹੋਣ ਦੇ ਰੋਸ ''ਚ ਲੋਕਾਂ ਨੇ ਕੀਤਾ ਪ੍ਰਦਰਸ਼ਨ

Monday, Jun 01, 2020 - 04:03 PM (IST)

ਭਵਾਨੀਗੜ੍ਹ (ਕਾਂਸਲ) : ਕੇਂਦਰ ਸਰਕਾਰ ਵਲ ਮਜ਼ਦੂਰਾਂ ਨੂੰ ਸਹੂਲਤਾਂ ਦੇਣ ਲਈ ਨਵੀਂ ਜਾਰੀ ਕੀਤੀ ਜਾਣ ਵਾਲੀ ਲਾਲ ਕਾਪੀ ਲਈ ਫਾਰਮ ਭਰਨ ਦਾ ਕੰਮ ਸ਼ਹਿਰ ਦੇ ਸੇਵਾ ਕੇਂਦਰ ਵਿਖੇ ਠੱਪ ਹੋਣ ਦੇ ਰੋਸ ਵਜੋਂ ਅੱਜ ਆਮ ਆਦਮੀ ਪਾਰਟੀ ਦੀ ਹਲਕਾ ਵਿਧਾਨ ਸਭਾ ਸੰਗਰੂਰ ਦੀ ਇੰਚਾਰਜ਼ ਨਰਿੰਦਰ ਕੌਰ ਭਰਾਜ ਦੀ ਅਗਵਾਈ ਹੇਠ ਵੱਡੀ ਗਿਣਤੀ 'ਚ ਇਕੱਠੇ ਹੋਏ ਲੋਕਾਂ ਨੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਜਾਣਕਾਰੀ ਦਿੰਦਿਆਂ ਹਲਕਾ ਇੰਚਾਰਜ਼ ਨਰਿੰਦਰ ਕੌਰ ਭਰਾਜ, ਰਾਜਿੰਦਰ ਕੁਮਾਰ ਗੋਗੀ ਅਤੇ ਅਵਤਾਰ ਸਿੰਘ ਤਾਰੀ ਸਮੇਤ ਹੋਰ ਵੱਡੀ ਗਿਣਤੀ 'ਚ ਇਕੱਠੇ ਵਿਅਕਤੀਆਂ ਨੇ ਦੱਸਿਆ ਕਿ ਚਿੱਟਾ ਹਾਥੀ ਸਾਬਤ ਹੋ ਰਹੇ ਇਸ ਸੇਵਾ ਕੇਂਦਰ 'ਚ ਪਿਛਲੇ ਕਈ ਦਿਨਾਂ ਤੋਂ ਲਾਲ ਕਾਪੀ ਲਈ ਫਾਰਮ ਭਰਨ ਦਾ ਕੰਮ ਠੱਪ ਪਿਆ ਹੋਣ ਕਾਰਨ ਇਥੇ ਕਾਪੀ ਬਣਾਉਣ ਲਈ ਆਉਣ ਵਾਲੇ ਗਰੀਬ ਮਜ਼ਦੂਰ ਜੋ ਕਿ ਆਪਣਾ ਕੰਮ ਧੰਦਾ ਛੱਡ ਕੇ ਆਉਂਦੇ ਹਨ, ਖੱਜਲ-ਖੁਆਰ ਹੋ ਰਹੇ ਹਨ।

ਉਨ੍ਹਾਂ ਕਿਹਾ ਕਿ ਇਥੇ ਸਾਈਟ ਨਾ ਚੱਲਣ ਦਾ ਬਹਾਨਾ ਲਗਾਇਆ ਜਾ ਰਿਹਾ ਹੈ ਜਦੋਂ ਕਿ ਪ੍ਰਾਈਵੇਟ ਸੈਂਟਰਾਂ ਉਪਰ ਇਹ ਫਾਰਮ ਅਸਾਨੀ ਨਾਲ ਭਰੇ ਜਾ ਰਹੇ ਹਨ। ਪ੍ਰਾਈਵੇਟ ਸੈਂਟਰਾਂ 'ਚ ਵੀ ਗਰੀਬ ਮਜ਼ਦੂਰਾਂ ਤੋਂ ਵਾਧੂ ਪੈਸੇ ਲੈ ਕੇ ਉਨ੍ਹਾਂ ਨੂੰ ਲੁੱਟਿਆ ਜਾ ਰਿਹਾ ਹੈ ਪਰ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਇਨ੍ਹਾਂ ਸੇਵਾ ਕੇਂਦਰਾਂ 'ਚ ਕੰਮ ਸਹੀਂ ਢੰਗ ਨਾਲ ਚਾਲੂ ਕੀਤਾ ਜਾਵੇ ਅਤੇ ਇਥੇ ਲੋਕਾਂ ਨੂੰ ਲੋੜੀਂਦੀਆਂ ਸਾਰੀਆਂ ਸਹੂਲਤਾਂ ਵੀ ਮੁਹੱਈਆਂ ਕਰਵਾਈਆਂ ਜਾਣ। ਇਸ ਦੇ ਨਾਲ ਹੀ ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਲੋਕਾਂ ਲਈ ਲੋੜੀਂਦੇ ਪ੍ਰਬੰਧ ਨਾ ਕੀਤੇ ਤਾਂ ਆਮ ਆਦਮੀ ਪਾਰਟੀ ਵਲੋਂ ਇਥੇ ਹੋਰ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਧਰਨਾਕਾਰੀਆਂ ਨੇ ਰੋਸ ਵਜੋਂ ਸੇਵਾ ਕੇਂਦਰ ਦੀ ਤਾਲਾਬੰਦੀ ਕਰਨੀ ਚਾਹੀ ਪਰ ਮੌਕੇ 'ਤੇ ਪਹੁੰਚੇ ਨਾਇਬ ਤਹਿਸੀਲਦਾਰ ਨਰੇਸ਼ ਅਹੁਜਾ ਨੇ ਲੋਕਾਂ ਨੂੰ ਕੰਮ ਚਲਾਉਣ ਦਾ ਭਰੋਸਾ ਦਿੱਤੇ ਜਾਣ 'ਤੇ ਉਨ੍ਹਾਂ ਨੇ ਸੰਘਰਸ਼ ਕਰਨ ਦਾ ਪ੍ਰੋਗਰਾਮ ਰੱਦ ਕੀਤਾ।
 


Baljeet Kaur

Content Editor

Related News