ਕੋਵਿਡ-19 ਮਹਾਮਾਰੀ ਦੌਰਾਨ ਏਅਰ ਕੰਡੀਸ਼ਨਰ ਦੀ ਵਰਤੋਂ ਸਬੰਧੀ ਅਡਵਾਇਜ਼ਰੀ ਜਾਰੀ

05/11/2020 7:01:10 PM

ਸਾਦਿਕ, (ਦੀਪਕ)— ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਲੋਂ ਕੋਵਿਡ-19 ਮਹਾਮਾਰੀ ਦੌਰਾਨ ਘਰਾਂ/ਦਫਤਰਾਂ ਅਤੇ ਹਸਪਤਾਲਾਂ ਵਿਚ ਏਅਰ ਕੰਡੀਸ਼ਨਰ ਦੀ ਵਰਤੋਂ ਸਬੰਧੀ ਅਡਵਾਇਜ਼ਰੀ ਜਾਰੀ ਕੀਤੀ ਗਈ ਹੈ। ਜਾਣਕਾਰੀ ਦਿੰਦਿਆਂ ਐੱਸ.ਐੱਮ.ਓ. ਪੀ.ਐੱਚ.ਸੀ. ਜੰਡ ਸਾਹਿਬ ਡਾ. ਰਜੀਵ ਭੰਡਾਰੀ ਅਤੇ ਮਾਸ ਮੀਡੀਆ ਅਫਸਰ ਡਾ. ਪ੍ਰਭਦੀਪ ਸਿੰਘ ਚਾਵਲਾ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਪਿਛਲੇ ਕੁਝ ਹਫਤਿਆਂ ਤੋਂ ਗਰਮੀ ਦੇ ਮੌਸਮ ਦੀ ਸ਼ੁਰੂਆਤ ਹੋਣ ਦੇ ਚੱਲਦੇ ਏਅਰ ਕੰਡੀਸ਼ਨਰਾਂ/ ਕੂਲਰਾਂ ਦਾ ਕੋਵਿਡ-19 ਦੇ ਮੱਦੇਨਜ਼ਰ ਸੁਰੱਖਿਅਤ ਢੰਗ ਨਾਲ ਵਰਤੋਂ ਕਰਨ ਸਬੰਧੀ ਕੁਝ ਪੱਖ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਏਅਰ ਕੰਡੀਸ਼ਨਰ ਇਕ ਕਮਰੇ ਵਿਚਲੀ ਹਵਾ ਨੂੰ ਘੁੰਮਾ ਕੇ (ਰੀ-ਸਰਕੁਲੇਟ) ਦੁਬਾਰਾ ਠੰਡਾ ਕਰਨ ਦੇ ਨਿਯਮ 'ਤੇ ਕੰਮ ਕਰਦਾ ਹੈ ਅਤੇ ਮੌਜੂਦਾ ਕੋਵਿਡ-19 ਦੀ ਸਥਿਤੀ ਵਿਚ ਏਅਰ ਕੰਡੀਸ਼ਨਰ ਦੀ ਵੱਡੇ ਸਥਾਨਾਂ ਜਿਵੇਂ ਕਿ ਸ਼ਾਪਿੰਗ ਮਾਲ, ਦਫਤਰ, ਹਸਪਤਾਲ ਆਦਿ ਵਿਚ ਵਰਤੋਂ ਦੇ ਨਾਲ ਲੋਕਾਂ ਨੂੰ ਖਤਰਾ ਹੋ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਇਸ ਦੇ ਚੱਲਦੇ ਸੂਬੇ ਵਲੋਂ ਅਜਿਹੀਆਂ ਸ਼ੰਕਾਵਾਂ ਨੂੰ ਦੂਰ ਕਰਨ ਲਈ ਏਅਰ ਕੰਡੀਸ਼ਨਰ/ ਕੂਲਰਾਂ ਦੀ ਵੱਖ-ਵੱਖ ਥਾਵਾਂ 'ਤੇ ਵਰਤੋਂ ਸਬੰਧੀ ਨਿਰਦੇਸ਼ ਜਾਰੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਵੱਖ-ਵੱਖ ਥਾਵਾਂ 'ਤੇ ਏ.ਸੀ. ਦੀ ਵਰਤੋਂ ਕਰਨ ਸਬੰਧੀ ਜ਼ਰੂਰੀ ਸਲਾਹਾਂ / ਨਿਰਦੇਸ਼ ਤਹਿਤ ਘਰੇਲੂ ਥਾਵਾਂ ਵਿਚ ਏਅਰ ਕੰਡੀਸ਼ਨਰ ਦੁਆਰਾ ਕਮਰੇ ਵਿਚ ਵਾਰ-ਵਾਰ ਘੁੰਮਣ ਵਾਲੀ ਹਵਾ ਵਿਚ ਬਾਹਰੀ ਤਾਜ਼ੀ ਹਵਾ ਦਾ ਮੇਲ ਜ਼ਰੂਰੀ ਹੈ, ਜਿਸ ਲਈ ਖਿੜਕੀ ਨੂੰ ਥੋੜਾ ਜਿਹਾ ਖੋਲ ਕੇ ਰੱਖਿਆ ਜਾ ਸਕਦਾ ਹੈ ਤਾਂ ਜੋ ਕੁਦਰਤੀ ਹਵਾ ਕਮਰੇ ਵਿਚ ਦਾਖਲ ਹੋ ਸਕੇ । ਸਿਰਫ ਖਿੜਕੀਆਂ ਖੋਲਣ ਦੀ ਜਗ੍ਹਾ 'ਤੇ ਜੇਕਰ ਵੈਂਟੀਲੇਸ਼ਨ ਵਾਲਾ ਮਕੈਨੀਕਲ ਵੈਂਟੀਲੇਸ਼ਨ ਸਿਸਟਮਜ਼ ਅਤੇ ਏਅਰ ਕੰਡੀਸ਼ਨਿੰਗ ਸਿਸਟਮਜ਼ ਹੋਵੇ ਤਾਂ ਜ਼ਿਆਦਾ ਬਿਹਤਰ ਤਰੀਕੇ ਨਾਲ ਬਾਹਰੀ ਹਵਾ ਨੂੰ ਫਿਲਟਰ ਕਰ ਕੇ ਅੰਦਰੂਨੀ ਹਵਾ ਦੀ ਗੁਣਵੱਤਾ ਵਿਚ ਸੁਧਾਰ ਲਿਆਇਆ ਜਾ ਸਕਦਾ ਹੈ। ਸਿਹਤ ਸੰਸਥਾਵਾਂ ਵਿਚ ਖ਼ਾਸ ਤੌਰ 'ਤੇ ਕੋਵਿਡ-19 ਵਾਰਡਾਂ ਜਾਂ ਆਈਸੋਲੇਸ਼ਨ ਸੈਂਟਰਾਂ ਵਿਚ ਸੰਕਰਮਣ ਫ਼ੈਲਣ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ। ਇਸ ਲਈ ਸਲਾਹ ਦਿੱਤੀ ਜਾਂਦੀ ਹੈ ਕਿ ਇਨਾਂ ਖੇਤਰਾਂ ਵਿਚ ਬਾਕੀ ਸਾਰੇ ਹਸਪਤਾਲ ਜਾਂ ਬਿਲਡਿੰਗ ਨਾਲੋਂ ਏਅਰ ਕੰਡੀਸ਼ਨਿੰਗ ਸਿਸਟਮ ਵੱਖਰਾ ਹੋਵੇ ਤਾਂ ਜੋ ਸੰਭਾਵਿਤ ਸੰਕ੍ਰਮਿਤ ਹਵਾ ਜਾਂ ਛਿੱਟਿਆਂ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਡਾ.ਰਜਿੰਦਰ ਨੇ ਦੱਸਿਆ ਕਿ ਐਗਜ਼ਾਸਟ ਸਿਸਟਮ ਵਿਚ ਐਕਟਿਵ ਵਾਇਰਲ ਪਾਰਟੀਕਲ ਮੌਜੂਦ ਹੋਣ ਦੀ ਸੰਭਾਵਨਾ ਦੇ ਚੱਲਦੇ ਇਹ ਸਿਫਾਰਿਸ਼ ਕੀਤੀ ਜਾਂਦੀ ਹੈ ਕਿ ਐਗਜ਼ਾਸਟ ਸਿਸਟਮ ਦੀ ਮੈਂਟੀਨੈਂਸ ਦੇ ਸਮੇਂ ਉਪਯੁਕਤ ਨਿੱਜੀ ਅਤੇ ਵਾਤਾਵਰਣ ਸੁਰੱਖਿਆ ਨਿਯਮਾਂਵਲੀ ਦੀ ਪਾਲਣਾ ਕੀਤੀ ਜਾਵੇ। ਉਨ੍ਹਾਂ ਫੀਲਡ ਸਟਾਫ ਨੂੰ ਇਨ੍ਹਾਂ ਅਡਵਾਇਜ਼ੀਰੀਆਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਦੀ ਅਪੀਲ ਵੀ ਕੀਤੀ।


KamalJeet Singh

Content Editor

Related News