ਪਰਾਲੀ ਨੂੰ ਅੱਗ ਲਗਾਉਂਦੇ ਸਮੇਂ ਆਏ ਪ੍ਰਸ਼ਾਸਨਿਕ ਅਧਿਕਾਰੀ, ਕਾਰਵਾਈ ਦੇ ਡਰੋਂ ਕਿਸਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ
Tuesday, Nov 21, 2023 - 06:37 PM (IST)
ਭਗਤਾ ਭਾਈਕਾ (ਢਿੱਲੋਂ)- ਪਿੰਡ ਕੋਠਾ ਗੁਰੂ ਦੇ ਵਸਨੀਕ ਗੁਰਦੀਪ ਸਿੰਘ (35) ਪੁੱਤਰ ਸੁਖਦੇਵ ਸਿੰਘ ਔਜਲਾ ਵੱਲੋਂ ਆਪਣੇ ਘਰ ਅੰਦਰ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਿਕ ਪਿੰਡ ਤੋਂ ਭਾਕਿਯੂ ਏਕਤਾ ਉਗਰਾਹਾਂ ਦੇ ਬਲਾਕ ਭਗਤਾ ਪ੍ਰਧਾਨ ਜਸਪਾਲ ਸਿੰਘ ਕੋਠਾਗੁਰੂ ਅਤੇ ਭਾਕਿਯੂ ਕ੍ਰਾਂਤੀਕਾਰੀ ਪੰਜਾਬ ਦੇ ਜ਼ਿਲ੍ਹਾ ਮੀਤ ਪ੍ਰਧਾਨ ਬੂਟਾ ਬਾਜਵਾ ਕੋਠਾਗੁਰੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੌਜਵਾਨ ਕਿਸਾਨ ਗੁਰਦੀਪ ਸਿੰਘ ਕੋਲ ਕਰੀਬ 6 ਕਨਾਲਾਂ ਜ਼ਮੀਨ ਹੈ, ਜਿਸ ਚ ਉਸਨੇ ਝੋਨੇ ਦੀ ਫ਼ਸਲ ਬੀਜੀ ਹੋਈ ਸੀ ਤੇ ਫ਼ਸਲ ਦੀ ਕਟਾਈ ਮਗਰੋਂ ਰਹਿੰਦ-ਖੂੰਹਦ ਵਜੋਂ ਬਚੀ ਹੋਈ ਪਰਾਲੀ ਨੂੰ ਬੀਤੇ ਸ਼ਾਮ ਆਪਣੇ ਖੇਤ ਵਿੱਚ ਅੱਗ ਲਗਾ ਰਿਹਾ ਸੀ।
ਇਹ ਵੀ ਪੜ੍ਹੋ- ਪਰਾਲੀ ਨੂੰ ਅੱਗ ਲਗਾਉਣ ਵਾਲਿਆਂ ਖ਼ਿਲਾਫ਼ ਪੁਲਸ ਨੇ ਦਿਖਾਈ ਸਖ਼ਤੀ, 6 ਖ਼ਿਲਾਫ਼ ਕੀਤਾ ਮਾਮਲਾ ਦਰਜ
ਇਸ ਦੌਰਾਨ ਮੌਕੇ 'ਤੇ ਪ੍ਰਸ਼ਾਸਨਿਕ ਅਧਿਕਾਰੀ ਪਹੁੰਚ ਗਏ, ਜਿਨ੍ਹਾਂ ਨੂੰ ਦੇਖ ਕੇ ਘਬਰਾਹਟ ਵਿਚ ਆ ਕੇ ਜਗਦੀਪ ਸਿੰਘ ਨੇ ਕਿਸੇ ਪ੍ਰਕਾਰ ਦੀ ਕਾਨੂੰਨੀ ਕਾਰਵਾਈ ਹੋਣ ਦੇ ਡਰੋਂ ਖ਼ੁਦਖੁਸ਼ੀ ਕਰ ਲਈ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਨੂੰ ਘਟਨਾ ਦਾ ਸਵੇਰੇ ਪਤਾ ਚੱਲਿਆ ਜਦ ਗੁਰਦੀਪ ਸਿੰਘ ਦੀ ਮ੍ਰਿਤਕ ਦੇਹ ਛੱਤ ਵਾਲੇ ਪੱਖੇ ਨਾਲ ਲਟਕ ਰਹੀ ਸੀ। ਮੌਕੇ 'ਤੇ ਪਰਿਵਾਰਿਕ ਮੈਂਬਰਾਂ ਵੱਲੋਂ ਰੌਲਾ ਪਾਉਣ ਉਪਰੰਤ ਪਿੰਡ ਵਾਸੀ ਇਕੱਠੇ ਹੋ ਗਏ ਤੇ ਬਾਅਦ ਵਿੱਚ ਸਥਾਨਕ ਪੁਲਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ। ਇਸ ਮੌਕੇ ਕਿਸਾਨ ਆਗੂਆਂ ਨੇ ਦੱਸਿਆ ਕਿ ਘਟਨਾ ਉਪਰੰਤ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮ੍ਰਿਤਕ ਕਿਸਾਨ ਦੇ ਪੀੜਤ ਪਰਿਵਾਰ ਲਈ ਯੋਗ ਮੁਆਵਜ਼ੇ ਸਮੇਤ ਹੋਰ ਵੀ ਸਹੂਲਤਾਂ ਲਈ ਗੱਲਬਾਤ ਚੱਲ ਰਹੀ ਹੈ। ਕਾਫੀ ਜੱਦੋ-ਜਹਿਦ ਮਗਰੋਂ ਪ੍ਰਸ਼ਾਸਨਨਿਕ ਅਧਿਕਾਰੀਆਂ ਨਾਲ ਸਹਿਮਤੀ ਬਣੀ ਜਿਸ 'ਚ ਸੰਬੰਧਿਤ ਵਿਭਾਗ ਵੱਲੋਂ ਪੀੜਤ ਪਰਿਵਾਰ ਨੂੰ 2 ਲੱਖ ਰੁਪਏ ਦੀ ਰਾਸ਼ੀ, ਮ੍ਰਿਤਕ ਕਿਸਾਨ ਦੀ ਪਤਨੀ ਨੂੰ ਵਿਧਵਾ ਪੈਨਸ਼ਨ ਸਮੇਤ ਬੱਚੀ ਦੀ ਪੜ੍ਹਾਈ ਦਾ ਸਾਰਾ ਖ਼ਰਚਾ ਸਰਕਾਰ ਵੱਲੋਂ ਚੁੱਕੇ ਜਾਣ ਸਮੇਤ ਹੋਰ ਵੀ ਬਣਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ।
ਇਹ ਵੀ ਪੜ੍ਹੋ- ਸੜਕਾਂ 'ਤੇ ਛਲਾਂਗਾਂ ਮਾਰਦੇ ਸਾਂਬਰ ਨੇ ਮਾਰੀ ਕਈ ਵਾਹਨਾਂ ਨੂੰ ਟੱਕਰ, ਫੜਨ ਵਾਲਿਆਂ ਦੇ ਛੁਡਾਏ ਪਸੀਨੇ
ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਛੋਟੀ ਖੇਤੀ ਨਾਲ ਸਬੰਧਿਤ ਕਿਸਾਨਾਂ ਕੋਲ ਇੰਨੇ ਮਹਿੰਗੇ ਸੰਦ ਲਿਆਉਣ ਲਈ ਬਜਟ ਨਹੀਂ ਹੁੰਦਾ ਤੇ ਉਨ੍ਹਾਂ ਕੋਲ ਪਰਾਲੀ ਨੂੰ ਅੱਗ ਲਗਾਉਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕ ਕਿਸਾਨ ਆਪਣੇ ਪਿੱਛੇ ਆਪਣੀ ਮਾਂ, ਪਤਨੀ ਤੇ ਇਕ ਮਾਸੂਮ ਧੀ ਨੂੰ ਰੋਂਦਿਆਂ ਵਿਲਕਦਿਆਂ ਛੱਡ ਗਿਆ ਹੈ, ਜਿਸ ਕਾਰਨ ਪੂਰੇ ਪਿੰਡ 'ਚ ਮਾਤਮ ਪਸਰਿਆ ਹੋਇਆ ਹੈ। ਉੱਥੇ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਚੱਲੀ ਮੀਟਿੰਗ ਉਪਰੰਤ ਮ੍ਰਿਤਕ ਕਿਸਾਨ ਗੁਰਦੀਪ ਸਿੰਘ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਲਈ ਭੇਜ ਦਿੱਤਾ ਗਿਆ ਸੀ ਅਤੇ ਪ੍ਰਸ਼ਾਸਨ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8