ਰੁਜ਼ਗਾਰ ਦੀ ਮੰਗ ਨੂੰ ਲੈ ਕੇ ਟੈਂਕੀ ’ਤੇ ਚੜ੍ਹੇ ਮਨੀਸ਼ ਨਾਲ ‘ਆਪ’ ਵਿਧਾਇਕ ਹੇਅਰ ਨੇ ਕੀਤੀ ਮੁਲਾਕਾਤ

Saturday, Oct 23, 2021 - 10:44 PM (IST)

ਰੁਜ਼ਗਾਰ ਦੀ ਮੰਗ ਨੂੰ ਲੈ ਕੇ ਟੈਂਕੀ ’ਤੇ ਚੜ੍ਹੇ ਮਨੀਸ਼ ਨਾਲ ‘ਆਪ’ ਵਿਧਾਇਕ ਹੇਅਰ ਨੇ ਕੀਤੀ ਮੁਲਾਕਾਤ

ਸੰਗਰੂਰ (ਵਿਜੈ ਕੁਮਾਰ ਸਿੰਗਲਾ)-ਰੁਜ਼ਗਾਰ ਮੰਗਦੇ ਬੇਰੋਜ਼ਗਾਰ ਅਧਿਆਪਕ ਮਨੀਸ਼ ਕੁਮਾਰ ਨੂੰ ਹੌਸਲਾ ਦੇਣ ਅਤੇ ਸੰਘਰਸ਼ ਦੀ ਹਮਾਇਤ ਕਰਨ ਲਈ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਯੂਥ ਵਿੰਗ ਦੇ ਸੂਬਾ ਪ੍ਰਧਾਨ ਗੁਰਮੀਤ ਸਿੰਘ ਮੀਤ ਹੇਅਰ ਆਪਣੇ ਸਾਥੀਆਂ ਸਮੇਤ ਸਥਾਨਕ ਸਿਵਲ ਹਸਪਤਾਲ ਦੀ ਟੈਂਕੀ ਉਪਰ ਪਹੁੰਚੇ। ਉਨ੍ਹਾਂ ਟੈਂਕੀ ਉਪਰ ਮਨੀਸ਼ ਦਾ ਹਾਲ-ਚਾਲ ਜਾਣਨ ਉਪਰੰਤ ਸੂਬਾ ਸਰਕਾਰ ਉਪਰ ‌ਵਰ੍ਹਦਿਆਂ ਕਿਹਾ ਕਿ ਕਾਂਗਰਸ ਦਾ ਘਰ-ਘਰ ਰੁਜ਼ਗਾਰ ਦਾ ਚੋਣ ਵਾਅਦਾ ਦਰ-ਦਰ ਠੋਕਰਾਂ ਸਾਬਿਤ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਜਿਸ ਸੂਬੇ ਦਾ ਅਧਿਆਪਕ ਵਰਗ ਸੜਕਾਂ ਉੱਤੇ ਰੁਲ ਰਿਹਾ ਹੋਵੇ, ਉਥੋਂ ਦੀ ਸਰਕਾਰ ਦੇ ਕਿਰਦਾਰ ਦਾ ਸਹਿਜੇ ਹੀ ਪਤਾ ਲੱਗ ਸਕਦਾ ਹੈ। ਉਨ੍ਹਾਂ ‘ਆਪ’ ਦੀ ਸਰਕਾਰ ਬਣਨ ਉਪਰੰਤ ਬੇਰੋਜ਼ਗਾਰ ਅਧਿਆਪਕਾਂ ਨੂੰ ਬਣਦਾ ਮਾਣ-ਸਤਿਕਾਰ ਦੇਣ ਦੀ ਗੱਲ ਕਹੀ। ਉਨ੍ਹਾਂ ਪਾਣੀ ਵਾਲੀ ਟੈਂਕੀ ਤੋਂ ਸਮੂਹ ਪੰਜਾਬੀਆਂ ਨੂੰ ਅਪੀਲ ਕਰਦਿਆਂ ਬੇਰੋਜ਼ਗਾਰ ਅਧਿਆਪਕਾਂ ਦੇ ਸੰਘਰਸ਼ ’ਚ ਸਾਥ ਦੇਣ ਦੀ ਅਪੀਲ ਕੀਤੀ।

ਇਸ ਮੌਕੇ ਉਨ੍ਹਾਂ ਨਾਲ ਜਲਾਲਾਬਾਦ ਤੋਂ ਪਹੁੰਚੇ ‘ਆਪ’ ਦੇ ਹਲਕਾ ਇੰਚਾਰਜ ਗੋਲਡੀ ਕੰਬੋਜ ਨੇ ਆਪਣੇ ਹਲਕੇ ਦੇ ਬੇਰੋਜ਼ਗਾਰ ਮਨੀਸ਼ ਦੀ ਹਰ ਸੰਭਵ ਸਹਾਇਤਾ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਸਰਪੰਚ ਗੁਰਮੇਲ ਸਿੰਘ ਘਰਾਚੋਂ, ਬੇਰੋਜ਼ਗਾਰ ਵਰਕਰਾਂ ’ਚੋਂ ਕਿਰਨ ਈਸੜਾ, ਮਲਿਕਪ੍ਰੀਤ ਕੌਰ, ਗੁਰਪ੍ਰੀਤ ਕੌਰ, ਹਰਦੀਪ ਕੌਰ, ਹਰਪ੍ਰੀਤ ਸੰਗਰੂਰ, ਸੁਨੀਲ ਫ਼ਾਜ਼ਿਲਕਾ, ਦਵਿੰਦਰ ਫ਼ਾਜ਼ਿਲਕਾ, ਗੁਰਵੀਰ ਮੰਗਵਾਲ, ਹਰਮੇਸ ਥਲੇਸਾਂ, ਸੰਦੀਪ, ਸੁਖਵੀਰ, ਹਰਪ੍ਰੀਤ ਫਿਰੋਜ਼ਪੁਰ ਆਦਿ ਸਾਥੀ ਹਾਜ਼ਰ ਸਨ।
 


author

Manoj

Content Editor

Related News