ਬਠਿੰਡਾ ਪੁੱਜੇ ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਕਾਂਗਰਸ 'ਤੇ ਵਿੰਨ੍ਹੇ ਨਿਸ਼ਾਨੇ (ਵੀਡੀਓ)

01/11/2020 4:52:24 PM

ਬਠਿੰਡਾ (ਕੁਨਾਲ) : ਬਠਿੰਡਾ ਵਿਚ ਅੱਜ ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਨਾਗਰਿਕਤਾ ਸੋਧ ਐਕਟ 'ਤੇ ਬੋਲਦੇ ਹੋਏ ਕਾਂਗਰਸ 'ਤੇ ਨਿਸ਼ਾਨੇ ਵਿੰਨ੍ਹੇ।

ਕੇਦਰੀ ਮੰਤਰੀ ਨੇ ਕਿਹਾ ਕਿ ਇਹ ਬਿੱਲ 1955 ਵਿਚ ਕਾਂਗਰਸ ਪਾਰਟੀ ਵਲੋਂ ਹੀ ਬਣਾਇਆ ਗਿਆ ਸੀ। ਡਾਕਟਰ ਬੀ. ਆਰ. ਅੰਬੇਡਕਰ ਵਲੋਂ ਸੰਵਿਧਾਨ ਸਭਾ ਵਿਚ ਕਿਹਾ ਗਿਆ ਸੀ ਕਿ ਸਿਟੀਜਨ ਸ਼ਿਪ ਦਾ ਕੰਮ ਸੰਸਦ ਨੂੰ ਸੌਂਪਿਆ ਜਾਵੇ। ਸੰਸਦ ਤੈਅ ਕਰੇਗੀ ਕਿ ਨਾਗਰਿਕਤਾ ਕਿਸ ਵਿਅਕਤੀ ਨੂੰ ਦੇਣੀ ਹੈ ਪਰ ਹੁਣ ਕਾਂਗਰਸ ਹੀ ਇਸ ਨੂੰ ਵਿਭਾਜਨਕਾਰੀ ਦੱਸ ਰਹੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀਆਂ 2014 ਤੋਂ ਹੁਣ ਤੱਕ ਦੀਆਂ ਨੀਤੀਆਂ ਦੇਖੀਆਂ ਜਾਣ ਤਾਂ ਉਨ੍ਹਾਂ ਬਿਨਾਂ ਕਿਸੇ ਭੇਦਭਾਵ ਗੈਸ ਕਨੈਕਸ਼ਨ ਵੰਡੇ, ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਘਰ ਬਣਾਏ, 11 ਕਰੋੜ ਟਾਇਲਟ ਬਣਵਾਏ ਅਤੇ ਫ੍ਰੀ ਬਿਜਲੀ ਕੁਨੈਕਸ਼ਨ ਦਿੱਤੇ। ਕਾਂਗਰਸ ਬਿਨ੍ਹਾਂ ਵਜ੍ਹਾ ਇਸ ਬਿੱਲ ਨੂੰ ਮੁੱਦਾ ਬਣਾ ਕੇ ਚੁੱਕ ਰਹੀ ਹੈ। ਉਨ੍ਹਾਂ ਕਿਹਾ ਕਿ 2003 ਵਿਚ ਅਟਲ ਬਿਹਾਰੀ ਵਾਜਪੇਈ ਨੇ ਜੋ ਗੁਜਰਾਤ ਅਤੇ ਰਾਜਸਥਾਨ ਤੋਂ ਪੀੜਤ ਹਿੰਦੂ ਆ ਰਹੇ ਸਨ ਉਨ੍ਹਾਂ ਦੇ ਲਈ ਇਹ ਬਿੱਲ ਲਾਗੂ ਕੀਤਾ ਸੀ। ਉਸ ਸਮੇਂ ਮਨਮੋਹਨ ਸਿੰਘ ਰਾਜ ਸਭਾ ਵਿਚ ਕਾਂਗਰਸ ਦੇ ਵਿਰੋਧੀ ਪੱਖ ਦੇ ਲੀਡਰ ਸਨ। ਉਦੋਂ ਮਨਮੋਹਨ ਸਿੰਘ ਵਲੋਂ ਇਸ ਬਿੱਲ ਦਾ ਸਵਾਗਤ ਕੀਤਾ ਗਿਆ ਸੀ ਪਰ ਹੁਣ ਕਾਂਗਰਸ ਵਲੋਂ ਇਸ ਦਾ ਵਿਰੋਧ ਕਿਉਂ ਕੀਤਾ ਜਾ ਰਿਹਾ ਹੈ।

ਕੇਂਦਰੀ ਮੰਤਰੀ ਨੇ ਕਿਹਾ ਕਿ ਸ਼ਨੀਵਾਰ ਤੋਂ ਇਸ ਕਾਨੂੰਨ ਨੂੰ ਕਾਨੂੰਨੀ ਤੌਰ 'ਤੇ ਲਾਗੂ ਕਰ ਦਿੱਤਾ ਗਿਆ ਹੈ ਅਤੇ ਕਿਸੇ ਵੀ ਵਿਅਕਤੀ ਦੀ ਕੋਈ ਨਾਗਰਿਕਤਾ ਨਹੀਂ ਖੋਹੀ ਜਾਵੇਗੀ ਜਿਵੇਂ ਕਿ ਕਾਂਗਰਸ ਗੁੰਮਰਾਹ ਕਰ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਜਪਾ ਦੇ ਆਗੂ ਦੇਸ਼ ਭਰ 'ਚ 1 ਲੱਖ ਤੋਂ ਵੱਧ ਮੀਟਿੰਗਾਂ ਦਾ ਆਯੋਜਨ ਕਰਨਗੇ ਅਤੇ ਲੋਕਾਂ ਨੂੰ ਇਸ ਕਾਨੂੰਨ ਸਬੰਧੀ ਜਾਣਕਾਰੀ ਦੇਣਗੇ। ਇਹ ਕਾਨੂੰਨ ਨਾਗਰਿਕਤਾ ਦੇਣ ਦਾ ਕੰਮ ਕਰੇਗਾ ਨਾਂ ਕਿ ਖੋਹਣ ਦਾ। ਕਾਂਗਰਸ ਇਸ ਕਾਨੂੰਨ ਨੂੰ ਲੈ ਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੀ ਹੈ ਅਤੇ ਮੋਦੀ ਸਰਕਾਰ ਨੂੰ ਬਦਨਾਮ ਕਰਨ ਲਈ ਇਸ ਕਾਨੂੰਨ ਦਾ ਗਲਤ ਪ੍ਰਚਾਰ ਵੀ ਕਰ ਰਹੀ ਹੈ, ਜਿਸ ਕਾਰਣ ਭਾਜਪਾ ਨੂੰ ਸੜਕਾਂ 'ਤੇ ਉਤਰਨਾ ਪਿਆ।


cherry

Content Editor

Related News