ਅਰਵਿੰਦ ਕੇਜਰੀਵਾਲ ਤਾਨਾਸ਼ਾਹੀ ਲੀਡਰ : ਪਰਮਿੰਦਰ ਢੀਂਡਸਾ
Sunday, Jan 20, 2019 - 11:13 PM (IST)

ਬਰਨਾਲਾ,(ਵਿਵੇਕ ਸਿੰਧਵਾਨੀ, ਰਵੀ)— ਜਿਹੜੀ ਪਾਰਟੀ ਆਪਣੇ ਵਿਧਾਇਕਾਂ ਨੂੰ ਹੀ ਸੰਭਾਲ ਕੇ ਨਹੀਂ ਰੱਖ ਸਕਦੀ। ਉਹ ਪੰਜਾਬ ਦਾ ਕੀ ਭਲਾ ਕਰੇਗੀ। ਇਹ ਸ਼ਬਦ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਪਿੰਡ ਠੀਕਰੀਵਾਲ 'ਚ ਮਹਾਨ ਸ਼ਹੀਦ ਸੇਵਾ ਸਿੰਘ ਠੀਕਰੀਵਾਲ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ 'ਆਪ' ਦੇ ਵਿਧਾਇਕਾਂ ਨੇ ਪਾਰਟੀ ਤੋਂ ਅਸਤੀਫ਼ਾ ਦੇ ਕੇ ਆਪਣੀ ਅਲੱਗ ਤੋਂ ਪਾਰਟੀ ਬਣਾ ਲਈ ਹੈ। ਉਹ ਆਪਣੇ ਥੋੜ੍ਹੇ ਜਿਹੇ ਵਿਧਾਇਕਾਂ ਨੂੰ ਵੀ ਇਕੱਠਾ ਨਹੀਂ ਰੱਖ ਸਕਦੇ ਤਾਂ ਉਹ ਕੀ ਕਰਨਗੇ। ਅਰਵਿੰਦ ਕੇਜਰੀਵਾਲ ਤਾਂ ਤਾਨਾਸ਼ਾਹੀ ਲੀਡਰ ਹਨ। ਹਰ ਸਮੇਂ ਉਹ ਤਾਨਾਸ਼ਾਹੀ ਰਵੱਈਆ ਅਪਣਾਉਂਦੇ ਹਨ। ਕਿਸੇ ਵੀ ਮਾਮਲੇ 'ਚ ਉਹ ਕਿਸੇ ਦੀ ਕੋਈ ਸਲਾਹ ਨਹੀਂ ਲੈਂਦੇ। ਆਪਣੀ ਮਰਜ਼ੀ ਨਾਲ ਹੀ ਉਹ ਪਾਰਟੀ ਵਰਕਰਾਂ 'ਤੇ ਆਪਣੀ ਚਲਾਉਂਦੇ ਹਨ। ਪੰਜਾਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਸਬੰਧੀ ਪੁੱਛਣ 'ਤੇ ਉਨ੍ਹਾਂ ਕਿਹਾ ਕਿ ਅਕਾਲੀ ਦਲ ਇਸ ਲਈ ਜ਼ਿੰਮੇਵਾਰ ਨਹੀਂ, ਵਿਰੋਧੀ ਪਾਰਟੀਆਂ ਵੱਲੋਂ ਇਹ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਹੈ। ਅਕਾਲੀ ਦਲ ਨੇ ਹਮੇਸ਼ਾ ਹੀ ਸਿੱਖ ਪੰਥ ਦੀ ਖਾਤਰ ਲੜਾਈ ਲੜੀ ਹੈ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਮੁੱਖ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ, ਨਗਰ ਕੌਂਸਲ ਦੇ ਪ੍ਰਧਾਨ ਸੰਜੀਵ ਸ਼ੋਰੀ, ਜ਼ਿਲਾ ਅਕਾਲੀ ਦਲ ਦਿਹਾਤੀ ਦੇ ਪ੍ਰਧਾਨ ਅਤੇ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ, ਜ਼ਿਲਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਐਡਵੋਕੇਟ ਰੁਪਿੰਦਰ ਸੰਧੂ ਵੀ ਹਾਜ਼ਰ ਸਨ।