ਪੰਜਾਬ ਪੁਲਸ ਦੀ AGTF ਵੱਲੋਂ ਸੋਨੂੰ ਖੱਤਰੀ ਗੈਂਗ ਦਾ ਇਕ ਹੋਰ ਮੈਂਬਰ ਜਲੰਧਰ ਤੋਂ ਗ੍ਰਿਫ਼ਤਾਰ

Wednesday, Sep 13, 2023 - 03:54 AM (IST)

ਚੰਡੀਗੜ੍ਹ (ਬਿਊਰੋ) : ਪੰਜਾਬ ਪੁਲਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ) ਨੇ ਗੈਂਗਸਟਰ ਸੋਨੂੰ ਖੱਤਰੀ ਗਿਰੋਹ ਦੇ ਇਕ ਹੋਰ ਮੈਂਬਰ ਨੂੰ ਜਲੰਧਰ ਤੋਂ ਗ੍ਰਿਫ਼ਤਾਰ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਇਰੈਕਟਰ ਜਨਰਲ ਆਫ਼ ਪੁਲਸ (ਡੀਜੀਪੀ) ਪੰਜਾਬ ਗੌਰਵ ਯਾਦਵ ਦੱਸਿਆ ਕਿ ਫੜੇ ਗਏ ਮੁਲਜ਼ਮ ਦੀ ਪਛਾਣ ਸਾਜਨ ਗਿੱਲ ਉਰਫ ਗੱਬਰ ਵਾਸੀ ਫਤਿਹ ਨੰਗਲ ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ, ਜੋ ਮੌਜੂਦਾ ਸਮੇਂ ਜਲੰਧਰ ਦੀ ਖਾਂਬਰਾ ਕਾਲੋਨੀ ਵਿੱਚ ਰਹਿੰਦਾ ਹੈ।

ਇਹ ਵੀ ਪੜ੍ਹੋ : ਵਿਜੀਲੈਂਸ ਨੇ CDPO ਦਫ਼ਤਰ 'ਚ ਤਾਇਨਾਤ ਸੁਪਰਵਾਈਜ਼ਰ ਨੂੰ 18,000 ਰੁਪਏ ਰਿਸ਼ਵਤ ਲੈਂਦਿਆਂ ਕੀਤਾ ਗ੍ਰਿਫ਼ਤਾਰ

ਇਹ ਕਾਰਵਾਈ ਏਜੀਟੀਐੱਫ ਵੱਲੋਂ ਪੈਨ ਇੰਡੀਆ ਆਪ੍ਰੇਸ਼ਨ ਤਹਿਤ ਗੈਂਗਸਟਰ ਸੋਨੂੰ ਖੱਤਰੀ ਗੈਂਗ ਦੇ 3 ਮੁੱਖ ਸ਼ੂਟਰਾਂ ਨੂੰ ਵਿਦੇਸ਼ੀ 32 ਬੋਰ ਦੇ 3 ਅਤਿ-ਆਧੁਨਿਕ ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕੀਤੇ ਜਾਣ ਦੇ 4 ਦਿਨਾਂ ਬਾਅਦ ਕੀਤੀ ਗਈ ਹੈ। ਦੋਸ਼ੀ ਸੁਖਮਨ ਬਰਾੜ ਨੂੰ ਭਾਰਤ-ਨੇਪਾਲ ਬਾਰਡਰ ਤੋਂ ਉਸ ਸਮੇਂ ਗ੍ਰਿਫ਼ਤਾਰ ਕੀਤਾ ਗਿਆ, ਜਦੋਂ ਉਹ ਨੇਪਾਲ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਦਕਿ ਬਾਕੀ 2 ਦੋਸ਼ੀਆਂ ਜਸਕਰਨ ਸਿੰਘ ਉਰਫ ਜੱਸੀ ਤੇ ਜੋਗਰਾਜ ਸਿੰਘ ਉਰਫ ਜੋਗਾ ਨੂੰ ਗੁਰੂਗ੍ਰਾਮ ਤੋਂ ਗ੍ਰਿਫ਼ਤਾਰ ਕੀਤਾ ਗਿਆ। ਗੈਂਗਸਟਰ ਸੋਨੂੰ ਖੱਤਰੀ ਅੱਤਵਾਦੀ ਹਰਵਿੰਦਰ ਰਿੰਦਾ ਦਾ ਕਰੀਬੀ ਸਾਥੀ ਹੈ।

ਇਹ ਵੀ ਪੜ੍ਹੋ : ਪੁਲਸ ਕੇਸ ਦਰਜ ਕਰਨ ਬਦਲੇ 5,000 ਰੁਪਏ ਰਿਸ਼ਵਤ ਲੈਂਦਾ ASI ਵਿਜੀਲੈਂਸ ਵੱਲੋਂ ਕਾਬੂ

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ 3 ਸ਼ੂਟਰਾਂ ਤੋਂ ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮੁਲਜ਼ਮ ਸਾਜਨ ਗਿੱਲ ਉਰਫ ਗੱਬਰ ਹਾਲ ਹੀ 'ਚ ਜ਼ੀਰਕਪੁਰ ਵਿਖੇ ਵਾਪਰੇ ਮੈਟਰੋ ਪਲਾਜ਼ਾ ਗੋਲ਼ੀ ਕਾਂਡ ਵਿੱਚ ਸ਼ਾਮਲ ਸੀ ਕਿਉਂਕਿ ਉਸ ਨੇ ਵਿਦੇਸ਼ ਅਧਾਰਤ ਹੈਂਡਲਰ ਸੋਨੂੰ ਖੱਤਰੀ ਦੇ ਨਿਰਦੇਸ਼ਾਂ ‘ਤੇ ਇਸ ਮਾਮਲੇ ਵਿੱਚ ਤਕਨੀਕੀ ਅਤੇ ਲਾਜਿਸਟਿਕ ਸਹਾਇਤਾ ਮੁਹੱਈਆ ਕਰਵਾਈ ਸੀ।

ਉਨ੍ਹਾਂ ਦੱਸਿਆ ਕਿ ਸੂਹ ਮਿਲਣ 'ਤੇ ਏਡੀਜੀਪੀ ਪ੍ਰਮੋਦ ਬਾਨ ਦੀ ਨਿਗਰਾਨੀ ਹੇਠ ਏਜੀਟੀਐੱਫ ਦੀਆਂ ਪੁਲਸ ਟੀਮਾਂ ਨੇ ਸਾਜਨ ਨੂੰ ਜਲੰਧਰ ਤੋਂ ਗ੍ਰਿਫ਼ਤਾਰ ਕਰ ਲਿਆ। ਇਸ ਆਪ੍ਰੇਸ਼ਨ ਦੀ ਅਗਵਾਈ ਕਰ ਰਹੇ ਏਆਈਜੀ ਸੰਦੀਪ ਗੋਇਲ ਨੇ ਹੋਰ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਦਾ ਪੁਰਾਣਾ ਅਪਰਾਧਿਕ ਰਿਕਾਰਡ ਹੈ, ਜਾਂਚ ਜਾਰੀ ਹੈ। ਇਸ ਸਬੰਧੀ ਥਾਣਾ ਜ਼ੀਰਕਪੁਰ ਵਿਖੇ ਮਾਮਲਾ ਪਹਿਲਾਂ ਹੀ ਦਰਜ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News